ਨੰਗਲ, 21 ਜੁਲਾਈ (ਪ੍ਰੀਤਮ ਸਿੰਘ ਬਰਾਰੀ)- ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਪੰਜਾਬ ਨੇ ਬੀਤੇ ਐਤਵਾਰ ਸਥਾਨਕ ਵਰੁਣ ਦੇਵ ਮੰਦਰ ਨੇੜੇ ਖ਼ਵਾਜਾ ਪੀਰ ਵਿਖੇ ਬੇੜਾ ਛੱਡਣ ਦੀ ਰਸਮ ਅਦਾ ਕੀਤੀ ਤੇ ਇਲਾਕਾ ਵਾਸੀਆਂ ਦੇ ਭਰਵੇਂ ਤੇ ਪ੍ਰਭਾਵਸ਼ਾਲੀ ਸੰਗਤਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਨੰਗਲ ਸ਼ਹਿਰ ਦੇ ਸਰਵਪੱਖੀ ਵਿਕਾਸ ਨਾਲ ਨੁਹਾਰ ਬਦਲਣ ਦਾ ਵਾਅਦਾ ਮੁੜ ਦੁਹਰਾਇਆ। ਕੈਬਨਿਟ ਮੰਤਰੀ ਨੇ ਇਸ ਮੌਕੇ ਧਾਰਮਿਕ ਸ਼ਖ਼ਸੀਅਤਾਂ, ਸੰਤਾਮਹਾਪੁਰਸ਼ਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਬੈਂਸ ਨੇ ਕਿਹਾ ਕਿ ਹਰ ਸਾਲ ਇਸ ਦਿਨ ਦਾ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ, ਨੰਗਲ ਸ਼ਹਿਰ ਦਰਿਆ ਤੇ ਵਸਿਆ ਹੈ ਤੇ ਖ਼ਵਾਜਾ ਹਮੇਸ਼ਾ ਸਾਡੀ ਰੱਖਿਆ ਕਰਦਾ ਹੈ, ਸਾਡੀ ਆਪਸੀ ਭਾਈਚਾਰਕ ਸਾਂਝ ਮਜ਼ਬੂਤ ਹੈ ਤੇ ਸਾਰੇ ਤਿਉਹਾਰ ਰਲ ਮਿਲ ਕੇ ਮਨਾਉਂਦੇ ਹਾਂ। ਇਲਾਕੇ ਦੇ ਪ੍ਰਸਿੱਧ ਖ਼ਵਾਜਾ ਪੀਰ ਮੰਦਰ (ਵਰੁਣ ਦੇਵ ਮੰਦਿਰ) ਵਿਖੇ ਹਰ ਸਾਲ ਦੋ ਦਿਨ ਚੱਲਣ ਵਾਲਾ ਸਲਾਨਾ ਜੋੜ ਮੇਲਾ ਅੱਜ ਸ਼ਰਧਾ ਤੇ ਉਤਸ਼ਾਹ ਨਾਲ ਸੰਪੰਨ ਹੋ ਗਿਆ। ਮੇਲੇ ਦੇ ਦੂਜੇ ਦਿਨ ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਲਗਵਾਈ ਤੇ ਵਿਧੀ ਪੂਰਵਕ ਪੂਜਾ ਕਰਨ ਉਪਰੰਤ ਬੇੜਾ ਛੱਡਣ ਦੀ ਰਸਮ ਅਦਾ ਕੀਤੀ। ਇਸ ਮੌਕੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਸਮੂਹ ਸੰਗਤਾਂ ਵਲੋਂ ਸਮੁੱਚੀ ਮਾਨਵਤਾ ਦਾ ਭਲਾ ਮੰਗਦਿਆਂ ਹੋਏ ਬੇੜਾ ਜਲ ਪ੍ਰਵਾਹ ਕੀਤਾ ਗਿਆ। ਕੈਬਨਿਟ ਮੰਤਰੀ ਨੇ ਕਿਹਾ ਕਿ ਸਾਡਾ ਧਰਮ ਅਤੇ ਸੰਸਕ੍ਰਿਤੀ ਸੰਸਾਰ ਭਰ ਵਿਚ ਸਭ ਤੋ ਉੱਤਮ ਮੰਨਿਆ ਗਿਆ ਹੈ। ਵੱਖ ਵੱਖ ਧਰਮਾਂ ਵਾਲੇ ਸਾਡੇ ਦੇਸ਼ ਵਿਚ ਅਨੇਕਤਾ ਵਿਚ ਏਕਤਾ ਨਜ਼ਰ ਆਉਂਦੀ ਹੈ। ਇਸ ਮੌਕੇ ਕਮੇਟੀ ਮੈਂਬਰ ਦਿਲਬਾਗ ਪਰਮਾਰ, ਸੋਮਨਾਥ, ਰਾਕੇਸ਼ ਮਹਿਤਾ, ਸੁਰਜੀਤ ਸਿੰਘ, ਜਗਦੀਸ਼ ਜੱਗੀ, ਸੁਰਿੰਦਰ ਛਿੰਦਾ, ਓਮ ਪ੍ਰਕਾਸ਼, ਕਮਲ ਘਈ, ਸੰਜੀਵ ਕੁਮਾਰ, ਵਕੀਲ ਚੰਦ, ਹਰਪ੍ਰੀਤ ਸਿੰਘ ਹੈਪੀ, ਅਨੁਜ ਠਾਕੁਰ ਨੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦਾ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਡਾ.ਸੰਜੀਵ ਗੌਤਮ ਜ਼ਿਲ੍ਹਾ ਪ੍ਰਧਾਨ ਰੂਪਨਗਰ, ਨਗਰ ਕੌਂਸਲ ਚੇਅਰਮੈਨ ਕਿਰਨ ਬਾਲਾ, ਦੀਪਕ ਸੋਨੀ ਚੇਅਰਮੈਨ ਖੱਤਰੀ/ਅਰੋੜਾ ਵੈੱਲਫੇਅਰ ਬੋਰਡ, ਸੁਖਜੀਤ ਸਿੰਘ, ਐਡਵੋਕੇਟ ਸੰਜੀਵ ਕੁਮਾਰ, ਵਿੱਕੀ ਮਹਿਤਾ, ਮੋਨਿਕਾ, ਪੂਜਾ, ਰਾਜ, ਸੁਖਵਿੰਦਰਜੀਤ ਸਿੰਘ, ਜਤਿੰਦਰਪਾਲ ਸਿੰਘ, ਮੋਹਿਤ ਖ਼ਾਨ, ਸ਼ਿਵ ਰਾਣਾ, ਦਿਨੇਸ਼ ਮਹਿਤਾ ਤੇ ਹੋਰ ਹਾਜ਼ਰ ਸਨ।