ਮੋਰਿੰਡਾ, 15 ਜੁਲਾਈ (ਤਰਲੋਚਨ ਸਿੰਘ ਕੰਗ)-ਮੋਰਿੰਡਾ ਸ਼ਹਿਰ ਦੇ ਸਫ਼ਾਈ ਪ੍ਰਬੰਧਾਂ ਦੀ ਅਗਰ ਗੱਲ ਕੀਤੀ ਜਾਵੇ ਤਾਂ ਪਿਛਲੇ ਤਿੰਨ-ਚਾਰ ਸਾਲਾਂ ਤੋਂ ਸਫ਼ਾਈ ਪ੍ਰਬੰਧਾਂ ਦਾ ਦਿਨ ਪ੍ਰਤੀ ਦਿਨ ਹਾਲ ਮਾੜਾ ਹੁੰਦਾ ਜਾ ਰਿਹਾ ਹੈ। ਇੱਥੋਂ ਤੱਕ ਕਿ ਸਫ਼ਾਈ ਦੀ ਸਮੱਸਿਆ ਦਾ ਹੱਲ ਕਰਨ ਲਈ ਲਗਭਗ ਇੱਕ ਸਾਲ ਪਹਿਲਾਂ ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਮੋਰਿੰਡਾ ਵਿਚ ਅਚਾਨਕ ਆਏ ਸਨ ਤੇ ਉਨ੍ਹਾਂ ਮੋਰਿੰਡਾ ਵਿਚ ਸੀਵਰੇਜ ਅਤੇ ਸਫ਼ਾਈ ਦੇ ਪ੍ਰਬੰਧ ਆਪਣੀਆਂ ਅੱਖਾਂ ਨਾਲ ਵੇਖੇ ਸਨ। ਉਸ ਸਮੇਂ ਉਹਨਾਂ ਨੇ ਆਪਣੀ ਤਾਕਤ ਵਿਖਾਉਂਦਿਆਂ ਸਫ਼ਾਈ ਪ੍ਰਬੰਧਾਂ ਦੀ ਘਾਟ ਕਾਰਨ ਇੱਕ ਸੈਨੀਟਰੀ ਇੰਸਪੈਕਟਰ ਨੂੰ ਮੁਅੱਤਲ ਕਰ ਦਿੱਤਾ ਸੀ ਅਤੇ ਸਬੰਧਿਤ ਸੀਵਰੇਜ ਦੇ ਕਾਰਜਕਾਰੀ ਇੰਜੀਨੀਅਰ ਨੂੰ ਇੱਕ ਮਹੀਨੇ ’ਚ ਸੀਵਰੇਜ ਦੇ ਪ੍ਰਬੰਧ ਠੀਕ ਠਾਕ ਕਰਨ ਲਈ ਸਖ਼ਤ ਨਿਰਦੇਸ਼ ਦੇ ਦਿੱਤੇ ਸਨ। ਪ੍ਰੰਤੂ ਮੰਤਰੀ ਜੀ ਵਲੋਂ ਦਿੱਤੇ ਸਖ਼ਤ ਨਿਰਦੇਸ਼ ਸਭ ਕਾਗਜਾਂ ਵਿਚ ਹੀ ਰੁਲ ਗਏ ਤੇ ਸਫ਼ਾਈ ਪ੍ਰਬੰਧ ਪਹਿਲਾਂ ਤੋਂ ਵੀ ਮਾੜੇ ਹੁੰਦੇ ਗਏ। ਅੱਜ ਸਫ਼ਾਈ ਪੱਖੋਂ ਮੌਜੂਦਾ ਸਥਿਤੀ ਦਾ ਅਗਰ ਹਾਲ ਵੇਖਿਆ ਜਾਵੇ ਤਾਂ ਸ਼ਹਿਰ ਵਿਚ ਥਾਂ-ਥਾਂ ’ਤੇ ਗੰਦਗੀ ਦੇ ਢੇਰ ਹਨ। ਇੱਥੋਂ ਤੱਕ ਕਿ ਸੜਕਾਂ ਦੇ ਉੱਪਰ ਵੀ ਕੂੜਾ-ਕਰਕਟ ਖਿਲਰਿਆ ਪਿਆ ਹੈ ਤੇ ਉਨਾਂ ਵਿਚ ਬੇਸਹਾਰਾ ਪਸ਼ੂ ਮੂੰਹ ਮਾਰ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਜੇ ਕੁਮਾਰ ਗਿੰਨੀ, ਬਲਵੀਰ ਸਿੰਘ ਸੱਲ੍ਹ, ਬਲਵੀਰ ਸਿੰਘ, ਵਰਿੰਦਰ ਸਿੰਘ ਹੈਪੀ, ਵਿਨੇ ਕੁਮਾਰ, ਚਿਤਰੰਜਨ ਕੁਮਾਰ, ਸੱਦਾਮ, ਮਨਜੀਤ ਸਿੰਘ ਟੋਨੀ, ਜਗਪਾਲ ਸਿੰਘ ਕੰਗ, ਜਗਦੀਸ਼ ਚੰਦਰ ਆਦਿ ਨੇ ਦੱਸਿਆ ਕਿ ਨਗਰ ਕੌਂਸਲ ਮੋਰਿੰਡਾ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਸਫਾਈ ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ, ਪਰ ਜ਼ਮੀਨੀ ਹਕੀਕਤ ਬਿਲਕੁਲ ਉਲਟ ਹੈ। ਉਪਰੋਕਤ ਵਿਅਕਤੀਆਂ ਦਾ ਕਹਿਣਾ ਹੈ ਕਿ ਲੰਘੇ ਦਿਨੀਂ ਨਗਰ ਕੌਂਸਲ ਮੋਰਿੰਡਾ ਵਿਚ ਨਵੀਂ ਕੌਂਸਲ ਬਣ ਗਈ ਹੈ ਅਤੇ ਕੌਂਸਲ ਦੇ ਮੌਜੂਦਾ ਪ੍ਰਧਾਨ ਜਗਪਾਲ ਸਿੰਘ ਜੌਲੀ ਅਤੇ ਕੌਂਸਲਰ ਦਾਅਵਾ ਕਰ ਰਹੇ ਹਨ ਕਿ ਬਹੁਤ ਜਲਦ ਮੋਰਿੰਡਾ ਨੂੰ ਸਾਫ-ਸੁਥਰਾ ਸ਼ਹਿਰ ਬਣਾਇਆ ਜਾਵੇਗਾ। ਕੂੜਾ ਕਰਕਟ ਦੀ ਸਮੱਸਿਆ ਦਾ ਹੱਲ ਕਰ ਲਿਆ ਜਾਵੇਗਾ ਅਤੇ ਸੀਵਰੇਜ ਸਿਸਟਮ ਦੀ ਵੀ ਵਿਉਂਤਬੰਦੀ ਬਣਾ ਕੇ ਸੁਚਾਰੂ ਢੰਗ ਨਾਲ ਚਲਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਪਰੋਕਤ ਸ਼ਹਿਰ ਵਾਸੀਆਂ ਨੇ ਮੰਗ ਕੀਤੀ ਹੈ ਕਿ ਸ਼ਹਿਰ ਵਿਚ ਸਫ਼ਾਈ ਪ੍ਰਬੰਧ ਦਰੁਸਤ ਕੀਤੇ ਜਾਣ ਤੇ ਗੰਦਗੀ ਦੇ ਢੇਰਾਂ ਤੋਂ ਛੁਟਕਾਰਾ ਦਿਵਾਇਆ ਜਾਵੇ।