13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਹੱਤਿਆ ਦੇ ਮਾਮਲੇ ’ਚ ਗ੍ਰਿਫ਼ਤਾਰ ਮੁਲਜ਼ਮਾਂ ਨੂੰ ਅਦਾਲਤ ਨੇ ਦੋ ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜਿਆ

Ad Position 21
No active advertisement
ਅਜੀਤ ਡੈਸਕ 22-07-2026
ਡੇਰਾਬੱਸੀ, 21 ਜੁਲਾਈ (ਗੁਰਮੀਤ ਸਿੰਘ)-ਡੇਰਾਬੱਸੀ ਨੇੜੇ ਅੰਬਾਲਾ-ਕਾਲਕਾ ਰੇਲਵੇ ਲਾਈਨ ‘ਤੇ 4 ਮਹੀਨੇ ਪਹਿਲਾਂ ਮਿਲੀ 54 ਸਾਲਾ ਕਰਮ ਸਿੰਘ ਦੀ ਲਾਸ਼ ਦੇ ਅੰਨ੍ਹੇ ਕਤਲ ਦੀ ਗੁੱਥੀ ਰੇਲਵੇ ਪੁਲਿਸ ਨੇ ਸੁਲਝਾਉਣ ਦਾ ਦਾਅਵਾ ਕੀਤਾ ਹੈ। ਇਸ ਮਾਮਲੇ ‘ਚ ਪੁਲਿਸ ਨੇ ਪਿੰਡ ਮੁਕੰਦਪੁਰ ਦੇ ਰਹਿਣ ਵਾਲੇ ਗੁਰਜੀਤ ਸਿੰਘ ਅਤੇ ਸਰਬਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਨੂੰ ਅੱਜ ਡੇਰਾਬੱਸੀ ਅਦਾਲਤ ‘ਚ ਪੇਸ਼ ਕਰਕੇ ਪੁਲਿਸ ਨੇ 5 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ, ਪਰ ਅਦਾਲਤ ਨੇ ਦੋਵਾਂ ਨੂੰ 2 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜਣ ਦੇ ਹੁਕਮ ਸੁਣਾਏ। ਰੇਲਵੇ ਪੁਲਿਸ ਅਨੁਸਾਰ ਮਾਮਲੇ ਦੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਕਰਮ ਸਿੰਘ ਦੀ ਹੱਤਿਆ ਦਾ ਕਾਰਨ ਇਕ ਚੋਰੀਸ਼ੁਦਾ ਕਾਰ ਨੂੰ ਲੈ ਕੇ ਹੋਇਆ ਵਿਵਾਦ ਸੀ। ਮੁੱਢਲੀ ਜਾਂਚ ਦੌਰਾਨ ਪਤਾ ਚੱਲਿਆ ਹੈ ਕਿ ਕਰਮ ਸਿੰਘ ਚੋਰੀ ਕੀਤੀ ਕਾਰ ਲੈ ਕੇ ਆਇਆ ਸੀ ਅਤੇ ਮੁਲਜ਼ਮ ਉਸ ਨੂੰ ਅੱਗੇ ਵੇਚਣਾ ਚਾਹੁੰਦੇ ਸਨ। ਇਸ ਦੌਰਾਨ ਪੈਦਾ ਹੋਏ ਵਿਵਾਦ ਕਾਰਨ ਦੋਵਾਂ ਨੇ ਕਥਿਤ ਤੌਰ ‘ਤੇ ਸਾਜ਼ਿਸ਼ ਰਚ ਕੇ ਪਹਿਲਾਂ ਕਰਮ ਸਿੰਘ ਦੇ ਹੱਥ-ਪੈਰ ਬੰਨ੍ਹੇ ਸਨ ਅਤੇ ਫ਼ਿਰ ਉਸ ਨੂੰ ਪਿੰਡ ਜਨੇਤਪੁਰ ਅੰਡਰਪਾਸ ਨੇੜੇ ਰੇਲਵੇ ਟਰੈਕ ‘ਤੇ ਸੁੱਟ ਦਿੱਤਾ ਸੀ। ਕੁਝ ਸਮੇਂ ਬਾਅਦ ਉਥੋਂ ਲੰਘੀ ਰੇਲ-ਗੱਡੀ ਦੀ ਲਪੇਟ ‘ਚ ਆਉਣ ਨਾਲ ਕਰਮ ਸਿੰਘ ਦੀ ਮੌਤ ਹੋ ਗਈ ਸੀ। ਜ਼ਿਕਰਯੋਗ ਹੈ ਕਿ 10 ਮਾਰਚ ਸਵੇਰ ਸਮੇਂ ਰੇਲਵੇ ਟਰੈਕ ‘ਤੇ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਤੋਂ ਬਾਅਦ ਰੇਲਵੇ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਮ੍ਰਿਤਕ ਦੇ ਹੱਥ-ਪੈਰ ਬੰਨ੍ਹੇ ਹੋਣ ਕਾਰਨ ਸ਼ੁਰੂ ਤੋਂ ਹੀ ਮਾਮਲਾ ਹੱਤਿਆ ਦਾ ਜਾਪ ਰਿਹਾ ਹੈ। ਮੌਕੇ ਤੋਂ ਕੋਈ ਪਛਾਣ ਪੱਤਰ ਨਾ ਮਿਲਣ ਕਰਕੇ ਮ੍ਰਿਤਕ ਦੀ ਪਹਿਲਾਂ ਪਛਾਣ ਨਹੀਂ ਹੋ ਸਕੀ, ਪਰ ਬਾਅਦ ‘ਚ ਖੱਬੀ ਬਾਂਹ ‘ਤੇ ਬਣੇ ‘ਕੇ. ਐੱਸ. ਆਰ. ਡੀ.’ ਦੇ ਨਿਸ਼ਾਨ ਅਤੇ ਹੋਰਨਾਂ ਸਬੂਤਾਂ ਦੇ ਆਧਾਰ ‘ਤੇ ਉਸ ਦੀ ਪਛਾਣ ਮਹਿਮਦਪੁਰ ਦੇ ਰਹਿਣ ਵਾਲੇ ਕਰਮ ਸਿੰਘ ਵਜੋਂ ਹੋਈ ਸੀ। ਪੁਲਿਸ ਨੇ ਮੋਬਾਈਲ ਡਾਟਾ, ਕਾਲ ਡਿਟੇਲ ਰਿਕਾਰਡ ਅਤੇ ਹੋਰ ਤਕਨੀਕੀ ਸਬੂਤਾਂ ਦੀ ਮਦਦ ਨਾਲ ਦੋਵਾਂ ਮੁਲਜ਼ਮਾਂ ਤੱਕ ਪਹੁੰਚ ਬਣਾਈ। ਪ੍ਰਾਪਤ ਜਾਣਕਾਰੀ ਅਨੁਸਾਰ ਗ੍ਰਿਫ਼ਤਾਰ ਮੁਲਜ਼ਮਾਂ ‘ਚੋਂ ਇਕ ਦੱਪਰ ਟੋਲ ਪਲਾਜ਼ਾ ਨੇੜੇ ਟਾਇਰ ਪੈਂਚਰ ਦੀ ਦੁਕਾਨ ਚਲਾਉਂਦਾ ਹੈ।
ਰੇਲਵੇ ਪੁਲਿਸ ਦਾ ਕਹਿਣਾ ਹੈ ਕਿ ਦੋ ਦਿਨਾਂ ਦੇ ਰਿਮਾਂਡ ਦੌਰਾਨ ਮੁਲਜ਼ਮਾਂ ਤੋਂ ਮਾਮਲੇ ਨਾਲ ਜੁੜੇ ਹੋਰਨਾਂ ਤੱਥਾਂ ਅਤੇ ਸੰਭਾਵਿਤ ਸਾਥੀਆਂ ਬਾਰੇ ਪੁੱਛਗਿੱਛ ਕੀਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਡਾਲਫਿਨ ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਲਈ ਵਣ ਤੇ ਜੰਗਲੀ ਜੀਵ ਵਿਭਾਗ ਦੇ ਅਧਿਕਾਰੀ ਵਿਆਪਕ ਯੋਜਨਾ ਤਿਆਰ ਕਰਨ-ਅਕਾਸ਼ ਬਾਂ... ਅਗਲੀ ਖ਼ਬਰ ਗੁਰਦੁਆਰਾ ਸਿੰਘ ਸਭਾ ਨਯਾ ਨੰਗਲ ਪ੍ਰਬੰਧਕ ਕਮੇਟੀ ਦੀ ਹੋਈ ਇਕੱਤਰਤਾ
Ad Position 24