ਮੁੱਲਾਂਪੁਰ ਗਰੀਬਦਾਸ, 17 ਜੁਲਾਈ (ਦਿਲਬਰ ਸਿੰਘ ਖੈਰਪੁਰ)-ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਇਕ ਬਿਆਨ ਵਿਚ ਸਰਕਾਰ ਦੀ ਨੁਕਤਾਚੀਨੀ ਕੀਤੀ ਕਿ ਮੰਗਾਂ ਨਾ ਮੰਨੇ ਜਾਣ ਕਾਰਨ ਅੱਜ-ਕੱਲ੍ਹ ਪੰਜਾਬ ’ਚ ਸਫਾਈ ਕਰਮਚਾਰੀਆਂ ਦਾ ਵਿਆਪਕ ਰੋਸ ਪ੍ਰਦਰਸ਼ਨ ਚੱਲ ਰਿਹਾ ਹੈ. ਜਿਸ ਵਿਚ ਉਨ੍ਹਾਂ ਨੇ ਆਪਣੀਆਂ ਵਾਜਬ ਮੰਗਾਂ ਲਈ ਵੱਖ-ਵੱਖ ਥਾਂਈਂ ਮੰਗ ਪੱਤਰ ਦਿੰਦਿਆਂ ਕਿਹਾ ਹੈ ਕਿ ਸਫਾਈ ਕਰਮਚਾਰੀਆਂ ਦੀਆਂ ਵਧੀਆਂ ਹੋਈਆਂ ਤਨਖਾਹਾਂ ਅਤੇ ਠੇਕੇ ਤੇ ਆਊਟਸੋਰਸ ਕੀਤੇ ਕਾਮਿਆਂ ਲਈ ਸੇਵਾਵਾਂ ਨੂੰ ਤੁਰੰਤ ਰੈਗੂਲਰ ਕਰਨ ਦੀਆਂ ਲੰਬਿਤ ਮੰਗਾਂ ਮੰਨ ਕੇ ਉਨ੍ਹਾਂ ਨੂੰ ਰਾਹਤ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਸੂਬੇ ਦੇ ਸਾਰੇ ਸਫਾਈ ਕਰਮਚਾਰੀਆਂ ਨੇ ਰੋਸ ਪ੍ਰਦਰਸ਼ਨ ਕਰਦਿਆਂ ਜਿਥੇ ਸਾਫ਼-ਸਫਾਈ ਦਾ ਕੰਮ ਬਿਲਕੁੱਲ ਠੱਪ ਕਰ ਦਿੱਤਾ ਹੈ, ਉਸ ਦੇ ਨਾਲ-ਨਾਲ ਜਗ੍ਹਾ-ਜਗ੍ਹਾ ਕੂੜੇ ਦੇ ਢੇਰ ਵੀ ਲੱਗੇ ਹੋਏ ਹਨ, ਜਿਸ ਨਾਲ ਸਾਰੇ ਸ਼ਹਿਰਾਂ ਦੀ ਸਾਫ਼-ਸਫਾਈ ਦੀ ਵਿਵਸਥਾ ਵਿਗੜੀ ਹੀ ਨਹੀਂ ਹੋਈ, ਬਲਕਿ ਬਿਮਾਰੀਆਂ ਫੈਲਣ ਦਾ ਵੀ ਖਦਸ਼ਾ ਹੈ। ਸਾਬਕਾ ਮੰਤਰੀ ਕੰਗ ਨੇ ਕਿਹਾ ਕਿ ਕਰਜ਼ੇ ਦੇ ਬੋਝ ਹੇਠ ਦਬੀ ਸੂਬਾ ਸਰਕਾਰ ਜੇ ਮੁਫ਼ਤ ਰਸੋਈ ਕਿੱਟਾਂ, ਮਹਿਲਾਵਾਂ ਨੂੰ ਮਹੀਨਾਵਾਰ ਭੱਤਾ ਤੇ ਘਰਾਂ ਦੇ ਬਿਜਲੀ ਬਿੱਲ ਮੁਆਫ਼ ਕਰ ਸਕਦੀ ਹੈ ਤਾਂ ਸਫਾਈ ਕਰਮਚਾਰੀਆਂ ਨੇ ਸਰਕਾਰ ਦਾ ਕੀ ਵਿਗੜਿਆ ਹੈ, ਜਿਨ੍ਹਾਂ ਦਾ ਸਾਡੇ ਜਨ-ਜੀਵਨ ’ਚ ਬਹੁਤ ਵੱਡਾ ਯੋਗਦਾਨ ਹੈ ਅਤੇ ਸਫਾਈ ਕਰਮਚਾਰੀ ਭੈਣ ਭਰਾ ਸਾਡੇ ਸਮਾਜ ਦਾ ਇਕ ਵਡਮੁੱਲਾ ਅੰਗ ਹਨ ਅਤੇ ਇਨ੍ਹਾਂ ਨੇ ਵੀ ਅੱਜ ਦੀ ਮਹਿੰਗਾਈ ਵਿਚ ਆਪਣੇ ਪਰਿਵਾਰ ਪਾਲਣੇ ਹਨ। ਕੰਗ ਨੇ ਮੁੱਖ ਮੰਤਰੀ ਪੰਜਾਬ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਤੁਰੰਤ ਦਖ਼ਲ ਦੇਣ।