ਕੀਰਤਪੁਰ ਸਾਹਿਬ/ਬੁੰਗਾ ਸਾਹਿਬ, 22 ਜੁਲਾਈ (ਬੀਰ ਅੰਮ੍ਰਿਤਪਾਲ ਸਿੰਘ ਸੰਨੀ, ਸੁਖਚੈਨ ਸਿੰਘ ਰਾਣਾ)- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਨੈਸ਼ਨਲ ਹਾਈਵੇ ਤੇ ਮੋੜਾ ਟੋਲ ਪਲਾਜਾ ਤੇ ਤਿੰਨ ਘੰਟੇ ਲਈ ਪਰਚੀ ਮੁਕਤ ਕਰਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਤੇ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਅਮਰੀਕਾ ਨਾਲ ਮੁਕਤ ਵਪਾਰ ਸਮਝੌਤਾ (ਐੱਫ.ਟੀ.ਏ.) ਕਰ ਰਹੀ ਹੈ। ਜਿਸ ਨਾਲ ਦੇਸ਼ ਦੀ ਖੇਤੀ ਬਰਬਾਦ ਹੋ ਜਾਵੇਗੀ। ਇਹ ਸਮਝੌਤਾ ਦੇਸ਼ ਦੀ ਕਿਸਾਨੀ ਲਈ ਮੌਤ ਦੇ ਵਾਰੰਟ ਸਾਬਤ ਹੋਵੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਅਮਰੀਕਾ ਆਪਣੇ ਦੇਸ਼ ਦੇ ਕਿਸਾਨਾਂ ਨੂੰ ਵੱਡੇ ਪੱਧਰ ’ਤੇ ਸਬਸਿਡੀਆਂ ਦੇ ਰਿਹਾ ਹੈ। ਉਥੋਂ ਖੇਤੀ ਨਾਲ ਸੰਬੰਧਿਤ ਚੀਜ਼ਾਂ ਜਦੋਂ ਭਾਰਤ ਦੀ ਮੰਡੀ ਵਿਚ ਸਸਤੀਆਂ ਫਰੀ ਟੈਕਸ ਤੋਂ ਲੋਕਾਂ ਨੂੰ ਮਿਲਣਗੀਆਂ ਤਾਂ ਇਥੋਂ ਦੇ ਖੇਤੀ ਉਜੜ ਜਾਵੇਗੀ। ਜਦੋਂ ਕਿ ਭਾਰਤ ਵਿਚ ਕਿਸਾਨਾਂ ਨੂੰ ਮਿਲਣ ਵਾਲੀਆਂ ਸਬਸਿਡੀਆ ਖਤਮ ਕੀਤੀਆਂ ਜਾ ਰਹੀਆਂ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਭਾਰਤ ਖੇਤੀ ਕਰਨ ਵਾਲਾ ਪ੍ਰਮੁੱਖ ਦੇਸ਼ ਹੈ। ਪਰ ਜੇਕਰ ਦੀ ਖੇਤੀ ਉਜੜਦੀ ਹੈ ਤਾਂ ਦੇਸ਼ ਦੇ ਕਿਸਾਨ ਵੀ ਉਜੜ ਜਾਣਗੇ। ਉਹਨਾਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੂੰ ਲਾਭ ਦੇਣ ਦੀ ਖਾਤਰ ਇਹ ਸਾਰੇ ਸਮਝੌਤੇ ਕਰ ਰਹੀ ਹੈ। ਇਸ ਦੇ ਨਾਲ ਨਾਲ ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਸਾਲ ਪਹਿਲਾਂ ਲੈਂਡ ਪੋਲਿੰਗ ਨੀਤੀ ਵਿਧਾਨ ਸਭਾ ਦੇ ਵਿਚ ਵਾਪਸ ਲਈ ਸੀ, ਪਰ ਹੁਣ ਉਹ ਫਿਰ ਨੀਤੀ ਲਾਗੂ ਕਰਕੇ ਦਿੱਲੀ ਦੇ ਕਾਰਪੋਰੇਟਾਂ ਨੂੰ ਲਾਭ ਦੇਣ ਲਈ ਕਿਸਾਨਾਂ ਦੀਆਂ ਜਮੀਨਾਂ ਤੇ ਕਬਜ਼ਾ ਕਰਨ ਲਈ ਰਾਹ ਪੱਧਰੇ ਕਰ ਰਿਹਾ ਹੈ। ਇਸ ਦੇ ਖਿਲਾਫ ਪਹਿਲਾਂ ਵੀ ਸੰਘਰਸ਼ ਕਰਕੇ ਜਿੱਤ ਪ੍ਰਾਪਤ ਕੀਤੀ ਅਤੇ ਹੁਣ ਵੀ ਕਿਸਾਨ ਜਿੱਤ ਪ੍ਰਾਪਤ ਕਰਨਗੇ। ਪੰਜਾਬ ਦਾ ਕਿਸਾਨ ਕਿਸੇ ਵੀ ਹਾਲਤ ਵਿਚ ਆਪਣੀਆਂ ਜਮੀਨਾਂ ਨਹੀਂ ਛੱਡੇਗਾ। ਇਸ ਮੌਕੇ ਵੱਡੀ ਗਿਣਤੀ ਵਿਚ ਹਾਜ਼ਰ ਕਿਸਾਨਾਂ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵਲੋਂ ਲਗਾਤਾਰ ਸੰਘਰਸ਼ਸ਼ੀਲ ਲੋਕਾਂ ਤੇ ਕੀਤੇ ਜਾ ਰਹੇ ਅੰਨੇ ਵਾਹ ਤਸ਼ੱਦਦ ਦੀ ਵੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ। ਉਹਨਾਂ ਨੇ ਕਿਹਾ ਕਿ ਨਾ ਦਿੱਲੀ ਦੀ ਸਰਕਾਰ ਲੋਕਾਂ ਨੂੰ ਕੁੱਟਣ ਵਿਚ ਕਸਰ ਕੋਈ ਬਾਕੀ ਬਾਕੀ ਛੱਡ ਰਹੀ ਹੈ ਤੇ ਨਾ ਹੀ ਪੰਜਾਬ ਸਰਕਾਰ ਕੋਈ ਕਸਰ ਬਾਕੀ ਛੱਡ ਰਹੀ ਹੈ। ਕਿਸਾਨ ਆਗੂ ਨੇ ਲੜਨ ਵਾਲੇ ਸੰਘਰਸ਼ੀ ਲੋਕਾਂ ਨਾਲ ਇੱਕਮੁਠਤਾ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ’ਤੇ ਵੀਰ ਸਿੰਘ ਬੜਵਾ, ਕਾਮਰੇਡ ਸੁਰਜੀਤ ਸਿੰਘ ਢੇਰ, ਗੁਰਨਾਮ ਸਿੰਘ ਔਲਖ, ਗੁਰਨੈਬ ਸਿੰਘ ਜੇਤੇਵਾਲ, ਦਰਸ਼ਨ ਸਿੰਘ ਬੜਵਾ, ਹਰਪ੍ਰੀਤ ਸਿੰਘ ਭੱਟੋ, ਜੈਮਲ ਸਿੰਘ ਭੜੀ, ਬਲਵੀਰ ਸਿੰਘ ਨੰਗਲੀ, ਦਵਿੰਦਰ ਸਿੰਘ ਨੰਗਲੀ,ਧਰਮਪਾਲ ਸੈਣੀ, ਸੇਵਾ ਸਿੰਘ ਕੀਰਤਪੁਰ, ਸਮਸ਼ੇਰ ਸਿੰਘ ਸ਼ੇਰਾ, ਬਰਜਿੰਦਰ ਸਿੰਘ ਡੋਡ ,ਮਨਜੀਤ ਸਿੰਘ ਰਾਹੀ, ਨਰਿੰਦਰ ਸਿੰਘ ਮਾਵੀ,ਮੇਲਾ ਸਿੰਘ ਬਰੂਆਲ, ਮੋਹਨ ਲਾਲ ਸੈਣੀ, ਬਲਵੀਰ ਸਿੰਘ, ਕਰਮ ਚੰਦ ਘਨਾਰੂ, ਪ੍ਰੇਮ ਸਿੰਘ ਅਟਵਾਲ, ਗੁਰਦਿਆਲ ਸਿੰਘ ਅਟਵਾਲ, ਕੁਲਵਿੰਦਰ ਸਿੰਘ ਭੰਗਲ, ਸੋਹਨ ਲਾਲ, ਅਰਸ਼ ਸਿੰਘ ਢਾਹੇ, ਮਾਸਟਰ ਕਿਰਪਾਲ ਸਿੰਘ ਭੱਟੋ, ਸੰਤੋਖ਼ ਸਿੰਘ ਸਮੇਤ ਹੋਰ ਕਿਸਾਨ ਆਗੂ ਵੱਡੀ ਗਿਣਤੀ ਵਿਚ ਹਾਜ਼ਰ ਸਨ। ਇਸ ਮੌਕੇ ’ਤੇ ਕਿਸਾਨਾਂ ਨੇ ਕੇਂਦਰ ਤੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ।