ਨੰਗਲ, 21 ਜੁਲਾਈ (ਪ੍ਰੀਤਮ ਸਿੰਘ ਬਰਾਰੀ)-ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਦੇ ਸੂਬਾ ਕਮੇਟੀ ਦੇ ਸੱਦੇ ’ਤੇ ਬੀਤੇ ਕੱਲ ਵਿਦਿਆਰਥੀਆਂ ਅਤੇ ਨੌਜਵਾਨਾਂ ਵਲੋਂ ਸੰਸਦ ਵੱਲ ਕੀਤੇ ਅਮਨ ਢੰਗ ਨਾਲ ਰੋਸ ਮਾਰਚ ਤੇ ਮੋਦੀ ਸਰਕਾਰ ਨੇ ਅੰਦੋਲਨ ਨੂੰ ਕੁਚਲਣ ਲਈ ਜੋ ਤਸ਼ੱਦਦ ਕੀਤਾ ਗਿਆ, ਉਸਦੇ ਰੋਸ ਵਜੋਂ ਅੱਜ ਇੱਥੇ ਕੇਂਦਰ ਸਰਕਾਰ ਦੀ ਅਰਥੀ ਫੂਕ ਕੇ ਰੋਸ ਮੁਜਾਹਰਾ ਕੀਤਾ ਗਿਆ। ਇਸ ਮੌਕੇ ਸੀ. ਪੀ. ਆਈ. ਐੱਮ. ਦੇ ਜ਼ਿਲ੍ਹਾ ਸਕੱਤਰ ਕਾਮਰੇਡ ਬਜਿੰਦਰ ਪੰਡਤ ਨੇ ਕਿਹਾ ਕਿ ਕਾਕਰੋਚ ਜਨਤਾ ਪਾਰਟੀ ਵਲੋਂ ਪਿਛਲੇ ਮਹੀਨੇ ਤੋਂ ਲਗਾਤਾਰ ਪੁਰ ਅਮਨ ਢੰਗ ਨਾਲ ਜੰਤਰ ਮੰਤਰ ਦਿੱਲੀ ਵਿਖੇ ਸੰਘਰਸ਼ ਕੀਤਾ ਜਾ ਰਿਹਾ ਹੈ। ਉਹਨਾਂ ਦੀ ਮੁੱਖ ਮੰਗ ਇਹ ਹੈ ਕਿ ਨੀਟ ਦੀ ਪ੍ਰੀਖਿਆਵਾਂ ਵਿਚ ਲਗਾਤਾਰ ਹੋਈ ਲੀਕਜ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ ਅਤੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦਾ ਅਸਤੀਫਾ ਲਿਆ ਜਾਵੇ। ਪਰ ਮੋਦੀ ਸਰਕਾਰ ਨੇ ਗੱਲ ਸੁਣਨ ਦੀ ਬਜਾਏ ਨੌਜਵਾਨਾਂ ਵਿਦਿਆਰਥੀਆਂ ’ਤੇ ਅੰਨਾ ਪੁਲਿਸ ਤਸ਼ੱਦਦ ਕੀਤਾ ਗਿਆ। ਜਿਸ ਨਾਲ ਸੈਂਕੜੇ ਵਿਦਿਆਰਥੀ ਸਖ਼ਤ ਜਖਮੀ ਹੋ ਗਏ। ਪੁਲਿਸ ਨੇ ਅੰਦੋਲਨ ਦਬਾਉਣ ਲਈ ਪਹਿਲਾਂ ਸੋਨਮ ਵਾਂਗਚੁਕ ਨੂੰ ਜਬਰੀ ਚੁੱਕ ਲਿਆ ਤੇ ਫਿਰ ਹਰ ਜੰਤਰ ਮੰਤਰ ਤੋਂ ਸੰਸਦ ਮਾਰਚ ਨੂੰ ਰੋਕਣ ਲਈ ਅਥਰੂ ਗੈਸ ਦੇ ਗੋਲੇ, ਲਾਠੀ ਚਾਰਜ ਹਰ ਤਰ੍ਹਾਂ ਦਾ ਪੁਲਿਸ ਤਸੱਸਦ ਕੀਤਾ ਗਿਆ। ਸੀ.ਪੀ.ਆਈ.ਐਮ. ਕੇਂਦਰ ਦੀ ਮੋਦੀ ਸਰਕਾਰ ਤੋਂ ਮੰਗ ਕਰਦੀ ਹੈ ਕਿ ਨੌਜਵਾਨਾਂ ਤੇ ਵਿਦਿਆਰਥੀਆਂ ਦੀ ਮੰਗ ਨੂੰ ਪੂਰਾ ਕੀਤਾ ਜਾਵੇ, ਉੱਚ ਪ੍ਰੀਖਿਆਵਾਂ ਵਿਚ ਹੋ ਰਹੀ ਲੀਕਜ ਨੂੰ ਬੰਦ ਕੀਤਾ ਜਾਵੇ। ਕਾਮਰੇਡ ਬਜਿੰਦਰ ਪੰਡਤ ਨੇ ਕਿਹਾ ਕਿ ਪੇਪਰ ਲੀਕ ਹੋਣ ਕਾਰਨ ਵਿਦਿਆਰਥੀਆਂ ਦੇ ਆਰਥਿਕ, ਮਾਨਸਿਕ ਬੋਝ ਬਹੁਤ ਵੱਧ ਜਾਂਦਾ ਹੈ। ਜਿਸ ਕਾਰਨ ਦਰਜਨਾਂ ਵਿਦਿਆਰਥੀ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੋ ਗਏ ਹਨ। ਇਸ ਮੌਕੇ ’ਤੇ ਸਕੱਤਰੇਤ ਮੈਂਬਰ ਕਾਮਰੇਡ ਸੁਰਜੀਤ ਸਿੰਘ ਢੇਰ, ਸਤਰਾਮ ਸਿੰਘ, ਰਾਕੇਸ਼ ਬਾਲੀ ਕਲਸੇੜਾ, ਤਰਸੇਮ ਸੁਖਸਾਲ, ਤਾਰਾ ਚੰਦ ਤੋਂ ਇਲਾਵਾ ਹੋਰ ਵੀ ਪਾਰਟੀ ਸਾਥੀ ਹਾਜ਼ਰ ਸਨ। ਪਾਰਟੀ ਸਾਥੀਆਂ ਨੇ ਸਥਾਨਕ ਬੱਸ ਸਟੈਂਡ ਦੇ ਨੇੜੇ ਕੇਂਦਰ ਦੀ ਮੋਦੀ ਸਰਕਾਰ ਦੀ ਅਰਥੀ ਫੂਕ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਤੇ ਮੰਗ ਕੀਤੀ ਕਿ ਗ੍ਰਿਫ਼ਤਾਰ ਸੰਘਰਸ਼ਸ਼ੀਲ ਲੋਕਾਂ ਨੂੰ ਫੌਰੀ ਤੌਰ ’ਤੇ ਰਿਹਾਅ ਕੀਤਾ ਜਾਵੇ।।
ਮਾਮਲਾ ਜੰਤਰ ਮੰਤਰ ਦਿੱਲੀ ਵਿਖੇ ਵਿਦਿਆਰਥੀਆਂ ’ਤੇ ਕੀਤੇ ਅੰਨ੍ਹੇ ਤਸ਼ੱਦਦ ਦਾ-ਸੀ. ਪੀ. ਆਈ. ਐੱਮ. ਨੇ ਰੋਸ ਵਜੋਂ ਕੇਂਦਰ ਸਰਕਾਰ ਦੀ ਅਰਥੀ ਫ਼ੂਕ ਕੇ ਕੀਤਾ ਰੋਸ ਪ੍ਰਦਰਸ਼ਨ
ਅਜੀਤ ਡੈਸਕ
22-07-2026