17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਬੈਂਸ ਵਿਖੇ ਸੜਕ ਬਣੀ ਛੱਪੜ, ਜ਼ਿਲ੍ਹਾ ਪ੍ਰਸ਼ਾਸਨ ਅਤੇ ਪੀ. ਡਬਲਯੂ. ਡੀ. ਵਿਭਾਗ ਕੁੰਭਕਰਨੀ ਨੀਂਦ ਸੁੱਤਾ

Ad Position 21
No active advertisement
ਅਜੀਤ ਡੈਸਕ 21-06-2026
ਨੂਰਪੁਰ ਬੇਦੀ, 20 ਜੂਨ (ਰਾਜੇਸ਼ ਚੌਧਰੀ ਤਖਤਗੜ੍ਹ)- ਬੱਸ ਅੱਡਾ ਬੈਂਸ ਤੋਂ ਤਖਤਗੜ੍ਹ ਨੂੰ ਜਾਂਦੀ ਮੁੱਖ ਸੜਕ ਦੇ ਮੋੜ ‘ਤੇ ਗੰਦੇ ਪਾਣੀ ਦੀ ਨਿਕਾਸੀ ਰੁਕਣ ਕਾਰਨ ਸੜਕ ਨੇ ਛੱਪੜ ਦਾ ਰੂਪ ਧਾਰ ਲਿਆ ਹੈ ਪਰ ਪੀ. ਡਬਲਯੂ. ਡੀ. ਵਿਭਾਗ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਸੜਕ ਉੱਪਰ ਹਰ ਸਮੇਂ ਖੜ੍ਹ ਰਹਿਣ ਵਾਲਾ ਗੰਦਾ ਪਾਣੀ ਰਾਹਗੀਰਾਂ, ਵਿਦਿਆਰਥੀਆਂ ਅਤੇ ਦੁਕਾਨਦਾਰਾਂ ਲਈ ਵੱਡੀ ਸਮੱਸਿਆ ਬਣਿਆ ਹੋਇਆ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਪੀ. ਡਬਲਯੂ. ਡੀ. ਵਿਭਾਗ ਵਲੋਂ ਗੰਦੇ ਪਾਣੀ ਦੀ ਨਿਕਾਸੀ ਲਈ ਸੜਕਾਂ ਦੇ ਕਿਨਾਰਿਆਂ ਨਾਲ ਨਾਲੇ ਤਾਂ ਬਣਾਏ ਗਏ ਸਨ ਪਰ ਇਨ੍ਹਾਂ ਨਾਲਿਆਂ ਦੀ ਢਾਲ ਸਹੀ ਨਾ ਹੋਣ ਕਾਰਨ ਪਾਣੀ ਦੀ ਨਿਕਾਸੀ ਸੁਚਾਰੂ ਢੰਗ ਨਾਲ ਨਹੀਂ ਹੋ ਰਹੀ। ਨਤੀਜੇ ਵਜੋਂ ਗੰਦਾ ਪਾਣੀ ਸੜਕ ਉੱਪਰ ਇਕੱਠਾ ਹੋ ਜਾਂਦਾ ਹੈ ਅਤੇ ਲੰਬੇ ਸਮੇਂ ਤੱਕ ਖੜ੍ਹਾ ਰਹਿੰਦਾ ਹੈ ਜੋ ਕਿ ਰਾਹਗੀਰਾਂ ਲਈ ਪਰੇਸ਼ਾਨੀ ਦਾ ਸਬੱਬ ਬਣਦਾ ਹੈ। ਭਾਵੇਂ ਇਸ ਮੋੜ ਤੇ ਪਾਣੀ ਦੀ ਨਿਕਾਸੀ ਲਈ ਕਾਫੀ ਸਮਾਂ ਪਹਿਲਾਂ ਅੰਡਰਗਰਾਊਂਡ ਪਾਈਪ ਵੀ ਵਿਛਾ ਦਿੱਤੇ ਗਏ ਹਨ ਪਰ ਉਨ੍ਹਾਂ ਨੂੰ ਨਾਲਿਆਂ ਨਾਲ ਜੋੜਨ ਲਈ ਹਾਲੇ ਤੱਕ ਵਿਭਾਗ ਨੂੰ ਸਮਾਂ ਨਹੀਂ ਮਿਲਿਆ ਜਿਸ ਕਾਰਨ ਪੀ.ਡਬਲਯੂ.