ਮੋਰਿੰਡਾ 21 ਜੂਨ ( ਪ੍ਰਿਤਪਾਲ ਸਿੰਘ ) ਡੇਰਾ ਕਾਰ ਸੇਵਾ ਗੁਰਦੁਆਰਾ ਸ੍ਰੀ ਕੋਤਵਾਲੀ ਮੋਰਿੰਡਾ ਵਲੋਂ ਨਿਸ਼ਕਾਮ ਗੁਰਸਿੱਖੀ ਪ੍ਰਚਾਰ ਸੋਸਾਇਟੀ ਪੰਜਾਬ ਦੇ ਸਹਿਯੋਗ ਨਾਲ 10 ਰੋਜ਼ਾ ਗੁਰਬਾਣੀ ਨਿੱਤਨੇਮ ਸੰਥਿਆ ਸਮਾਗਮ ਅੱਜ ਅਰੰਭ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਵਿੰਦਰ ਸਿੰਘ ਰਾਜੂ ਨੇ ਦੱਸਿਆ ਕਿ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਹੋ ਕੇ ਅਰਦਾਸ ਬੇਨਤੀ ਕਰਨ ਉਪਰੰਤ 10 ਰੋਜ਼ਾ ਗੁਰਬਾਣੀ ਨਿੱਤਨੇਮ ਸੰਥਿਆ ਸਮਾਗਮ ਆਰੰਭ ਕੀਤਾ ਗਿਆ। ਜਿਸ ਵਿਚ 50 ਦੇ ਕਰੀਬ ਬੱਚਿਆਂ ਨੇ ਸ਼ਮੂਲੀਅਤ ਕੀਤੀ। ਇਹ ਸਮਾਗਮ ਰੋਜ਼ਾਨਾ 10 ਵਜੇ ਤੋਂ 12 ਵਜੇ ਤੱਕ ਹੋਵੇਗਾ। ਉਨ੍ਹਾਂ ਦੱਸਿਆ ਕਿ ਅੱਜ ਸਮਾਗਮ ਦੇ ਪਹਿਲੇ ਦਿਨ ਬੱਚਿਆਂ ਨੂੰ ਵਰਣਮਾਲਾ ਤੇ ਮੁਹਾਰਨੀ ਦਾ ਗਿਆਨ ਸ਼੍ਰੋਮਣੀ ਨਿਸ਼ਕਾਮ ਗੁਰਸਿੱਖੀ ਪ੍ਰਚਾਰ ਸੁਸਾਇਟੀ ਪੰਜਾਬ ਦੇ ਪ੍ਰਧਾਨ ਗਿਆਨੀ ਸਤਨਾਮ ਸਿੰਘ ਚਮਕੌਰ ਸਾਹਿਬ ਵਲੋਂ ਪਾਠ ਦ੍ਰਿੜ੍ਹ ਕਰਵਾਇਆ ਗਿਆ। ਗਿਆਨੀ ਗੁਰਮੀਤ ਸਿੰਘ ਬਿਲੋ ਲੁਧਿਆਣਾ, ਗੁਰਨਾਮ ਸਿੰਘ ਖ਼ਾਲਸਾ ਕੀੜੀ ਅਫ਼ਗ਼ਾਨਾਂ ਜੀ ਮੀਤ ਸਕੱਤਰ ਨੇ ਵੀ ਬਚਿਆਂ ਨੂੰ ਗੁਰਸਿੱਖੀ ਜੀਵਨ ਜਿਊਣ ਅਤੇ ਗੁਰਬਾਣੀ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਮੈਨੇਜਰ ਹਰਦੀਪ ਸਿੰਘ ਜੀ ਵਲੋਂ ਬੱਚਿਆਂ ਨੂੰ ਵਾਹਿਗੁਰੂ ਸਿਮਰਨ ਕਰਵਾਇਆ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਸੁਰਿੰਦਰ ਸਿੰਘ ਕਾਰ ਸੇਵਾ ਦਿੱਲੀ ਵਾਲਿਆਂ ਨੇ ਕੈਂਪ ਵਿਚ ਹਾਜ਼ਰ ਬੱਚਿਆਂ ਦੇ ਮਾਪਿਆਂ ਨੇ ਸੰਬੋਧਨ ਹੁੰਦਿਆਂ ਆਖਿਆ ਕਿ ਉਹ ਆਪਣੇ ਬੱਚਿਆਂ ਦੀ ਸਿਹਤ ਅਤੇ ਪੜ੍ਹਾਈ ਵੱਲ ਵਿਸ਼ੇਸ਼ ਧਿਆਨ ਕੇਂਦਰਿਤ ਕਰਨ ਤਾਂ ਜੋ ਵਿਦਿਆਰਥੀ ਸਿੱਖਿਆ ਪ੍ਰਾਪਤ ਕਰਕੇ ਸ਼ੁੱਧ ਗੁਰਬਾਣੀ ਪੜ੍ਹਨ ਅਤੇ ਉਸ ਤੇ ਅਮਲ ਕਰਕੇ ਚੰਗੀ ਜ਼ਿੰਦਗੀ ਜਿਉਂ ਸਕਣ। ਇਸ ਮੌਕੇ ਬਲਜਿੰਦਰ ਸਿੰਘ ਸਾਬਕਾ ਸਰਪੰਚ ਰੌਣੀ, ਕਰਨੈਲ ਸਿੰਘ ਜੀਤ ਵਾਇਸ ਚੇਅਰਮੈਨ ਪੀ ਏ ਡੀ ਬੈਂਕ, ਸੁਖਵਿੰਦਰ ਸਿੰਘ ਮੁੰਡੀਆਂ, ਹਰਮਿੰਦਰ ਸਿੰਘ ਲੱਕੀ, ਹਰਦੀਪ ਸਿੰਘ ਅਨੰਦ, ਸ਼ੇਰ ਸਿੰਘ ਡੂਮਛੇੜੀ, ਗੁਰਮੁਖ ਸਿੰਘ ਸੰਤ ਨਗਰ, ਗੁਰਮੀਤ ਸਿੰਘ ਮੋਰਿੰਡਾ, ਨਵਤੇਜ ਸਿੰਘ ਤੇਜ਼ੀ, ਬਾਬਾ ਕੇਸਰ ਸਿੰਘ ਮਨੈਲੀ, ਮਾਸਟਰ ਜਗਮੋਹਣ ਸਿੰਘ ਚੌਂਤਾ, ਨੂਰਪੁਰੀ ਬੇਦੀ ਵਿੱਦਿਅਕ ਵਿੰਗ ਦੇ ਮੁਖੀ, ਗਿਆਨੀ ਸ਼ੇਰ ਸਿੰਘ ਸਿਰਥਲੇ ਵਾਲੇ ਆਦਿ ਹਾਜ਼ਰ ਸਨ।
ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਵਿਖੇ 10 ਰੋਜ਼ਾ ਗੁਰਬਾਣੀ ਨਿੱਤਨੇਮ ਸੰਥਿਆ ਸਮਾਗਮ ਆਰੰਭ
ਅਜੀਤ ਡੈਸਕ
22-06-2026