ਪੁਰਖਾਲੀ, 13 ਜੂਨ (ਅੰਮ੍ਰਿਤਪਾਲ ਸਿੰਘ ਬੰਟੀ)- 25 ਜੂਨ 2016 ਨੂੰ ਪੰਪੋਰ (ਜੰਮੂ ਕਸ਼ਮੀਰ) ਵਿਖੇ ਅੱਤਵਾਦੀ ਹਮਲੇ ‘ਚ ਸ਼ਹੀਦ ਹੋਏ ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਪਿੰਡ ਬੁਰਜਵਾਲਾ ਦੇ ਸੀ.ਆਰ.ਪੀ.ਐਫ. ਜਵਾਨ ਹੌਲਦਾਰ ਜਗਤਾਰ ਸਿੰਘ ਦੀ ਦੇਸ਼ ਹਿਤ ਕੁਰਬਾਨੀ ਨੂੰ ਸਰਕਾਰਾਂ ਨੇ ਵਿਸਾਰ ਰੱਖ ਦਿੱਤਾ ਹੈ, ਸ਼ਹੀਦ ਜਗਤਾਰ ਸਿੰਘ ਦੇ ਪਤਨੀ ਹਰਨੀਪ ਕੌਰ ਨੇ ਦੱਸਿਆ ਕਿ ਭਾਵੇਂ ਕਿ ਸਰਕਾਰਾਂ ਵਲੋਂ ਦੇਸ਼ ਦੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਲੈ ਕੇ ਉਨ੍ਹਾਂ ਦੀਆਂ ਸ਼ਹਾਦਤਾਂ ਨੂੰ ਜਿਉਂਦਾ ਰੱਖਣ ਲਈ ਉਨ੍ਹਾਂ ਦੀਆਂ ਯਾਦਗਾਰਾਂ ਬਣਾਉਣ ਅਤੇ ਪਰਿਵਾਰਾਂ ਦੀ ਸਾਂਭ ਸੰਭਾਲ ਰੱਖਣ ਨੂੰ ਲੈ ਕੇ ਸ਼ਹੀਦਾਂ ਦੀਆਂ ਸ਼ਹਾਦਤਾਂ ਮੌਕੇ ਵੱਡੇ ਵੱਡੇ ਦਾਅਵੇ ਤਾਂ ਕੀਤੇ ਜਾਂਦੇ ਹਨ ਪਰ ਬਾਅਦ ‘ਚ ਸਰਕਾਰਾਂ ਸ਼ਹੀਦਾਂ ਦੀਆਂ ਯਾਦਗਾਰਾਂ ਤੱਕ ਬਣਾਉਣੀਆਂ ਭੁੱਲ ਜਾਂਦੀਆਂ ਹਨ। ਉਨ੍ਹਾਂ ਦੇ ਪਤੀ ਦੀ ਕੁਰਬਾਨੀ ਨੂੰ ਵੀ ਸ਼ਾਇਦ ਦੂਸਰੀਆਂ ਸਰਕਾਰਾਂ ਵਾਂਗੂੰ ਇਸ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਭੁੱਲਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਤੀ ਦੀ ਸ਼ਹਾਦਤ ਨੂੰ ਕਰੀਬ 10 ਸਾਲ ਬੀਤ ਚੁੱਕੇ ਹਨ ਪਰ ਉਨ੍ਹਾਂ ਦੀ ਪਿੰਡ ਚ ਅਜੇ ਤੱਕ ਕੋਈ ਯਾਦਗਾਰ ਨਹੀਂ ਬਣੀ, ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਤੀ 25 ਜੂਨ 2016 ਨੂੰ ਪੰਪੋਰ ਹਮਲੇ ‘ਚ ਸ਼ਹੀਦ ਹੋ ਗਏ ਸਨ। ਉਨ੍ਹਾਂ ਦੱਸਿਆ ਕਿ ਉਹ ਸੀ.ਆਰ.ਪੀ. ਐਫ ‘ਚ ਹੌਲਦਾਰ ਰੈਂਕ ਤੇ ਡਰਾਈਵਰ ਵਜੋਂ ਸੇਵਾਵਾਂ ਨਿਭਾਅ ਰਹੇ ਸਨ ਤੇ ਬੱਸ ‘ਚ ਸੀ.ਆਰ.ਪੀ.