03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਬੀ. ਡੀ. ਪੀ. ਓ. ਦਫ਼ਤਰ ਵਲੋਂ ਬਿੱਲ ਦੀ ਅਦਾਇਗੀ ਨਾ ਹੋਣ ’ਤੇ ਬਿਜਲੀ ਸਪਲਾਈ ਰਹੀ ਠੱਪ, ਕਈ ਦਫ਼ਤਰੀ ਕਾਰਜ ਹੋਏ ਪ੍ਰਭਾਵਿਤ

Ad Position 21
No active advertisement
ਅਜੀਤ ਡੈਸਕ 18-07-2026
ਨੂਰਪੁਰ ਬੇਦੀ, 17 ਜੁਲਾਈ (ਰਾਜੇਸ਼ ਚੌਧਰੀ ਤਖਤਗੜ੍ਹ)- ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਨੂਰਪੁਰ ਬੇਦੀ ਵਲੋਂ ਬਿੱਲ ਦੀ ਅਦਾਇਗੀ ਨਾ ਹੋਣ ’ਤੇ ਡੇਢ ਦਿਨ ਬਿਜਲੀ ਸਪਲਾਈ ਠੱਪ ਰਹੀ। ਇਸ ਦੇ ਚੱਲਦਿਆਂ ਨਾ ਕੇਵਲ ਦੋ ਦਿਨ ਮੁਲਾਜ਼ਮਾਂ ਨੂੰ ਭਰ ਗਰਮੀ ’ਚ ਬੇਹਾਲ ਹੋਣਾ ਪਿਆ ਬਲਕਿ ਬਿਜਲੀ ਸਪਲਾਈ ਨਾ ਹੋਣ ’ਤੇ ਦਫਤਰ ਦੇ ਕਈ ਕਾਰਜ ਪ੍ਰਭਾਵਿਤ ਹੋਏ। ਬੀ.ਡੀ.ਪੀ.ਓ. ਦਫ਼ਤਰ ਵਿਖੇ ਕੰਮ ਲਈ ਆਉਣ ਜਾਣ ਵਾਲੇ ਲੋਕਾਂ ਤੇ ਪੰਚਾਇਤ ਦੇ ਨੁਮਾਇੰਦਿਆਂ ਨੂੰ ਵੀ ਉਕਤ ਅਵਿਵਸਥਾ ਦਾ ਸੰਤਾਪ ਝੱਲਣਾ ਪਿਆ। ਜ਼ਿਕਰਯੋਗ ਹੈ ਕਿ ਪਾਵਰਕਾਮ ਦਫ਼ਤਰ ਵਲੋਂ ਸਰਕਾਰੀ ਅਦਾਰਿਆਂ ਤੇ ਸਕੂਲਾਂ ਵਗੈਰਾ ’ਚ ਕੁਝ ਸਮਾਂ ਪਹਿਲਾਂ ਪ੍ਰੀਪੇਡ ਸਮਾਰਟ ਮੀਟਰ ਲਗਾਏ ਗਏ ਹਨ ਜੋ ਕਿ ਮੋਬਾਈਲਾਂ ਦੀ ਤਰ੍ਹਾਂ ਪ੍ਰੀਪੇਡ ਹਨ ਅਗਰ ਇਨਾਂ ਵਿਚ ਪੈਸੇ ਖਤਮ ਹੋ ਜਾਂਦੇ ਹਨ ਤਾਂ ਬਿਜਲੀ ਆਪਣੇ ਆਪ ਬੰਦ ਹੋ ਜਾਂਦੀ ਹੈ। ਬੀ. ਡੀ. ਪੀ. ਓ. ਦਫ਼ਤਰ ਨੂਰਪੁਰ ਬੇਦੀ ਦੀ ਪੰਚਾਇਤੀ ਵਿਭਾਗ ਵਲੋਂ ਬਿੱਲ ਦੀ ਅਦਾਇਗੀ ਨਾ ਹੋਣ ’ਤੇ ਇਸ ਦਫ਼ਤਰ ਦੀ 15 ਜੁਲਾਈ ਨੂੰ ਬਿਜਲੀ ਸਪਲਾਈ ਬੰਦ ਹੋ ਗਈ ਜੋ ਅੱਜ 16 ਜੁਲਾਈ ਦੀ ਦੁਪਹਿਰ ਤੱਕ ਡੇਢ ਦਿਨ ਲਈ ਠੱਪ ਰਹੀ। ਆਨਲਾਈਨ ਸਿਸਟਮ ਹੋਣ ਕਾਰਨ ਪੰਚਾਇਤੀ ਰਾਜ ਵਿਭਾਗ ਦੇ ਅਧਿਕਾਰੀਆਂ ਵੱਲੋਂ ਪਾਵਰਕਾਮ ਦੇ ਅਧਿਕਾਰੀਆਂ ਨੂੰ ਬਿਜਲੀ ਸਪਲਾਈ ਚਾਲੂ ਕਰਨ ਦੀ ਬੇਨਤੀ ਵੀ ਬੇਕਾਰ ਗਈ। ਪੰਚਾਇਤੀ ਰਾਜ ਵਿਭਾਗ ਦੇ ਅਧਿਕਾਰੀਆਂ ਵਲੋਂ ਅੱਜ ਬਿੱਲ ਦੀ ਬਕਾਇਆ ਰਾਸ਼ੀ ਜਮਾਂ ਕਰਨ ’ਤੇ ਡੇਢ ਦਿਨਾਂ ਬਾਅਦ ਬਿਜਲੀ ਸਪਲਾਈ ਬਹਾਲ ਹੋ ਸਕੀ। ਪੰਚਾਇਤੀ ਰਾਜ ਵਿਭਾਗ ਦੇ ਸੁਪਰਡੈਂਟ ਕੁਲਦੀਪ ਕੁਮਾਰ ਨੇ ਆਖਿਆ ਕਿ ਵਧੇਰੇ ਜਾਣਕਾਰੀ ਨਾ ਹੋਣ ਕਾਰਨ ਕੁਝ ਰਾਸ਼ੀ ਬਕਾਇਆ ਖੜੀ ਹੋਈ ਸੀ ਤੇ ਅੱਜ ਪਾਵਰਕਾਮ ਦਾ ਬਕਾਇਆ ਬਿੱਲ ਅਦਾ ਕਰ ਦਿੱਤਾ ਗਿਆ ਜਿਸ ਤੋਂ ਤੁਰੰਤ ਬਾਅਦ ਦੁਪਹਿਰ ਸਮੇਂ ਬਿਜਲੀ ਸਪਲਾਈ ਬਹਾਲ ਹੋ ਗਈ। ਇਸੀ ਪ੍ਰਕਾਰ ਸੁਵਿਧਾ ਕੇਂਦਰ ਡੂਮੇਵਾਲ ਦੀ ਵੀ 15 ਜੁਲਾਈ ਨੂੰ ਇੱਕ ਦਿਨ ਲਈ ਬਿਲ ਦੀ ਅਦਾਇਗੀ ਨਾ ਹੋਣ ’ਤੇ ਬਿਜਲੀ ਸਪਲਾਈ ਠੱਪ ਰਹੀ। ਪਾਵਰਕਾਮ ਸਬ ਡਿਵੀਜ਼ਨ ਦਫ਼ਤਰ ਸਿੰਘਪੁਰ ਦੇ ਐੱਸ. ਡੀ. ਓ. ਇੰਜਨੀਅਰ ਰਾਜੇਸ਼ ਸ਼ਰਮਾ ਨੇ ਆਖਿਆ ਕਿ ਪ੍ਰੀਪੇਡ ਸਮਾਰਟ ਮੀਟਰਾਂ ਦੇ ਬਿੱਲਾਂ ਦੀ ਅਦਾਇਗੀ ਨਾ ਕੀਤੇ ਜਾਣ ’ਤੇ ਆਪਣੇ ਆਪ ਹੀ ਬਿਜਲੀ ਸਪਲਾਈ ਬੰਦ ਹੋ ਜਾਂਦੀ ਹੈ। ਇਸ ਲਈ ਖਪਤਕਾਰ ਆਪਣੇ ਖਾਤਿਆਂ ’ਚ ਪਹਿਲਾਂ ਹੀ ਰੀਚਾਰਜ ਰੱਖਣ ਤਾਂ ਜੋ ਉਨ੍ਹਾਂ ਨੂੰ ਭਵਿੱਖ ’ਚ ਅਜਿਹੀ ਅਸੁਵਿਧਾ ਪੇਸ਼ ਨਾ ਆ ਸਕੇ।
Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਦੀ ਜਲੰਧਰ ਫੇਰੀ ਦੌਰਾਨ ਸ਼ਹਿਰ ’ਚ ਰਿਹਾ ਛੁੱਟੀ ਵਰਗਾ ਮਾਹੌਲ ਅਗਲੀ ਖ਼ਬਰ ਸ਼ਿਵਾਲਿਕ ਐਵੇਨਿਊ ‘ਕਿਲਰ ਚੌਕ’ ਤੋਂ ਅੱਗੇ ਫਲਾਈਓਵਰ ਵਧਾਉਣ ਦੀ ਮੰਗ
Ad Position 24
No active advertisement