ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਰੂਪਨਗਰ ’ਚ ਪਾਰਕਿੰਗ ਦਾ ਸੰਕਟ ਗੰਭੀਰ, ਪ੍ਰਸ਼ਾਸਨ ਦੀ ਬੇਰੁਖ਼ੀ ’ਤੇ ਉੱਠਣ ਲੱਗੇ ਸਵਾਲ
ਰੂਪਨਗਰ , 6 ਅਗਸਤ ( ਸਤਨਾਮ ਸਿੰਘ ਸੱਤੀ )- ਜ਼ਿਲ੍ਹਾ ਸਦਰ ਮੁਕਾਮ ਰੂਪਨਗਰ ਦੇ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਚ ਪਾਰਕਿੰਗ ਦੀ ਸਮੱਸਿਆ ਦਿਨੋ - ਦਿਨ ਗੰਭੀਰ ਹੁੰਦੀ ਜਾ ਰਹੀ ਹੈ , ਪਰ ਇਸ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਦਾ ਕੋਈ ਧਿਆਨ ਨਹੀਂ ਦਿਖਾਈ ਦੇ ਰਿਹਾ । ਹਾਲਾਤ ਇਹ ਹਨ ਕਿ ਪ੍ਰਸ਼ਾਸਕੀ ਕੰਪਲੈਕਸ ਦੀਆਂ ਅੰਦਰੂਨੀ ਪਾਰਕਿੰਗਾਂ ਨਕੋ - ਨੱਕ ਭਰੀਆਂ ਰਹਿੰਦੀਆਂ ਹਨ , ਜਦਕਿ ਆਲੇ - ਦੁਆਲੇ ਦੀਆਂ ਸੜਕਾਂ ਅਤੇ ਆਈ .
ਜ਼
ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਵੱਖ-ਵੱਖ ਥਾਵਾਂ ’ਤੇ ਵਾਹਨਾਂ ਦਾ ਘੜਮੱਸ ਅਤੇ ਕੰਪਲੈਕਸ ਦੇ ਬਾਹਰਲੇ ਮਾਰਗਾਂ ’ਤੇ ਵੱਡੀ ਗਿਣਤੀ ਵਿਚ ਖੜ੍ਹੇ ਵਾਹਨਾਂ ਦਾ ਦ੍ਰਿਸ਼। ਅਜੀਤ ਤਸਵੀਰਾਂ
07-08-2026
ਰੂਪਨਗਰ , 6 ਅਗਸਤ ( ਸਤਨਾਮ ਸਿੰਘ ਸੱਤੀ )- ਜ਼ਿਲ੍ਹਾ ਸਦਰ ਮੁਕਾਮ ਰੂਪਨਗਰ ਦੇ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਚ ਪਾਰਕਿੰਗ ਦੀ ਸਮੱਸਿਆ ਦਿਨੋ - ਦਿਨ ਗੰਭੀਰ ਹੁੰਦੀ ਜਾ ਰਹੀ ਹੈ , ਪਰ ਇਸ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਦਾ ਕੋਈ ਧਿਆਨ ਨਹੀਂ ਦਿਖਾਈ ਦੇ ਰਿਹਾ । ਹਾਲਾਤ ਇਹ ਹਨ ਕਿ ਪ੍ਰਸ਼ਾਸਕੀ ਕੰਪਲੈਕਸ ਦੀਆਂ ਅੰਦਰੂਨੀ ਪਾਰਕਿੰਗਾਂ ਨਕੋ - ਨੱਕ ਭਰੀਆਂ ਰਹਿੰਦੀਆਂ ਹਨ , ਜਦਕਿ ਆਲੇ - ਦੁਆਲੇ ਦੀਆਂ ਸੜਕਾਂ ਅਤੇ ਆਈ . ਆਈ . ਟੀ . ਰੂਪਨਗਰ ਨੂੰ ਜਾਣ ਵਾਲਾ ਮੁੱਖ ਮਾਰਗ ਵੀ ਵਾਹਨਾਂ ਨਾਲ ਭਰਿਆ ਰਹਿੰਦਾ ਹੈ । ਇਸ ਕਾਰਨ ਲੋਕਾਂ ਨੂੰ ਪੈਦਲ ਲੰਘਣ ਵਿਚ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਪਾਰਕਿੰਗ ਦਾ ਦਬਾਅ ਇੰਨਾ ਵੱਧ ਗਿਆ ਹੈ ਕਿ ਨਹਿਰੀ ਵਿਸ਼ਰਾਮ ਘਰ , ਹੋਰ ਸਰਕਾਰੀ ਦਫ਼ਤਰਾਂ ਅਤੇ ਆਸ - ਪਾਸ ਦੀਆਂ ਪਾਰਕਿੰਗਾਂ ਵੀ ਹਰ ਸਮੇਂ ਵਾਹਨਾਂ ਨਾਲ ਭਰੀਆਂ ਰਹਿੰਦੀਆਂ ਹਨ । ਇਸ ਦੇ ਬਾਵਜੂਦ ਪ੍ਰਸ਼ਾਸਨ ਵਲੋਂ ਨਾ ਤਾਂ ਨਵੀਂ ਪਾਰਕਿੰਗ ਵਿਕਸਿਤ ਕੀਤੀ ਜਾ ਰਹੀ ਹੈ ਅਤੇ ਨਾ ਹੀ ਪ੍ਰਸ਼ਾਸਕੀ ਕੰਪਲੈਕਸ ਦੇ ਨੇੜੇ ਪਈਆਂ ਖਾਲੀ ਸਰਕਾਰੀ ਜ਼ਮੀਨਾਂ ਨੂੰ ਇਸ ਮੰਤਵ ਲਈ ਵਰਤਣ ਦੀ ਕੋਈ ਯੋਜਨਾ ਬਣਾਈ ਜਾ ਰਹੀ ਹੈ । ਨਤੀਜੇ ਵਜੋਂ ਇਹ ਥਾਵਾਂ ਦਿਨੋ - ਦਿਨ ਜੰਗਲ ਦਾ ਰੂਪ ਧਾਰ ਰਹੀਆਂ ਹਨ ਅਤੇ ਸ਼ਹਿਰ ਦੀ ਸੁੰਦਰਤਾ ਨੂੰ ਵੀ ਪ੍ਰਭਾਵਿਤ ਕਰ ਰਹੀਆਂ ਹਨ । ਸਥਾਨਕ ਲੋਕਾਂ ਅਨੁਸਾਰ ਪੀ . ਡਬਲਯੂ . ਡੀ . ਰੈਸਟ ਹਾਊਸ ਦੇ ਸਾਹਮਣੇ ਅਤੇ ਰੋਡਵੇਜ਼ ਡਿਪੂ ਨਾਲ ਲੱਗਦੀ ਕਰੀਬ ਤਿੰਨ ਏਕੜ ਖਾਲੀ ਜ਼ਮੀਨ , ਜਿੱਥੇ ਪਹਿਲਾਂ ਸਰਹਿੰਦ ਨਹਿਰ ਦੀ ਸਫ਼ਾਈ ਦੌਰਾਨ ਰੇਤ ਦੇ ਢੇਰ ਲੱਗੇ ਹੋਏ ਸਨ , ਹੁਣ ਪੂਰੀ ਤਰ੍ਹਾਂ ਖਾਲੀ ਪਈ ਹੈ । ਇਹ ਥਾਂ ਪ੍ਰਸ਼ਾਸਕੀ ਕੰਪਲੈਕਸ ਤੋਂ ਮਹਿਜ਼ 100 ਮੀਟਰ ਦੀ ਦੂਰੀ ’ ਤੇ ਹੈ ਅਤੇ ਇਸ ਨੂੰ ਆਸਾਨੀ ਨਾਲ ਪਾਰਕਿੰਗ ਵਜੋਂ ਵਿਕਸਿਤ ਕੀਤਾ ਜਾ ਸਕਦਾ ਹੈ । ਇਸੇ ਤਰ੍ਹਾਂ ਪ੍ਰਸ਼ਾਸਕੀ ਕੰਪਲੈਕਸ ਦੇ ਸਾਹਮਣੇ ਫੌਜ ਦੀ ਜ਼ਮੀਨ ਦੇ ਬਾਹਰ ਸੜਕ ਕਿਨਾਰੇ ਪਏ ਡੂੰਘੇ ਖੱਡਿਆਂ ਨੂੰ ਭਰ ਕੇ ਅਤੇ ਟਾਈਲਾਂ ਲਗਾ ਕੇ ਵੀ ਪਾਰਕਿੰਗ ਬਣਾਈ ਜਾ ਸਕਦੀ ਹੈ । ਪਰ ਇਸ ਥਾਂ ’ ਤੇ ਗੈਰ - ਕਾਨੂੰਨੀ ਰੇਹੜੀਆਂ ਅਤੇ ਟੀ - ਸਟਾਲਾਂ ਦਾ ਕਬਜ਼ਾ ਹੈ , ਜਦਕਿ ਸੜਕ ਦੀਆਂ ਬਰਮਾਂ ਵੀ ਬੁਰੀ ਤਰ੍ਹਾਂ ਟੁੱਟੀਆਂ ਹੋਈਆਂ ਹਨ , ਜਿਨ੍ਹਾਂ ਦੀ ਸਫ਼ਾਈ ਜਾਂ ਮੁਰੰਮਤ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ । ਲੋਕਾਂ ਨੇ ਇਹ ਵੀ ਸਵਾਲ ਉਠਾਇਆ ਹੈ ਕਿ ਪ੍ਰਸ਼ਾਸਨ ਨੇ ਰੋਟਰੀ ਕਲੱਬ ਵਲੋਂ ਕਰੀਬ ਛੇ ਸਾਲ ਪਹਿਲਾਂ ਬਣਾਏ ਗਏ ਜਨਤਕ ਪਖਾਨਿਆਂ ਨੂੰ ਪਾਰਕਿੰਗ ਦੇ ਨਾਂ ’ ਤੇ ਢਾਹ ਦਿੱਤਾ , ਜਦਕਿ ਉਹ ਸਿਰਫ਼ ਕਰੀਬ 50 ਗਜ਼ ਜਗ੍ਹਾ ਵਿਚ ਸਨ ਅਤੇ ਇਸ ਨਾਲ ਪਾਰਕਿੰਗ ਦੀ ਅਸਲ ਸਮੱਸਿਆ ਦਾ ਕੋਈ ਹੱਲ ਨਹੀਂ ਨਿਕਲਣਾ । ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਪੁਲਿਸ ਮੁਖੀ ਦੀਆਂ ਰਿਹਾਇਸ਼ਾਂ ਦੇ ਸਾਹਮਣੇ ਪੀ . ਡਬਲਯੂ . ਡੀ . ਦਫ਼ਤਰ ਨੇੜੇ ਵੀ ਕਾਫ਼ੀ ਸਰਕਾਰੀ ਜ਼ਮੀਨ ਗੰਦਗੀ ਅਤੇ ਝਾੜੀਆਂ ਨਾਲ ਭਰੀ ਪਈ ਹੈ । ਲੋਕਾਂ ਦਾ ਕਹਿਣਾ ਹੈ ਕਿ ਜੇ ਜ਼ਿਲ੍ਹੇ ਦੇ ਸਭ ਤੋਂ ਉੱਚੇ ਅਧਿਕਾਰੀਆਂ ਦੇ ਘਰਾਂ ਦੇ ਸਾਹਮਣੇ ਦੀ ਹਾਲਤ ਹੀ ਅਜਿਹੀ ਹੈ ਤਾਂ ਸ਼ਹਿਰ ਦੇ ਸਫ਼ਾਈ ਪ੍ਰਬੰਧਾਂ ਦਾ ਅੰਦਾਜ਼ਾ ਸਹਜੇ ਹੀ ਲਗਾਇਆ ਜਾ ਸਕਦਾ ਹੈ । ਲੋਕਾਂ ਵਿਚ ਇਹ ਵੀ ਚਰਚਾ ਹੈ ਕਿ ਪਹਿਲਾਂ ਅਧਿਕਾਰੀ ਫੀਲਡ ਵਿਚ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਦਾ ਜਾਇਜ਼ਾ ਲੈਂਦੇ ਸਨ , ਪਰ ਹੁਣ ਜ਼ਿਆਦਾਤਰ ਸਮਾਂ ਏ . ਸੀ . ਦਫ਼ਤਰਾਂ ਵਿਚ ਹੀ ਬਿਤਾਉਂਦੇ ਹਨ , ਜਿਸ ਕਾਰਨ ਜ਼ਮੀਨੀ ਸਮੱਸਿਆਵਾਂ ਵੱਲ ਲੋੜੀਂਦਾ ਧਿਆਨ ਨਹੀਂ ਦਿੱਤਾ ਜਾ ਰਿਹਾ । ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਸੁਖਵਿੰਦਰ ਸਿੰਘ ਵਿਸਕੀ , ਨਗਰ ਕੌਂਸਲ ਰੂਪਨਗਰ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਮੱਕੜ , ਸ਼ਕਤੀ ਤ੍ਰਿਪਾਠੀ ਅਤੇ ਹੋਰ ਆਗੂਆਂ ਨੇ ਮੰਗ ਕੀਤੀ ਕਿ ਪ੍ਰਸ਼ਾਸਕੀ ਕੰਪਲੈਕਸ ਦੇ ਆਲੇ - ਦੁਆਲੇ ਪਈਆਂ ਦਰਜਨਾਂ ਏਕੜ ਸਰਕਾਰੀ ਜ਼ਮੀਨਾਂ ਨੂੰ ਯੋਜਨਾਬੱਧ ਢੰਗ ਨਾਲ ਪਾਰਕਿੰਗ ਲਈ ਵਿਕਸਿਤ ਕੀਤਾ ਜਾਵੇ । ਉਨ੍ਹਾਂ ਕਿਹਾ ਕਿ ਇਸ ਨਾਲ ਨਾ ਸਿਰਫ਼ ਪਾਰਕਿੰਗ ਦੀ ਸਮੱਸਿਆ ਦਾ ਸਥਾਈ ਹੱਲ ਨਿਕਲੇਗਾ , ਸਗੋਂ ਖੇਤਰ ਦੀ ਸਫ਼ਾਈ ਅਤੇ ਸ਼ਹਿਰ ਦੀ ਸੁੰਦਰਤਾ ਵਿਚ ਵੀ ਵੱਡਾ ਸੁਧਾਰ ਆਵੇਗਾ ।