ਐਫ. ਦੇ ਜਵਾਨਾਂ ਨੂੰ ਲੈ ਕੇ ਜਾ ਰਹੇ ਸਨ ਤਾਂ ਅੱਤਵਾਦੀਆਂ ਵਲੋਂ ਉਨ੍ਹਾਂ ਦੀ ਬੱਸ ‘ਤੇ ਗ੍ਰਨੇਡ ਨਾਲ ਹਮਲਾ ਕਰ ਦਿੱਤਾ ਸੀ ਜਿਸ ਦੌਰਾਨ ਉਨ੍ਹਾਂ ਦੇ ਪਤੀ ਸਮੇਤ ਕਈ ਜਵਾਨ ਸ਼ਹੀਦ ਹੋ ਗਏ ਸਨ। ਉਨ੍ਹਾਂ ਦੱਸਿਆ ਕਿ ਪਰ ਕੋਈ ਵੀ ਸਰਕਾਰ ਅਜੇ ਤੱਕ ਉਨ੍ਹਾਂ ਦੇ ਸ਼ਹੀਦ ਪਤੀ ਦੀ ਯਾਦਗਾਰ ਨਾ ਬਣਾ ਸਕੀ ; ਉਨ੍ਹਾਂ ਦੱਸਿਆ ਕਿ ਪੰਚਾਇਤ ਵਿਭਾਗ ਵਲੋਂ ਮੀਆਂਪੁਰ ਵਿਖੇ ਪਿੰਡ ਬੁਰਜਵਾਲਾ ਨੂੰ ਮੁੜਨ ਵਾਲੀ ਸੜਕ ‘ਤੇ ਉਨ੍ਹਾਂ ਦੇ ਪਤੀ ਦੀ ਯਾਦ ਚ ਕਰੀਬ ਡੇਢ ਸਾਲ ਪਹਿਲਾਂ ਗੇਟ ਬਣਾਉਣ ਦਾ ਕੰਮ ਸ਼ੁਰੂ ਕੀਤਾ ਸੀ ਜੋ ਕਿ ਪਿੱਲਰਾਂ ਲਈ ਸਰੀਏ ਖੜੇ ਕਰਨ ਤੱਕ ਹੀ ਸਿਮਤ ਰਹਿ ਗਿਆ ਤੇ ਸਾਰਾ ਕੰਮ ਵਿਚਾਲੇ ਛੱਡ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿੰਡ ਚ ਸ਼ੁਰੂ ਕੀਤੇ ਸਟੇਡੀਅਮ ਦਾ ਕੰਮ ਵੀ ਅਧੂਰਾ ਪਿਆ ਹੈ, ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਨਾ ਮੀਆਂਪੁਰ-ਬੱਲਮਗੜ੍ਹ ਮੰਦਵਾੜਾ ਸੜਕ ਦਾ ਨਾਮ ਉਨ੍ਹਾਂ ਦੇ ਪਤੀ ਦੇ ਨਾਮ ਤੇ ਰੱਖਿਆ ਗਿਆ ਤੇ ਨਾ ਹੀ ਪਿੰਡ ਦੇ ਸਰਕਾਰੀ ਸਕੂਲ ਦਾ ਉਨ੍ਹਾਂ ਦੱਸਿਆ ਕਿ ਕਾਂਗਰਸ ਦੀ ਸਰਕਾਰ ਸਮੇਂ ਇਸ ਸਬੰਧੀ ਮੁੱਖ ਮੰਤਰੀ ਨੂੰ ਇੱਕ ਬੇਨਤੀ ਪੱਤਰ ਵੀ ਭੇਜਿਆ ਗਿਆ ਸੀ, ਪਰ ਅਜੇ ਤੱਕ ਕਿਸੇ ਵੀ ਸਰਕਾਰ ਵਲੋਂ ਉਨ੍ਹਾਂ ਦੇ ਸ਼ਹੀਦ ਪਤੀ ਦੀ ਕੋਈ ਯਾਦਗਾਰ ਨਹੀਂ ਬਣਾਈ ਗਈ। ਉਨ੍ਹਾਂ ਮੁੱਖ ਮੰਤਰੀ ਪੰਜਾਬ, ਹਲਕਾ ਸ੍ਰੀ ਚਮਕੌਰ ਸਾਹਿਬ ਦੇ ਵਿਧਾਇਕ ਅਤੇ ਜ਼ਿਲ੍ਹਾ ਰੂਪਨਗਰ ਕੋ ਮੰਗ ਕੀਤੀ ਕਿ ਉਨ੍ਹਾਂ ਦੇ ਪਤੀ ਦੀ ਸ਼ਹਾਦਤ ਨੂੰ ਤਾਜ਼ਾ ਰੱਖਣ ਦੇ ਲਈ ਪਰਿਵਾਰ ਦੀਆਂ ਮੰਗਾਂ ਵੱਲ ਧਿਆਨ ਦਿੱਤਾ ਜਾਵੇ।
ਇਤਿਹਾਸ ਦੇ ਪੰਨਿਆਂ ’ਚ ਹੀ ਗੁਆਚ ਗਏ’ ਦੇਸ਼ ਦੀ ਖ਼ਾਤਰ ਕੁਰਬਾਨ ਹੋਣ ਵਾਲੇ
ਅਜੀਤ ਡੈਸਕ
14-06-2026