ਕਪੂਰਥਲਾ, 21 ਜੁਲਾਈ (ਅਮਰਜੀਤ ਕੋਮਲ)-ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਅਧਿਕਾਰੀ ਜ਼ਿਲ੍ਹੇ ਵਿਚ ਬਿਆਸ ਦਰਿਆ ਦੇ ਨਾਲ ਨਾਲ ਬੋਟਿੰਗ, ਡਾਲਫਿਨ ਦੇਖਣ ਲਈ ਨਿਸ਼ਚਿਤ ਸਥਾਨਾਂ ਅਤੇ ਹੋਰ ਈਕੋ ਟੂਰਿਜ਼ਮ ਗਤੀਵਿਧੀਆਂ ਰਾਹੀਂ ਡਾਲਫਿਨ ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਲਈ ਇਕ ਵਿਆਪਕ ਯੋਜਨਾਬੰਦੀ ਤਿਆਰ ਕਰਨ | ਇਹ ਗੱਲ ਅਕਾਸ਼ ਬਾਂਸਲ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਅਧਿਕਾਰੀਆਂ ਦੀ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੀ | ਉਨ੍ਹਾਂ ਕਿਹਾ ਕਿ ਜ਼ਿਲ੍ਹੇ ਅਧੀਨ ਆਉਂਦਾ ਬਿਆਸ ਦਰਿਆ ਪੰਜਾਬ ਦੇ ਰਾਜ ਜਲ ਜੀਵ ਇੰਡਸ ਰਿਵਰ ਡਾਲਫਿਨ ਦਾ ਗੜ ਹੈ ਤੇ ਫਿਲਹਾਲ ਬਿਆਸ ਰਿਵਰ ਕੰਜ਼ਰਵੇਸ਼ਨ ਰਿਜ਼ਰਵ ਵਿਚ ਤਿੰਨ ਡਾਲਫਿਨ ਦੀ ਪਹਿਚਾਣ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਦੇਸੀ ਦੇ ਨਾਲ ਨਾਲ ਅੰਤਰਰਾਸ਼ਟਰੀ ਸੈਲਾਨੀਆਂ ਲਈ ਇਕ ਵੱਡਾ ਆਕਰਸ਼ਨ ਕੇਂਦਰ ਬਣਨ ਦੀ ਸੰਭਾਵਨਾ ਹੈ | ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ‘ਡਾਲਫਿਨ ਮਿੱਤਰਾਂ’ ਲਈ ਢੁਕਵੇਂ ਰੁਜ਼ਗਾਰ ਤੇ ਆਜੀਵਕਾ ਦੇ ਮੰਤਵ ਨੂੰ ਯਕੀਨੀ ਬਣਾਏਗਾ ਤਾਂ ਜੋ ਉਹ ਸੰਭਾਲ ਦੇ ਯਤਨਾਂ ਵਿਚ ਪ੍ਰਭਾਵਸ਼ਾਲੀ ਢੰਗ ਨਾਲ ਆਪਣਾ ਯੋਗਦਾਨ ਪਾ ਸਕਣ | ਉਨ੍ਹਾਂ ਕਿਹਾ ਕਿ ਪ੍ਰਸਤਾਵਿਤ ਪ੍ਰੋਜੈਕਟ ਕਪੂਰਥਲਾ ਨੂੰ ਅੰਤਰਰਾਸ਼ਟਰੀ ਸੈਰ ਸਪਾਟਾ ਨਕਸ਼ੇ ‘ਤੇ ਲਿਆਉਣ ਲਈ ਮਦਦ ਕਰੇਗਾ ਤੇ ਨਾਲ ਹੀ ਸਥਾਨਕ ਨਿਵਾਸੀਆਂ ਲਈ ਰੁਜ਼ਗਾਰ ਦੇ ਨਵੇਂ ਅਵਸਰ ਵੀ ਪੈਦਾ ਹੋਣਗੇ | ਉਨ੍ਹਾਂ ਅਧਿਕਾਰੀਆਂ ਨੂੰ ਬਿਆਸ ਦਰਿਆ ਦੇ ਨਾਲ ਨਾਲ ਅਜਿਹੇ ਢੁਕਵੇਂ ਸਥਾਨਾਂ ਦੀ ਪਹਿਚਾਣ ਕਰਨ ਲਈ ਕਿਹਾ, ਜਿੱਥੋਂ ਸੈਲਾਨੀ ਡਾਲਫਿਨ ਦੇ ਕੁਦਰਤੀ ਨਿਵਾਸ ਅਸਥਾਨ ਨੂੰ ਨੁਕਸਾਨ ਪਹੁੰਚਾਏ ਬਿਨ੍ਹਾਂ ਸੁਰੱਖਿਅਤ ਤੇ ਸੁਖਾਲੇ ਢੰਗ ਨਾਲ ਉਨ੍ਹਾਂ ਨੂੰ ਦੇਖ ਸਕਣ | ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਪਹਿਲ ਕਦਮੀ ਦੀ ਸਫ਼ਲਤਾ ਲਈ ਵਾਈਲਡ ਲਾਈਫ਼ ਵਿਭਾਗ, ਡਬਲਯੂ.ਡਬਲਯੂ.ਐਫ.ਇੰਡੀਆ ਤੇ ਸਥਾਨਕ ਲੋਕਾਂ ਦਰਮਿਆਨ ਸਰਗਰਮ ਸਹਿਯੋਗ ਜ਼ਰੂਰੀ ਹੋਵੇਗਾ | ਉਨ੍ਹਾਂ ਕਿਹਾ ਕਿ ਇਸ ਨਾਲ ਜਿੱਥੇ ਸੈਰ ਸਪਾਟਾ ਢਾਂਚਾ ਵਿਕਸਿਤ ਹੋਵੇਗਾ, ਉੱਥੇ ਪ੍ਰਸ਼ਾਸਨ ਇਸ ਦੁਰਲੱਭ ਅਤੇ ਇਸ ਲੁਪਤ ਹੋ ਰਹੀ ਪ੍ਰਜਾਤੀ ਦੇ ਕੁਦਰਤੀ ਨਿਵਾਸ ਅਸਥਾਨ ਦੀ ਪੂਰੀ ਸੁਰੱਖਿਆ ਯਕੀਨੀ ਬਣਾਏਗਾ | ਮੀਟਿੰਗ ਵਿਚ ਵਣ ਤੇ ਜੰਗਲੀ ਜੀਵਨ ਸੁਰੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਰਿਜ਼ਰਵ ਖੇਤਰ ਵਿਚ ਡਾਲਫਿਨ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖਣ ਲਈ ਬਿਆਸ ਦਰਿਆ ਵਿਚ 17 ਡਾਲਫਿਨ ਮਿੱਤਰ ਤਾਇਨਾਤ ਕੀਤੇ ਗਏ ਹਨ ਤੇ ਇਨ੍ਹਾਂ ਵਲੰਟੀਅਰਾਂ ਨੂੰ ਵਿਭਾਗ ਵਲੋਂ ਸੰਭਾਲ ਅਤੇ ਸਬੰਧਿਤ ਡਿਊਟੀਆਂ ਲਈ ਬੁਨਿਆਦੀ ਸਿਖਲਾਈ ਵੀ ਦਿੱਤੀ ਗਈ ਹੈ | ਇਸ ਮੌਕੇ ਡਬਲਯੂ.ਡਬਲਯੂ.ਐਫ. ਇੰਡੀਆ ਦੀ ਕੋਆਰਡੀਨੇਟਰ ਗੀਤਾਂਜਲੀ ਕੰਵਰ, ਜੰਗਲੀ ਜੀਵ ਰੇਂਜ ਅਫ਼ਸਰ ਜਸਵੰਤ ਸਿੰਘ, ਬਲਾਕ ਅਫ਼ਸਰ ਰਣਜੀਤ ਸਿੰਘ, ਇੰਚਾਰਜ ਵਣ ਤੇ ਜੰਗਲੀ ਜੀਵ ਕਪੂਰਥਲਾ ਬੋਬਿੰਦਰ ਸਿੰਘ, ਇੰਚਾਰਜ ਜੰਗਲੀ ਜੀਵ ਬੀੜ ਸੁਲਤਾਨਪੁਰ ਲੋਧੀ ਰਣਬੀਰ ਸਿੰਘ ਆਦਿ ਸ਼ਾਮਲ ਸਨ |