ਸੰਤੋਖਗੜ੍ਹ, 12 ਜੁਲਾਈ (ਧਰਮ ਪਾਲ)-ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਹਰੋਲੀ ਦੇ ਪਾਲਕਵਾਹ ਆਡੀਟੋਰੀਅਮ ਵਿਖੇ ਆਯੋਜਿਤ ਇੱਕ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਤੇ ਉਨ੍ਹਾਂ ਪ੍ਰੋਫੈਸਰ ਸਿੰਮੀ ਅਗਨੀਹੋਤਰੀ ਫਾਊਂਡੇਸ਼ਨ ਦੁਆਰਾ ਸ਼ੁਰੂ ਕੀਤੀ ਗਈ ‘ਪ੍ਰੋ. ਸਿੰਮੀ ਅਗਨੀਹੋਤਰੀ ਐਕਸੀਲੈਂਸ ਅਵਾਰਡ’ ਤਹਿਤ ਹਿਮਾਚਲ ਪ੍ਰਦੇਸ਼ ਸਕੂਲ ਸਿੱਖਿਆ ਬੋਰਡ ਦੀਆਂ ਇਸ ਸਾਲ ਦੇ 200 ਤੋਂ ਵੱਧ ਹੋਣਹਾਰ ਵਿਦਿਆਰਥੀਆਂ ਨੂੰ ਜਿੰਨਾ ਵਿਚ 10ਵੀਂ ਜਮਾਤ ਦੇ 139 ਅਤੇ 12ਵੀਂ ਜਮਾਤ ਦੇ 64 ਵਿਦਿਆਰਥੀ ਸ਼ਾਮਲ ਸਨ ਨੂੰ ਸਨਮਾਨਿਤ ਕੀਤਾ । ਫਾਊਂਡੇਸ਼ਨ ਵਲੋਂ ਹੋਣਹਾਰ ਵਿਦਿਆਰਥੀਆਂ ਨੂੰ 5,100 ਰੁਪਏ ਅਤੇ 3,100 ਰੁਪਏ ਦੇ ਨਕਦ ਇਨਾਮ, ਯਾਦਗਾਰੀ ਚਿੰਨ੍ਹ ਅਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਪ੍ਰੋਫੈਸਰ ਸਿੰਮੀ ਅਗਨੀਹੋਤਰੀ ਫਾਊਂਡੇਸ਼ਨ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਸਨਮਾਨ ਸਿਰਫ਼ ਇੱਕ ਪੁਰਸਕਾਰ ਨਹੀਂ ਹੈ, ਬਲਕਿ ਵਿਦਿਆਰਥੀਆਂ ਨੂੰ ਉੱਤਮਤਾ ਵੱਲ ਪ੍ਰੇਰਿਤ ਕਰਨ ਦਾ ਇੱਕ ਸਾਧਨ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਸ਼ੁਰੂ ਕੀਤੀ ਗਈ, ਇਸ ਪਹਿਲਕਦਮੀ ਨੇ ਵਿਦਿਆਰਥੀਆਂ ਵਿਚ ਸਿਹਤਮੰਦ ਮੁਕਾਬਲੇ ਦਾ ਮਾਹੌਲ ਪੈਦਾ ਕੀਤਾ ਹੈ। ਇਸ ਦੌਰਾਨ ਘਾੜ ਖੇਤਰ ਵਿਚ ਇਕ ਬਹੁਕਰੋੜੀ ਆਧੁਨਿਕ ਇਨਡੋਰ ਸਟੇਡੀਅਮ ਬਣਾਇਆ ਜਾ ਰਿਹਾ ਹੈ। ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਵਧੀਕ ਡਿਪਟੀ ਕਮਿਸ਼ਨਰ (ਸ਼ਿਮਲਾ) ਸਚਿਨ ਸ਼ਰਮਾ ਨੇ ਟਿੱਪਣੀ ਕੀਤੀ ਕਿ ਅਗਲੇ ਤਿੰਨ ਤੋਂ ਚਾਰ ਸਾਲ ਉਨ੍ਹਾਂ ਦੇ ਜੀਵਨ ਦਾ ਸਭ ਤੋਂ ਮਹੱਤਵਪੂਰਨ ਅਤੇ ਸੁਨਹਿਰੀ ਦੌਰ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਨਤੀਜਿਆਂ ਦੀ ਚਿੰਤਾ ਕਰਨ ਦੀ ਬਜਾਏ ਸਖ਼ਤ ਮਿਹਨਤ ‘ਤੇ ਧਿਆਨ ਕੇਂਦਰਿਤ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਆਪ ਨੂੰ ਸੋਸ਼ਲ ਮੀਡੀਆ ਤੱਕ ਸੀਮਤ ਨਾ ਰੱਖਣ ਸਗੋਂ ਆਪਣੀ ਉਤਸੁਕਤਾ ਨੂੰ ਪਾਲਨ ਕਰਨ ਅਤੇ ਨਿਰੰਤਰ ਸਿੱਖਣ ਲਈ ਵਚਨਬੱਧ ਹੋਣ। ਇਸ ਮੌਕੇ ‘ਤੇ ਕਾਂਗਰਸ ਹਰੋਲੀ ਬਲਾਕ ਦੇ ਪ੍ਰਧਾਨ ਅਤੇ ਸਿੱਖਿਆ ਸ਼ਾਸਤਰੀ ਸੰਦੀਪ ਅਗਨੀਹੋਤਰੀ, ਹਿਮਕੈਪਸ ਇੰਸਟੀਚਿਊਟ ਦੇ ਪ੍ਰਧਾਨ ਵਿਕਰਮਜੀਤ ਸਿੰਘ, ਜਲ ਬੋਰਡ ਦੇ ਮੈਂਬਰ ਪਵਨ ਠਾਕੁਰ, ਕਾਂਗਰਸ ਨੇਤਾ ਜਸਪਾਲ ਜੱਸਾ, ਧਰਮ ਸਿੰਘ ਚੌਧਰੀ ਅਤੇ ਸੁਮਿਤ ਸ਼ਰਮਾ, ਐਸਡੀਐਮ ਹਰੋਲੀ ਵਿਸ਼ਾਲ ਸ਼ਰਮਾ, ਡੀਐਸਪੀ ਮੋਹਨ ਰਾਵਤ, ਉਪ ਮੁੱਖ ਮੰਤਰੀ ਦੇ ਸੁਰੱਖਿਆ ਇੰਚਾਰਜ ਡੀ.ਐੱਸ.ਪੀ. ਬਿੰਨੀ ਮਿਨਹਾਸ, ਉਪ ਮੁੱਖ ਮੰਤਰੀ ਦੇ ਓ.ਐੱਸ.ਡੀ. ਧਨਵੀਰ ਠਾਕੁਰ, ਉਦਯੋਗ ਵਿਭਾਗ ਦੇ ਸੰਯੁਕਤ ਨਿਰਦੇਸ਼ਕ ਅੰਸ਼ੁਲ ਧੀਮਾਨ, ਪ੍ਰੋਫੈਸਰ ਸਿੰਮੀ ਅਗਨੀਹੋਤਰੀ ਫਾਊਂਡੇਸ਼ਨ ਦੇ ਨੁਮਾਇੰਦੇ (ਸੰਜੀਵ ਗੋਇਲ, ਗਗਨ ਕਪੂਰ, ਵਿਕਰਾਂਤ ਠਾਕੁਰ ਅਤੇ ਚੇਤਨ) ਦੇ ਨਾਲ-ਨਾਲ ਹੋਣਹਾਰ ਵਿਦਿਆਰਥੀਆਂ ਦੇ ਮਾਪੇ, ਅਧਿਆਪਕ ਤੇ ਵੱਡੀ ਗਿਣਤੀ ਵਿਚ ਇਲਾਕੇ ਦੇ ਮੋਹਤਵਰ ਪਤਵੰਤੇ ਹਾਜ਼ਰ ਸਨ।