ਡੀ. ਵਿਭਾਗ ਦੀ ਕਾਰਗੁਜ਼ਾਰੀ ‘ਤੇ ਸਵਾਲ ਉਠਣੇ ਲਾਜ਼ਮੀ ਹਨ। ਦੱਸਣਯੋਗ ਹੈ ਕਿ ਤਖਤਗੜ੍ਹ ਵਿਖੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅਤੇ ਪ੍ਰਾਇਮਰੀ ਸਕੂਲ ਸਥਿਤ ਹਨ। ਸਕੂਲਾਂ ਵਿਚ ਪੜ੍ਹਨ ਵਾਲੀਆਂ ਵਿਦਿਆਰਥਣਾਂ, ਛੋਟੇ ਬੱਚਿਆਂ ਤੇ ਅਧਿਆਪਕਾਂ ਨੂੰ ਰੋਜ਼ਾਨਾ ਇਸ ਗੰਦੇ ਪਾਣੀ ਵਿਚੋਂ ਲੰਘ ਕੇ ਆਪਣੇ ਸਕੂਲਾਂ ਤੱਕ ਪਹੁੰਚਣਾ ਪੈਂਦਾ ਹੈ। ਬਰਸਾਤ ਦੇ ਦਿਨਾਂ ਵਿਚ ਇਹ ਸਮੱਸਿਆ ਹੋਰ ਵੀ ਗੰਭੀਰ ਹੋ ਜਾਂਦੀ ਹੈ ਜਿਸ ਕਾਰਨ ਹਾਦਸਿਆਂ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ। ਸਥਾਨਕ ਵਸਨੀਕਾਂ ਤੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਹ ਕਈ ਵਾਰ ਇਸ ਮਸਲੇ ਨੂੰ ਸਬੰਧਿਤ ਵਿਭਾਗ ਤੇ ਪ੍ਰਸ਼ਾਸਨ ਦੇ ਧਿਆਨ ਵਿਚ ਲਿਆ ਚੁੱਕੇ ਹਨ ਪਰ ਅਜੇ ਤੱਕ ਕੋਈ ਪੱਕਾ ਹੱਲ ਨਹੀਂ ਕੀਤਾ ਗਿਆ। ਗੰਦੇ ਪਾਣੀ ਕਾਰਨ ਬਦਬੂ ਫੈਲ ਰਹੀ ਹੈ ਜਿਸ ਨਾਲ ਦੁਕਾਨਦਾਰਾਂ ਦਾ ਕਾਰੋਬਾਰ ਵੀ ਪ੍ਰਭਾਵਿਤ ਹੋ ਰਿਹਾ ਹੈ। ਇਸ ਤੋਂ ਇਲਾਵਾ ਖੜ੍ਹੇ ਪਾਣੀ ਵਿਚ ਮੱਛਰ ਅਤੇ ਮੱਖੀਆਂ ਪੈਦਾ ਹੋ ਰਹੀਆਂ ਹਨ, ਜੋ ਡੇਂਗੂ, ਮਲੇਰੀਆ ਤੇ ਹੋਰ ਬਿਮਾਰੀਆਂ ਨੂੰ ਸੱਦਾ ਦੇ ਰਹੀਆਂ ਹਨ। ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਅਤੇ ਸਬੰਧਿਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਗੰਦੇ ਪਾਣੀ ਦੀ ਨਿਕਾਸੀ ਲਈ ਤੁਰੰਤ ਪ੍ਰਭਾਵਸ਼ਾਲੀ ਪ੍ਰਬੰਧ ਕੀਤੇ ਜਾਣ ਤਾਂ ਜੋ ਲੋਕਾਂ ਨੂੰ ਇਸ ਲੰਬੇ ਸਮੇਂ ਤੋਂ ਚੱਲੀ ਆ ਰਹੀ ਸਮੱਸਿਆ ਤੋਂ ਨਿਜਾਤ ਮਿਲ ਸਕੇ।
Ad Position 22
No active advertisement
ਪਿਛਲੀ ਖ਼ਬਰ ਬਾਬਾ ਲਖਸ਼ਰੀ ਦੀਨ ਅਹਿਮਦ ਸ਼ਾਹ ਦਾ ਦਸਵਾਂ ਉਰਸ ਤੇ ਭੰਡਾਰਾ ਕਰਵਾਇਆ ਅਗਲੀ ਖ਼ਬਰ ਪਸ਼ੂ ਪਾਲਣ ਵਿਭਾਗ ਵਲੋਂ ਬਰੂਵਾਲ ਵਿਖੇ ਸਾਫ਼ ਦੁੱਧ ਉਤਪਾਦਨ ਜਾਗਰੂਕਤਾ ਕੈਂਪ
Ad Position 24