ਸ੍ਰੀ ਚਮਕੌਰ ਸਾਹਿਬ,15 ਜੁਲਾਈ (ਜਗਮੋਹਣ ਸਿੰਘ ਨਾਰੰਗ)-ਭਾਰਤੀ ਕਿਸਾਨ ਯੂਨੀਅਨ (ਚੜੂਨੀ) ਜ਼ਿਲ੍ਹਾ ਰੂਪਨਗਰ ਵਲੋਂ ਲੈਂਡ ਪੂਲਿੰਗ ਨੀਤੀ, ਵਪਾਰ ਸਮਝੋਤਾ, ਯੂਰੀਆਂ ਖਾਦ ਦੀ ਕਮੀ ਆਦਿ ਮਸਲਿਆਂ ਦੇ ਵਿਰੋਧ ਵਿਚ ਜ਼ਿਲ੍ਹਾ ਪ੍ਰਧਾਨ ਜਤਿੰਦਰਪਾਲ ਸਿੰਘ ਜਿੰਦੂ ਖੋਖਰਾਂ ਦੀ ਅਗਵਾਈ ਹੇਠ ਸ੍ਰੀ ਚਮਕੌਰ ਸਾਹਿਬ ਵਿਖੇ ਜਥੇਬੰਦੀ ਦੇ ਸੱਦੇ ਤੇ ਮੋਟਰ ਸਾਈਕਲ ਮਾਰਚ ਕੀਤਾ ਗਿਆ। ਇਸ ਮੌਕੇ ਬੋਲਦਿਆਂ ਜਿੰਦੂ ਖੋਖਰਾਂ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਨੇ ਦੇਸ਼ ਦੀ ਕਿਸਾਨੀ ਨੂੰ ਤਬਾਹ ਕਰ ਦਿੱਤਾ ਹੈ। ਕੇਂਦਰ ਸਰਕਾਰ ਅਮਰੀਕ –ਭਾਰਤ ਵਪਾਰ ਸਮਝੋਤੇ ਨੂੰ ਲਾਗੂ ਕਰਕੇ ਦੇਸ਼ ਦੀ ਵਿਸ਼ੇਸ਼ ਤੋਰ ਤੇ ਪੰਜਾਬ ਦੀ ਕਿਸਾਨੀ ਨੂੰ ਖਤਮ ਕਰ ਰਹੀ ਹੈ,ਉੱਧਰ ਇਸ ਕਦਮ ਤੇ ਚਲਦਿਆਂ ਪੰਜਾਬ ਸਰਕਾਰ ਪਿੱਛਲੀ ਲੈਂਡ ਪੂਲਿੰਗ ਨੀਤੀ ਦੀ ਲਿਪਾਪੋਚੀ ਕਰਕੇ ਮੁੜ ਤੋਂ ਇਸ ਨੀਤੀ ਤਹਿਤ ਕਿਸਾਨਾਂ ਨੂੰ ਜ਼ਮੀਨ ਰਹਿਤ ਕਰਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਿਆਸੀ ਪਾਰਟੀਆਂ ਕਿਸਾਨਾ ਦੇ ਨਾਂਅ ਤੇ ਵੋਟਾਂ ਬਟੋਰ ਕੇ ਕਿਸਾਨਾਂ ਨੂੰ ਖਤਮ ਕਰਨ ਦੀਆਂ ਨੀਤੀਆਂ ਲਾਗੂ ਕਰ ਰਹੀ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਕਿਸਾਨਾ ਨੂੰ ਯੂਰੀਆਂ ਦੀ ਕਮੀ ਦਾ ਬਹਾਨਾ ਲਗਾ ਕੇ ਉਨ੍ਹਾਂ ਨੂੰ ਨਾਲ ਹੋਰ ਵਸਤਾਂ ਦੇ ਕੇ ਕੀਤੀ ਜਾ ਰਹੀ ਲੁੱਟ ਬੰਦ ਕਰਨ ਦੀ ਸਰਕਾਰਾਂ ਨੂੰ ਅਪੀਲ ਵੀ ਕੀਤੀ। ਇਸ ਮੌਕੇ ਗੁਰਪ੍ਰੀਤ ਸਿੰਘ ਮੱਦੀ, ਮਲਾਹਾਰਾ ਸਿੰਘ, ਕਾਕਾ ਸਿੰਘ ਸ੍ਰੀ ਚਮਕੌਰ ਸਾਹਿਬ, ਅਮਰੀਕ ਸਿੰਘ ਕਾਹਨਪੁਰ, ਕਾਲਾ ਸਿੰਘ, ਨੰਬਰਦਾਰ ਜੀਤਾ ਸਿੰਘ, ਕੁਲਦੀਪ ਸਿੰਘ, ਸੁਰਜੀਤ ਸਿੰਘ, ਪ੍ਰਭਜੋਤ ਸਿੰਘ, ਨਿਰਮਲ ਸਿੰਘ, ਰਣਜੀਤ ਸਿੰਘ, ਹਾਕਮ ਸਿੰਘ ਸਮੇਤ ਕਈ ਆਗੂ ਹਾਜ਼ਰ ਸਨ।