ਨੂਰਪੁਰ ਬੇਦੀ, 13 ਜੁਲਾਈ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਹਲਕਾ ਰੂਪਨਗਰ ਦੇ ਵਿਕਾਸ ਕਾਰਜਾਂ ਨੂੰ ਹੋਰ ਗਤੀ ਦਿੰਦਿਆਂ ਨੂਰਪੁਰ ਬੇਦੀ–ਬੂੰਗਾ ਸਾਹਿਬ ਸੜਕ ਤੋਂ ਪਿੰਡ ਕੂੰਭੇਵਾਲ ਤੱਕ 49.78 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਨਵੀਂ ਸੜਕ ਦਾ ਨੀਂਹ ਪੱਥਰ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਤੇ ਮਹੰਤ ਬਾਬਾ ਉਮੇਦ ਗਿਰੀ ਵਲੋਂ ਸਾਂਝੇ ਤੌਰ ’ਤੇ ਰੱਖਿਆ ਗਿਆ। ਵਿਧਾਇਕ ਚੱਢਾ ਨੇ ਕਿਹਾ ਕਿ ਇਸ ਸੜਕ ਦੇ ਨਿਰਮਾਣ ਦੀ ਮੰਗ ਪਿੰਡ ਵਾਸੀਆਂ ਵਲੋਂ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਇਹ ਰਸਤਾ ਕੂੰਭੇਵਾਲ ਸਮੇਤ ਆਸ-ਪਾਸ ਦੇ ਕਈ ਪਿੰਡਾਂ ਨੂੰ ਆਪਸ ਵਿਚ ਜੋੜਦਾ ਹੈ, ਜਿਸ ਕਾਰਨ ਲੋਕਾਂ ਨੂੰ ਰੋਜ਼ਾਨਾ ਆਵਾਜਾਈ ਦੌਰਾਨ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਹੁਣ ਸੜਕ ਦੇ ਨਿਰਮਾਣ ਨਾਲ ਨਾ ਸਿਰਫ਼ ਲੋਕਾਂ ਦੀ ਆਵਾਜਾਈ ਸੁਗਮ ਹੋਵੇਗੀ, ਸਗੋਂ ਪਿੰਡਾਂ ਵਿਚਕਾਰ ਆਪਸੀ ਸੰਪਰਕ ਅਤੇ ਸਮਾਜਿਕ ਗਤੀਵਿਧੀਆਂ ਨੂੰ ਵੀ ਨਵਾਂ ਉਤਸ਼ਾਹ ਮਿਲੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ ਤੇ ਹਲਕੇ ਦੇ ਹਰ ਪਿੰਡ ਵਿੱਚ ਲੋਕਾਂ ਦੀਆਂ ਜ਼ਰੂਰਤਾਂ ਅਨੁਸਾਰ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਮਹੰਤ ਬਾਬਾ ਉਮੇਦ ਗਿਰੀ ਨੇ ਵੀ ਸੜਕ ਨਿਰਮਾਣ ਨੂੰ ਇਲਾਕੇ ਲਈ ਲਾਹੇਵੰਦ ਦੱਸਿਆ। ਪਿੰਡ ਵਾਸੀਆਂ ਨੇ ਵਿਧਾਇਕ ਚੱਢਾ ਦਾ ਧੰਨਵਾਦ ਕੀਤਾ। ਸਮਾਗਮ ਦੌਰਾਨ ਉਪ ਚੇਅਰਮੈਨ ਦੇਸਰਾਜ ਸੈਣੀ, ਸਤਨਾਮ ਸਿੰਘ ਨਾਗਰਾ, ਹੇਮੰਤ ਸੈਣੀ, ਸਰਪੰਚ ਹਰਮੇਸ਼ ਚੰਦ, ਪ੍ਰਤਾਪ ਸਿੰਘ, ਅਰਜਨ ਸਿੰਘ, ਕਸ਼ਮੀਰ ਕੌਰ, ਰਮਨਪ੍ਰੀਤ ਕੌਰ, ਪਰਮਜੀਤ ਕੌਰ, ਗਿਆਨ ਚੰਦ, ਹੁਸਨ ਚੰਦ, ਹਰਬੰਸ ਲਾਲ, ਕੁਲਵੰਤ ਸਿੰਘ, ਜੋਗਰਾਜ, ਰਜਿੰਦਰ ਸਿੰਘ, ਗੁਰਦੀਪ ਸਿੰਘ, ਦਵਿੰਦਰ ਸਿੰਘ, ਤਲਵਿੰਦਰ ਸਿੰਘ ਤੇ ਹੋਰ ਹਾਜ਼ਰ ਸਨ।