ਨੂਰਪੁਰ ਬੇਦੀ, 8 ਜੂਨ (ਵਿੰਦਰਪਾਲ ਝਾਂਡੀਆਂ)- ਅਖਿਲ ਭਾਰਤੀ ਗੁੱਜਰ ਮਹਾਂਸਭਾ ਦੇ ਪੰਜਾਬ ਪ੍ਰਧਾਨ ਤੇ ਡਾਇਰੈਕਟਰ ਚੌਧਰੀ ਕਮਲ ਚੌਹਾਨ ਟੇਡੇਵਾਲ ਨੇ ਗੁੱਜਰ ਸਮਾਜ ਦੇ ਸੀਨੀਅਰ ਆਗੂ ਚੌਧਰੀ ਹੁਸਨ ਚੌਹਾਨ ਨਾਲ ਨੂਰਪੁਰ ਬੇਦੀ ਵਿਖੇ ਵਿਸ਼ੇਸ਼ ਮੁਲਾਕਾਤ ਕਰਕੇ ਸਮਾਜ ਨਾਲ ਜੁੜੇ ਵੱਖ-ਵੱਖ ਮੁੱਦਿਆਂ 'ਤੇ ਵਿਸਥਾਰ ਪੂਰਵਕ ਚਰਚਾ ਕੀਤੀ | ਇਸ ਦੌਰਾਨ ਦੋਵਾਂ ਆਗੂਆਂ ਨੇ ਗੁੱਜਰ ਭਾਈਚਾਰੇ ਦੀ ਸਮਾਜਿਕ, ਧਾਰਮਿਕ ਤੇ ਰਾਜਨੀਤਿਕ ਸਥਿਤੀ ਸਬੰਧੀ ਵਿਚਾਰ-ਵਟਾਂਦਰਾ ਕੀਤਾ ਤੇ ਸਮਾਜ ਦੀ ਤਰੱਕੀ ਲਈ ਇਕਜੁੱਟ ਹੋ ਕੇ ਕੰਮ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ | ਮੀਟਿੰਗ ਦੌਰਾਨ ਚੌਧਰੀ ਕਮਲ ਚੌਹਾਨ ਟੇਡੇਵਾਲ ਨੇ ਕਿਹਾ ਕਿ ਗੁੱਜਰ ਸਮਾਜ ਨੇ ਹਮੇਸ਼ਾ ਦੇਸ਼ ਤੇ ਸਮਾਜ ਦੀ ਤਰੱਕੀ ਵਿਚ ਅਹਿਮ ਯੋਗਦਾਨ ਪਾਇਆ ਹੈ | ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਗੁੱਜਰ ਸਮਾਜ ਨੂੰ ਰਾਜਨੀਤਿਕ ਖੇਤਰ 'ਚ ਉਹ ਯੋਗ ਪ੍ਰਤੀਨਿਧਤਾ ਤੇ ਮਾਣ-ਸਨਮਾਨ ਨਹੀਂ ਮਿਲਿਆ ਜਿਸ ਦਾ ਉਹ ਹੱਕਦਾਰ ਹੈ | ਸਮਾਜ ਦੇ ਲੋਕਾਂ ਨੂੰ ਆਪਸੀ ਮਤਭੇਦ ਭੁਲਾ ਕੇ ਏਕਤਾ ਦਾ ਪ੍ਰਦਰਸ਼ਨ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਰਾਜਨੀਤਿਕ ਹਿੱਸੇਦਾਰੀ ਲਈ ਗੁੱਜਰ ਸਮਾਜ ਹਮੇਸ਼ਾ ਹੀ ਯਤਨਸ਼ੀਲ ਰਹੇਗਾ | ਦੋਵਾਂ ਆਗੂਆਂ ਨੇ ਇਲਾਕੇ ਦੀਆਂ ਵੱਖ-ਵੱਖ ਸਮੱਸਿਆਵਾਂ, ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ, ਸਿੱਖਿਆ ਦੇ ਪ੍ਰਸਾਰ ਤੇ ਸਮਾਜਿਕ ਵਿਕਾਸ ਨਾਲ ਸਬੰਧਤ ਮਸਲਿਆਂ 'ਤੇ ਵੀ ਗੰਭੀਰ ਚਰਚਾ ਕੀਤੀ | ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਸਮਾਜ ਦੀ ਏਕਤਾ ਤੇ ਸਾਂਝੇ ਯਤਨਾਂ ਨਾਲ ਗੁੱਜਰ ਭਾਈਚਾਰਾ ਆਉਣ ਵਾਲੇ ਸਮੇਂ ਵਿਚ ਹੋਰ ਮਜ਼ਬੂਤ ਤੇ ਪ੍ਰਭਾਵਸ਼ਾਲੀ ਬਣੇਗਾ | ਇਸ ਮੌਕੇ ਠੇਕੇਦਾਰ ਰਾਕੇਸ਼ ਗੋਰਸੀ ਜਤੋਲੀ, ਨਰਿੰਦਰ ਰੂੜੇਵਾਲ, ਓਾਕਾਰ ਚੌਹਾਨ ਟੇਡੇਵਾਲ, ਡਿੰਪੀ ਚੌਧਰੀ ਆਦਿ ਹਾਜ਼ਰ ਸਨ |