ਸ੍ਰੀ ਅਨੰਦਪੁਰ ਸਾਹਿਬ, 9 ਅਗਸਤ (ਜੇ. ਐਸ. ਨਿੱਕੂਵਾਲ/ਕਰਨੈਲ ਸਿੰਘ)-ਰਾਜ ਸਭਾ ਮੈਂਬਰ ਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਕੁਲਪਤੀ ਸਤਨਾਮ ਸਿੰਘ ਸੰਧੂ ਨੇ ਪੰਜਾਬ ਦੇ ਮੌਜੂਦਾ ਸਿਆਸੀ ਹਾਲਾਤ ‘ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਹੈ ਕਿ ਸੂਬੇ ਦੀਆਂ ਸਿਆਸੀ ਧਿਰਾਂ ਪੰਜਾਬ ਦੇ ਗੰਭੀਰ ਮੁੱਦਿਆਂ ਨੂੰ ਹੱਲ ਕਰਨ ਦੀ ਬਜਾਏ ਕੁਰਸੀ ਦੀ ਲੜਾਈ ਵਿਚ ਉਲਝੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਇਸ ਸਮੇਂ ਕਰਜ਼ੇ, ਧਰਤੀ ਹੇਠਲੇ ਪਾਣੀ ਦੇ ਲਗਾਤਾਰ ਡਿਗ ਰਹੇ ਪੱਧਰ, ਕਿਸਾਨੀ ਸੰਕਟ, ਬੇਰੁਜ਼ਗਾਰੀ, ਜਵਾਨੀ ਦੇ ਵਿਦੇਸ਼ ਜਾਣ ਅਤੇ ਕੁਦਰਤੀ ਆਫ਼ਤਾਂ ਵਰਗੀਆਂ ਕਈ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ, ਪਰ ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਸਿਆਸੀ ਪੱਧਰ ‘ਤੇ ਲੋੜੀਂਦੀ ਗੰਭੀਰਤਾ ਦਿਖਾਈ ਨਹੀਂ ਦੇ ਰਹੀ। ਉਹ ਸ੍ਰੀ ਅਨੰਦਪੁਰ ਸਾਹਿਬ ਵਿਖੇ ਰੋਟਰੀ ਕਲੱਬ ਦੇ ਪ੍ਰਧਾਨ ਗੁਰਜਿੰਦਰ ਸਿੰਘ ਸੀਏ ਤੇ ਸਕੱਤਰ ਕਿਰਨਦੀਪ ਬੱਬਲੂ ਰਾਣਾ ਦੀ ਤਾਜਪੋਸ਼ੀ ਸਮਾਗਮ ਤੋਂ ਪਹਿਲਾਂ ਗੱਲਬਾਤ ਕਰ ਰਹੇ ਸਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਗਈ ਮੁਲਾਕਾਤ ਤੇ ਭਾਜਪਾ-ਅਕਾਲੀ ਦਲ ਵਿਚਕਾਰ ਮੁੜ ਗੱਠਜੋੜ ਦੀਆਂ ਚਰਚਾਵਾਂ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਸ. ਸੰਧੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਪੂਰੇ ਦੇਸ਼ ਦੇ ਹਨ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਉਨ੍ਹਾਂ ਨਾਲ ਮੁਲਾਕਾਤ ਕਰਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਗੱਠਜੋੜ ਬਾਰੇ ਫ਼ੈਸਲਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਹੀ ਕਰ ਸਕਦੀ ਹੈ। ਭਾਜਪਾ ਆਗੂਆਂ ਦੀ ਨਾਰਾਜ਼ਗੀ ਸੰਬੰਧੀ ਉਨ੍ਹਾਂ ਕਿਹਾ ਕਿ ਜੇਕਰ ਕਿਸੇ ਆਗੂ ਦੇ ਕੋਈ ਗਿਲੇ-ਸ਼ਿਕਵੇ ਹਨ ਤਾਂ ਪਾਰਟੀ ਦੀ ਹਾਈਕਮਾਨ ਉਨ੍ਹਾਂ ਨੂੰ ਜ਼ਰੂਰ ਦੂਰ ਕਰੇਗੀ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਅੰਦਰ ਸਿਆਸਤ ਵਿਚ ਆਧੁਨਿਕ ਸਾਧਨਾਂ ਰਾਹੀਂ ਆਗੂਆਂ ਦੀ ਕਿਰਦਾਰਕੁਸ਼ੀ ਕੀਤੀ ਜਾ ਰਹੀ ਹੈ, ਜੋ ਕਿ ਬਹੁਤ ਹੀ ਮੰਦਭਾਗੀ ਹੈ। ਉਨ੍ਹਾਂ ਕਿਹਾ ਕਿ ਉਹ ਖ਼ੁਦ ਰੂਪਨਗਰ ਵਿਚ ਮਹਾਰਾਜਾ ਰਣਜੀਤ ਸਿੰਘ ਦੀ ਵਿਰਾਸਤ ਅਤੇ ਇਤਿਹਾਸਕ ਸੰਧੀ ਨਾਲ ਸੰਬੰਧਿਤ ਸਥਾਨ ਦੀ ਸਾਂਭ-ਸੰਭਾਲ ਦਾ ਮੁੱਦਾ ਰਾਜ ਸਭਾ ਵਿਚ ਉਠਾਉਣਾ ਚਾਹੁੰਦੇ ਸਨ। ਇਸ ਤੋਂ ਇਲਾਵਾ ਨਹਿਰੀ ਸਿੰਚਾਈ ਅਤੇ ਸੜਕਾਂ ਦੇ ਬੁਨਿਆਦੀ ਢਾਂਚੇ ਨਾਲ ਜੁੜੇ ਮੁੱਦੇ ਵੀ ਉਨ੍ਹਾਂ ਦੀ ਤਰਜੀਹ ਵਿਚ ਹਨ, ਪਰ ਸੰਸਦ ਵਿਚ ਲਗਾਤਾਰ ਹੋ ਰਹੇ ਹੰਗਾਮਿਆਂ ਕਾਰਨ ਇਨ੍ਹਾਂ ਮੁੱਦਿਆਂ ਨੂੰ ਉਠਾਉਣ ਲਈ ਲੋੜੀਂਦਾ ਸਮਾਂ ਨਹੀਂ ਮਿਲ ਰਿਹਾ। ਤਾਜਪੋਸ਼ੀ ਸਮਾਗਮ ਵਿਚ ਵਿਸ਼ੇਸ਼ ਮਹਿਮਾਨ ਐਮ. ਪੀ. ਗੁਪਤਾ, ਨਗਰ ਕੌਸ਼ਲ ਦੇ ਪ੍ਰਧਾਨ ਹਰਜੀਤ ਸਿੰਘ ਜੀਤਾ, ਸਹਾਇਕ ਗਵਰਨਰ ਡਾ. ਨਮ੍ਰਿਤਾ ਪਰਮਾਰ, ਜੈਮਲ ਸਿੰਘ ਭੜੀ, ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਸਿੰਘ ਅਰੋੜਾ, ਇੰਜ: ਨਰੇਸ਼ ਸੈਣੀ, ਮਨਜਿੰਦਰ ਸਿੰਘ ਲਾਡਲ, ਪ੍ਰਿੰਸੀਪਲ ਜਸਵੀਰ ਸਿੰਘ, ਕੁਲਵਿੰਦਰਜੀਤ ਸਿੰਘ ਭਾਟੀਆ, ਪ੍ਰਦੀਪ ਸੋਨੀ, ਅਰੁਣਦੀਪ ਸਿੰਘ, ਅਵਿਨਾਸ਼ ਚੰਦਰ, ਮਮਿੰਦਰਪਾਲ ਸਿੰਘ ਅਟਵਾਲ, ਨਰਿੰਦਰ ਨਾਥ ਸ਼ਰਮਾ, ਅਸ਼ੋਕ ਰਾਣਾ, ਭਾਜਪਾ ਦੇ ਮੰਡਲ ਪ੍ਰਧਾਨ ਚੌਧਰੀ ਰਤਨ ਕੁਮਾਰ ਧਨੇੜਾ, ਅਮਰ ਸੋਢੀ, ਡਾ. ਪਲਵਿੰਦਰਜੀਤ ਸਿੰਘ ਕੰਗ, ਡਾ. ਤੇਗਬਹਾਦਰ ਸਿ ੰਘ, ਡਾ. ਰਣਬੀਰ ਸਿੰਘ, ਮਹਿੰਦਰ ਸਿੰਘ ਰਾਣਾ, ਭੁਪਿੰਦਰਪਾਲ ਸਿੰਘ ਤਲਵਾੜ, ਗੁਰਚਰਨ ਸਿੰਘ ਘੱਟੀਵਾਲ, ਜ਼ਸਪ੍ਰੀਤ ਸਿੰਘ ਅਰੋੜਾ, ਸੁਖਵਿੰਦਰਪਾਲ ਸਿੰਘ ਸੁੱਖੂ, ਅਜੇ ਰਛਪਾਨਾ, ਦਵਿੰਦਰ ਵਰਮਾ, ਦਵਿੰਦਰ ਸਿੰਘ ਰਾਣਾ, ਕੈਮੀ ਅਰੋੜਾ, ਸੋਨੂੰ ਅਰੋੜਾ, ਐਕਸੀਅਨ ਗੁਰਚਰਨ ਸਿੰਘ, ਨਵਜੀਤ ਸਿੰਘ, ਸੁਖਵਿੰਦਰ ਸਿੰਘ, ਅੰਕੁਸ਼ ਕਪਿਲਾ, ਰਵਿੰਦਰ ਕੰਗ, ਜ਼ਸਵੀਰ ਸਿੰਘ ਬੈਂਸ, ਜ਼ਸਵਿੰਦਰ ਸਿੰਘ, ਡਾ. ਮਨਿੰਦਰਜੀਤ ਕੌਰ, ਅਭਿਜੀਤ ਸਿੰਘ, ਗੁਰਪ੍ਰੀਤ ਸਿੰਘ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਤੇ ਰੋਟਰੀ ਕਲੱਬ ਨਾਲ ਸਬੰਧਿਤ ਸ਼ਖ਼ਸੀਅਤਾਂ ਹਾਜ਼ਰ ਸਨ।