ਸ੍ਰੀ ਚਮਕੌਰ ਸਾਹਿਬ, 22 ਜੁਲਾਈ (ਜਗਮੋਹਣ ਸਿੰਘ ਨਾਰੰਗ)-ਨਜ਼ਦੀਕੀ ਪਿੰਡ ਰੁੜਕੀ ਹੀਰਾਂ ਦੇ ਗ੍ਰੀਨਵੇਜ ਸਕੂਲ, ਅਪਣਾ ਪੰਜਾਬ ਫਾਊਂਡੇਸ਼ਨ ਤੇ ਰੋਟਰੀ ਕਲੱਬ ਚੰਡੀਗੜ੍ਹ ਸੈਂਟਰਲ ਦੇ ਉਪਰਾਲੇ ਸਦਕਾ ਡਾ. ਜਗਜੀਤ ਸਿੰਘ ਧੂਰੀ ਦੀ ਅਗਵਾਈ ਹੇਠ ‘ਇੱਕ ਕਦਮ ਆਸ ਦਾ’ ਮੁਹਿੰਮ ਤਹਿਤ ਤੀਜਾ ਮੁਫ਼ਤ ਬਨਾਵਟੀ ਲੱਤ ਕੈਂਪ 25 ਜੁਲਾਈ ਨੂੰ ਮਾਡਰਨ ਸੈਕੂਲਰ ਪਬਲਿਕ ਸਕੂਲ ਧੂਰੀ ਵਿਖੇ ਲਗਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਗ੍ਰੀਨਵੇਜ ਸਕੂਲ ਰੁੜਕੀ ਹੀਰਾਂ ਦੇ ਮੈਨੇਜਿੰਗ ਡਾਇਰੈਕਟਰ ਹਰਜਿੰਦਰ ਸਿੰਘ ਮੱਲ੍ਹੀ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਬਨਾਵਟੀ ਅੰਗਾਂ ਦੇ ਮਾਹਿਰ ਡਾਕਟਰਾਂ ਤੇ ਟੈਕਨੀਸ਼ੀਅਨਾਂ ਦੀ ਟੀਮ ਵਲੋਂ ਲੋੜਵੰਦ ਵਿਅਕਤੀਆਂ ਦੀ ਜਾਂਚ ਕੀਤੀ ਜਾਵੇਗੀ ਤੇ ਉਨ੍ਹਾਂ ਦੀ ਸਰੀਰਕ ਬਣਤਰ ਅਤੇ ਲੋੜ ਅਨੁਸਾਰ ਬਨਾਵਟੀ ਲੱਤ ਤਿਆਰ ਕਰਨ ਲਈ ਮਾਪ ਲਵੇਗੀ। ਇਸ ਤੋਂ ਬਾਅਦ ਹਰ ਯੋਗ ਲਾਭਪਾਤਰੀ ਨੂੰ ਉਸ ਦੇ ਮਾਪ ਅਨੁਸਾਰ ਉਚ ਗੁਣਵੱਤਾ ਵਾਲੀ ਬਨਾਵਟੀ ਲੱਤ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਕੈਂਪ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਜਾਂਚ, ਮਾਪ, ਬਨਾਵਟੀ ਲੱਤ ਦੀ ਤਿਆਰੀ ਤੇ ਫਿਟਿੰਗ ਸਮੇਤ ਪੂਰੀ ਪ੍ਰਕਿਰਿਆ ਪੂਰੀ ਤਰ੍ਹਾਂ ਮੁਫਤ ਹੋਵੇਗੀ। ਇਸ ਲਈ ਕਿਸੇ ਵੀ ਤਰ੍ਹਾਂ ਦੀ ਕੋਈ ਫੀਸ ਨਹੀਂ ਲਈ ਜਾਵੇਗੀ। ਉਨ੍ਹਾਂ ਅਪੀਲ ਕੀਤੀ ਕਿ ਜਿਨ੍ਹਾਂ ਵਿਅਕਤੀਆਂ ਦੀ ਕਿਸੇ ਕਾਰਨ ਲੱਤ ਕੱਟੀ ਗਈ ਹੈ ਅਤੇ ਉਹ ਬਨਾਵਟੀ ਲੱਤ ਲਗਵਾਉਣ ਦੇ ਇੱਛੁਕ ਹਨ, ਉਹ ਗ੍ਰੀਨਵੇਜ ਸਕੂਲ ਰੁੜਕੀ ਹੀਰਾਂ ਵਿਖੇ ਪਹੁੰਚ ਕੇ 24 ਜੁਲਾਈ ਤੱਕ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ ਤਾਂ ਜੋ ਕੈਂਪ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਉਨ੍ਹਾਂ ਲਈ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਜਾ ਸਕਣ ਤੇ ਬਾਅਦ ਵਿਚ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।