ਬੇਲਾ, 29 ਜੁਲਾਈ (ਮਨਜੀਤ ਸਿੰਘ ਸੈਣੀ)-ਸਿਡਰੀ ਹੈਲਥ ਸੈਂਟਰ ਵਜੀਦਪੁਰ ਵਿਖੇ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਵਿਸ਼ੇਸ਼ ਅੱਖਾਂ ਦੀ ਜਾਂਚ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਡਾ. ਦਵਿੰਦਰਬੀਰ ਸਿੰਘ ਰੂਰਲ ਮੈਡੀਕਲ ਅਫ਼ਸਰ ਵਲੋਂ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ ਤੇ ਵੱਖ-ਵੱਖ ਬਿਮਾਰੀਆਂ ਦੇ ਮਰੀਜ਼ਾਂ ਦੀ ਜਾਂਚ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਤਨਵੀਰ ਕੌਰ ਅਪਥੈਲਮਿਕ ਅਫ਼ਸਰ ਨੇ ਦੱਸਿਆ ਕਿ ਕੈਂਪ ਦੌਰਾਨ ਕੁੱਲ 65 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ। ਜਾਂਚ ਉਪਰੰਤ 54 ਮਰੀਜ਼ਾਂ ਵਿਚ ਰਿਫਰੈਕਟਿਵ ਐਰਰ (ਨਜ਼ਰ ਦੀ ਕਮੀ) ਪਾਈ ਗਈ, ਜਿਨ੍ਹਾਂ ਵਿੱਚੋਂ 49 ਮਰੀਜ਼ਾਂ ਨੂੰ ਮੁਫ਼ਤ ਐਨਕਾਂ ਵੰਡੀਆਂ ਗਈਆਂ ਅਤੇ 2 ਮਰੀਜ਼ਾਂ ਨੂੰ ਮੁਫ਼ਤ ਸਰਜਰੀ ਐਸ. ਡੀ. ਐਚ. ਸ੍ਰੀ ਚਮਕੌਰ ਸਾਹਿਬ ਵਿਖੇ ਰੈਫਰ ਕੀਤਾ ਗਿਆ। ਇਸ ਮੌਕੇ ਤੇ ਡਾ. ਦਵਿੰਦਰਬੀਰ ਨੇ ਕਿਹਾ ਕਿ 45 ਸਾਲ ਤੋਂ ਵੱਧ ਉਮਰ ਦੇ ਹਰ ਵਿਅਕਤੀ ਨੂੰ ਆਪਣੀਆਂ ਅੱਖਾਂ ਦੀ ਨਿਯਮਿਤ ਜਾਂਚ ਜ਼ਰੂਰ ਕਰਵਾਉਣੀ ਚਾਹੀਦੀ ਹੈ ਤਾਂ ਜੋ ਨਜ਼ਰ ਦੀ ਕਮੀ, ਮੋਤੀਆਬਿੰਦ ਅਤੇ ਹੋਰ ਅੱਖਾਂ ਦੀਆਂ ਬਿਮਾਰੀਆਂ ਦੀ ਸਮੇਂ ਸਿਰ ਪਛਾਣ ਕਰਕੇ ਇਲਾਜ ਕੀਤਾ ਜਾ ਸਕੇ। ਇਸ ਮੌਕੇ ਹਰਜਿੰਦਰ ਕੌਰ ਐਲ ਐਚ ਵੀ, ਏ. ਐਨ. ਐਮ. ਸਤਨਾਮ ਕੌਰ, ਤਜਿੰਦਰ ਕੌਰ, ਕਮਲਜੀਤ ਕੌਰ, ਮਨਪ੍ਰੀਤ ਕੌਰ, ਲਖਵੀਰ ਸਿੰਘ ਹੈਲਥ ਵਰਕਰ, ਗੁਲਵੰਤ ਕੌਰ ਆਸ਼ਾ ਵਰਕਰ ਤੇ ਵੱਡੀ ਗਿਣਤੀ ਵਿਚ ਸਥਾਨਕ ਪਿੰਡ ਵਾਸੀ ਹਾਜ਼ਰ ਸਨ।