ਸ੍ਰੀ ਅਨੰਦਪੁਰ ਸਾਹਿਬ, 12 ਜੂਨ (ਕਰਨੈਲ ਸਿੰਘ)-ਇੱਥੋਂ ਨੇੜਲੇ ਪਿੰਡ ਬਲੋਲੀ ਨਿਵਾਸੀ ਬਾਬੂ ਰਾਮ ਪੁੱਤਰ ਭਾਗੂ ਰਾਮ ਅਤੇ ਕਸਮੀਰ ਕੌਰ ਪਤਨੀ ਬਾਬੂ ਰਾਮ ਨੇ ਸਥਾਨਕ ਪ੍ਰੈਸ ਭਵਨ ਵਿਖੇ ਪੱਤਰਕਾਰਾਂ ਨੂੰ ਆਪਣੀ ਦੁੱਖ ਭਰੀ ਦਾਸਤਾਨ ਸੁਣਾਉਂਦਿਆਂ ਕਿਹਾ ਕਿ ਉਨ੍ਹਾਂ ਦੇ ਪੁੱਤਰ ਜਸਵੀਰ ਸਿੰਘ ਦਾ ਵਿਆਹ ਪਿੰਡ ਚਹਿੜ ਮਜਾਰਾ ਨਿਵਾਸੀ ਜੋਤੀ ਦੇਵੀ ਪੁੱਤਰੀ ਤਰਲੋਕ ਸਿੰਘ ਨਾਲ 5-6 ਸਾਲ ਪਹਿਲਾ ਹੋਇਆ ਸੀ । ਉਨ੍ਹਾਂ ਦੱਸਿਆ ਕਿ ਕੁੱਝ ਸਮਾਂ ਬਤੀਤ ਹੋਣ ਬਾਅਦ ਦੋਵਾਂ ‘ਚ ਆਪਸੀ ਲੜਾਈ ਝਗੜਾ ਹੋਣ ਲੱਗਾ ਜਿਸ ‘ਤੇ ਉਨ੍ਹਾਂ ਦੀ ਨੂੰਹ ਜੋਤੀ ਦੇਵੀ ਆਪਣੇ ਪੇਕੇ ਪਰਿਵਾਰ ਕੋਲ ਚਲੀ ਗਈ ਜਿਸ ਕਰਕੇ ਜਸਵੀਰ ਸਿੰਘ ਕਾਫ਼ੀ ਸਦਮੇ ‘ਚ ਸੀ । ਉਪਰੰਤ ਜਸਵੀਰ ਸਿੰਘ ਨੇ ਉਪ ਪੁਲਿਸ ਕਪਤਾਨ ਸ੍ਰੀ ਅਨੰਦਪੁਰ ਸਾਹਿਬ ਕੋਲ ਦਰਖਾਸਤ ਦਿੱਤੀ ਹੋਈ ਸੀ । ਜਿਸ ਦੀ ਸੁਣਵਾਈ ਲਈ ਉਹ ਆਪਣੇ ਪਿੰਡ ਦੇ ਮੋਹਤਵਰਾਂ ਨਾਲ ਅਤੇ ਜਸਵੀਰ ਸਿੰਘ ਦੀ ਪਤਨੀ, ਸੁਹਰਾ, ਸੱਸ ਅਤੇ ਹੋਰ ਪਤਵੰਤੇ ਵੀ ਮੌਕੇ ‘ਤੇ ਪਹੁੰਚੇ ਹੋਏ ਸਨ । ਇਸੇ ਦੌਰਾਨ ਜਸਵੀਰ ਸਿੰਘ ਦੇ ਸੁਹਰਾ ਪਰਿਵਾਰ ਅਤੇ ਉਸ ਦੀ ਪਤਨੀ ਵੱਲੋਂ ਜਸਵੀਰ ਸਿੰਘ ਨੂੰ ਕਾਫ਼ੀ ਚੰਗਾ ਮੰਦਾ ਬੋਲਿਆ । ਰਾਜ਼ੀਨਾਮੇ ਵਾਲੀ ਵੀ ਗੱਲ ਕਿਸੇ ਸਿਰੇ ਨਹੀਂ ਲੱਗੀ । ਬਾਬੂ ਰਾਮ ਨੇ ਦੱਸਿਆ ਕਿ ਜਦੋਂ ਉਹ ਉਪ ਪੁਲਿਸ ਕਪਤਾਨ ਦੇ ਦਫ਼ਤਰ ਤੋਂ ਚੱਲਣ ਲੱਗੇ ਤਦ ਜਸਵੀਰ ਸਿੰਘ ਨੂੰ ਅਚਾਨਕ ਉਲਟੀਆਂ ਆਉਣ ਲੱਗੀਆਂ ਅਤੇ ਉਸ ਦੀ ਹਾਲਤ ਖ਼ਰਾਬ ਹੋਣ ਲੱਗੀ ਜਿਸ ‘ਤੇ ਉਹ ਜਸਵੀਰ ਸਿੰਘ ਨੂੰ ਇਲਾਜ ਲਈ ਸਥਾਨਕ ਸ੍ਰੀ ਗੁਰੂ ਤੇਗ ਬਹਾਦਰ ਮਲਟੀ ਸਪੈਸ਼ਲਿਟੀ ਹਸਪਤਾਲ ਲੈ ਆਏ । ਜਿਸ ਡਾਕਟਰਾਂ ਨੇ ਜਸਵੀਰ ਸਿੰਘ ਨੂੰ ਸਥਾਨਕ ਭਾਈ ਜੈਤਾ ਜੀ ਸਿਵਲ ਹਸਪਤਾਲ ਵਿਖੇ ਰੈਫ਼ਰ ਕਰ ਦਿੱਤਾ ਜਿੱਥੇ ਇਲਾਜ ਦੌਰਾਨ 1 ਅਗਸਤ, 2025 ਨੂੰ ਜਸਵੀਰ ਸਿੰਘ ਦੀ ਮੌਤ ਹੋ ਗਈ । ਉਨ੍ਹਾਂ ਦੋਸ਼ ਲਗਾਇਆ ਕਿ ਜਸਵੀਰ ਸਿੰਘ ਦੀ ਮੌਤ ਉਸ ਦੀ ਪਤਨੀ ਅਤੇ ਸੁਹਰਾ ਪਰਿਵਾਰ ਵੱਲੋਂ ਤੰਗ ਪ੍ਰੇਸ਼ਾਨ ਕਰਨ ਨਾਲ ਹੋਈ । ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਪੁਲਿਸ ਨੇ ਉਨ੍ਹਾਂ ਦੇ ਬਿਆਨਾਂ ਦੇ ਆਧਾਰ ‘ਤੇ ਘਟਨਾ ਦੀ ਡੀਡੀਆਰ ਹੀ ਕੱਟੀ ਅਤੇ ਕਥਿਤ ਦੋਸ਼ੀਆਂ ਖ਼ਿਲਾਫ਼ ਹਾਲੇ ਤੱਕ ਵੀ ਕੋਈ ਮੁਕੱਦਮਾ ਦਰਜ ਨਹੀਂ ਕੀਤਾ । ਉਨ੍ਹਾਂ ਕਿਹਾ ਕਿ ਉਹ ਪਿਛਲੇ ਕਰੀਬ 10 ਮਹੀਨੇ ਤੋਂ ਇਨਸਾਫ਼ ਲਈ ਦਰ-ਦਰ ਭਟਕ ਰਹੇ ਹਨ ਪਰ ਹਾਲੇ ਤੱਕ ਵੀ ਇਨਸਾਫ਼ ਨਹੀਂ ਮਿਲਿਆ । ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਸਵੀਰ ਸਿੰਘ ਨੂੰ ਮਰਨ ਲਈ ਮਜਬੂਰ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਇਨਸਾਫ਼ ਦਵਾਇਆ ਜਾਵੇ । ਇਸ ਮੌਕੇ ਉਨ੍ਹਾਂ ਦੇ ਨਾਲ ਹਰਜਿੰਦਰ ਸਿੰਘ ਅਤੇ ਗੋਪਾਲ ਚੰਦ ਵੀ ਹਾਜ਼ਰ ਸਨ । ਇਸ ਸਬੰਧੀ ਮ੍ਰਿਤਕ ਜਸਵੀਰ ਸਿੰਘ ਸੁਹਰਾ ਤਰਲੋਕ ਸਿੰਘ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਨੇ ਜਸਵੀਰ ਸਿੰਘ ਨੂੰ ਕਦੇ ਵੀ ਤੰਗ ਪ੍ਰੇਸ਼ਾਨ ਨਹੀਂ ਕੀਤਾ । ਉਨ੍ਹਾਂ ਕਿਹਾ ਕਿ ਜਸਵੀਰ ਸਿੰਘ ਨਸ਼ੇ ਕਰਦਾ ਸੀ ਜਿਸ ਕਰਕੇ ਉਨ੍ਹਾਂ ਦੀ ਲੜਕੀ ਜੋਤੀ ਦੇਵੀ ਵੀ ਕਾਫ਼ੀ ਪ੍ਰੇਸ਼ਾਨ ਸੀ । ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੀ ਲੜਕੀ ਦੇ ਸੁਹਰਾ ਪਰਿਵਾਰ ਦੀ ਕਾਫ਼ੀ ਆਰਥਿਕ ਮਦਦ ਵੀ ਕਰਦੇ ਰਹੇ ।