ਸ੍ਰੀ ਅਨੰਦਪੁਰ ਸਾਹਿਬ, 5 ਜੂਨ (ਜੇ. ਐਸ. ਨਿੱਕੂਵਾਲ)- ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਅਤੇ ਪਦਮਸ੍ਰੀ ਜਤਿੰਦਰ ਸਿੰਘ ਸ਼ੰਟੀ 7 ਜੂਨ ਦਿਨ ਐਤਵਾਰ ਨੂੰ ਸ੍ਰੀ ਅਨੰਦਪੁਰ ਸਾਹਿਬ ਅਤੇ ਨੰਗਲ ਵਿਖੇ ਦੌਰਾ ਕਰਨਗੇ | ਇਸ ਦੌਰਾਨ ਉਹ ਸਵੇਰੇ 11 ਵਜੇ ਤੋਂ 12.30 ਵਜੇ ਤੱਕ ਸ੍ਰੀ ਅਨੰਦਪੁਰ ਸਾਹਿਬ ਤੇ ਦੁਪਹਿਰ 3 ਵਜੇ ਤੋਂ 4.30 ਵਜੇ ਤੱਕ ਨੰਗਲ ਵਿਖੇ ਆਮ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਹਾਜ਼ਰ ਰਹਿਣਗੇ | ਇਸ ਦੌਰੇ ਦਾ ਮੁੱਖ ਮਕਸਦ ਆਮ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਸਿੱਧੇ ਤੌਰ 'ਤੇ ਸੁਣਨਾ ਤੇ ਮਨੁੱਖੀ ਅਧਿਕਾਰਾਂ ਨਾਲ ਜੁੜੇ ਮਾਮਲਿਆਂ 'ਤੇ ਜਾਗਰੂਕਤਾ ਫੈਲਾਉਣਾ ਹੈ | ਕਮਿਸ਼ਨ ਵੱਲੋਂ ਇਹ ਉਪਰਾਲਾ ਲੋਕਾਂ ਤੱਕ ਨਿਆਂ ਦੀ ਪਹੁੰਚ ਨੂੰ ਹੋਰ ਮਜ਼ਬੂਤ ਕਰਨ ਲਈ ਕੀਤਾ ਜਾ ਰਿਹਾ ਹੈ | ਇਸ ਮੌਕੇ ਇਲਾਕੇ ਦੇ ਸਮੂਹ ਐਨ.ਜੀ.ਓਜ਼, ਜਨ ਪ੍ਰਤੀਨਿਧੀ, ਸਮਾਜ ਸੇਵੀ ਸੰਗਠਨਾਂ ਦੇ ਆਗੂ, ਪੰਚ ਤੇ ਸਰਪੰਚ ਵੀ ਮੌਜੂਦ ਰਹਿਣਗੇ | ਉਹ ਵੀ ਇਸ ਲੋਕ ਸੁਣਵਾਈ ਪ੍ਰਕਿਰਿਆ 'ਚ ਹਿੱਸਾ ਲੈ ਕੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਸਹਿਯੋਗ ਦੇਣਗੇ, ਇਸ ਨਾਲ ਸਮਾਜ ਦੇ ਵੱਖ-ਵੱਖ ਵਰਗਾਂ 'ਚ ਸਾਂਝ ਤੇ ਸਹਿਕਾਰਤਾ ਨੂੰ ਵੀ ਮਜ਼ਬੂਤੀ ਮਿਲੇਗੀ |