ਮਾਮਲਾ ਐਨ.ਐਫ.ਐਲ. ਦੀ ‘ਲੀਜ਼ ਲੁੱਟ’ ਤੋਂ ਦੁਕਾਨਦਾਰਾਂ ਅਤੇ ਨਿਵਾਸੀਆਂ ਨੂੰ ਬਚਾਉਣ ਦਾ
ਘਟਦੀ ਆਬਾਦੀ ਤੇ ਕਾਰੋਬਾਰ ਦੇ ਬਾਵਜੂਦ ਹਰ 5 ਸਾਲ ਬਾਅਦ 20 ਫ਼ੀਸਦੀ ਵਾਧਾ-ਡਾ. ਸੁਭਾਸ਼ ਸ਼ਰਮਾ
ਨੰਗਲ, 9 ਅਗਸਤ (ਪ੍ਰੀਤਮ ਸਿੰਘ ਬਰਾਰੀ)-ਨਵਾਂ ਨੰਗਲ ਦੇ ਸੈਕਟਰ-1, ਸੈਕਟਰ-2 ਅਤੇ ਸੈਕਟਰ-4 ਵਿਚ ਐਨ. ਐਫ.
ਨੰਗਲ, 9 ਅਗਸਤ (ਪ੍ਰੀਤਮ ਸਿੰਘ ਬਰਾਰੀ)-ਨਵਾਂ ਨੰਗਲ ਦੇ ਸੈਕਟਰ-1, ਸੈਕਟਰ-2 ਅਤੇ ਸੈਕਟਰ-4 ਵਿਚ ਐਨ.ਐਫ.ਐਲ. ਵਲੋਂ ਲੀਜ਼ ‘ਤੇ ਦਿੱਤੀਆਂ ਦੁਕਾਨਾਂ ਅਤੇ ਮਕਾਨਾਂ ਦੀਆਂ ਵਧਦੀਆਂ ਲੀਜ਼ ਦਰਾਂ ਨੇ ਦੁਕਾਨਦਾਰਾਂ ਅਤੇ ਨਿਵਾਸੀਆਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਘਟਦੀ ਆਬਾਦੀ, ਘਟਦੇ ਕਾਰੋਬਾਰ ਅਤੇ ਆਮਦਨ ਦੇ ਬਾਵਜੂਦ ਹਰ ਪੰਜ ਸਾਲ ਬਾਅਦ ਲੀਜ਼ ਵਿਚ ਕਰੀਬ 20 ਫ਼ੀਸਦੀ ਵਾਧਾ ਹੋਣ ਦਾ ਮਾਮਲਾ ਹੁਣ ਲੋਕ ਮੁੱਦਾ ਬਣ ਗਿਆ ਹੈ। ਪੰਜਾਬ ਭਾਜਪਾ ਦੇ ਸੂਬਾ ਉਪ-ਪ੍ਰਧਾਨ ਡਾ. ਸੁਭਾਸ਼ ਸ਼ਰਮਾ ਨੇ ਇਸ ਮਾਮਲੇ ਨੂੰ ਐਨ.ਐਫ.ਐਲ. ਪ੍ਰਬੰਧਨ ਕੋਲ ਉਠਾਉਂਦਿਆਂ ਲੀਜ਼ ਦਰਾਂ ਦੀ ਮੁੜ ਸਮੀਖਿਆ ਕਰਕੇ ਪ੍ਰਭਾਵਿਤ ਲੋਕਾਂ ਨੂੰ ਰਾਹਤ ਦੇਣ ਦੀ ਮੰਗ ਕੀਤੀ ਹੈ। ਐਨ.ਐਫ.ਐਲ. ਦੇ ਚੇਅਰਮੈਨ ਤੇ ਪ੍ਰਬੰਧ ਨਿਰਦੇਸ਼ਕ ਡਾ. ਯੂ. ਸਰਵਨ ਨੂੰ ਭੇਜੇ ਪੱਤਰ ਵਿਚ ਡਾ. ਸ਼ਰਮਾ ਨੇ ਕਿਹਾ ਕਿ ਇਨ੍ਹਾਂ ਦੁਕਾਨਾਂ ਵਿਚ ਕਈ ਦੁਕਾਨਦਾਰ 1958 ਤੋਂ ਆਪਣਾ ਕਾਰੋਬਾਰ ਕਰਦੇ ਆ ਰਹੇ ਹਨ। ਸਮੇਂ ਦੇ ਨਾਲ ਲੀਜ਼ ਰਾਸ਼ੀ ਵਿਚ ਕਈ ਗੁਣਾ ਵਾਧਾ ਹੋ ਚੁੱਕਾ ਹੈ। ਮੌਜੂਦਾ ਸਮੇਂ ਟਾਈਪ-1 ਦੁਕਾਨ ਦੀ ਲੀਜ਼ ਰਾਸ਼ੀ 4 ਹਜ਼ਾਰ, ਟਾਈਪ-2 ਦੀ 4,500, ਟਾਈਪ-3 ਦੀ 5,500 ਅਤੇ ਟਾਈਪ-4 ਦੀ 7 ਹਜ਼ਾਰ ਰੁਪਏ ਤੱਕ ਪਹੁੰਚ ਗਈ ਹੈ। ਉਨ੍ਹਾਂ ਕਿਹਾ ਕਿ ਐਨ.ਐਫ.ਐਲ. ਦੇ ਕਰਮਚਾਰੀਆਂ ਦੀ ਗਿਣਤੀ ਲਗਾਤਾਰ ਘਟਣ ਕਾਰਨ ਇਨ੍ਹਾਂ ਸੈਕਟਰਾਂ ਦੀ ਆਬਾਦੀ ਵੀ ਕਾਫ਼ੀ ਘਟੀ ਹੈ, ਜਿਸ ਨਾਲ ਦੁਕਾਨਾਂ ਦੀ ਵਿਕਰੀ ਅਤੇ ਆਮਦਨ ਪ੍ਰਭਾਵਿਤ ਹੋਈ ਹੈ। ਅਜਿਹੇ ਹਾਲਾਤ ਵਿਚ ਵਧਦੀ ਲੀਜ਼ ਰਾਸ਼ੀ ਦੁਕਾਨਦਾਰਾਂ ਲਈ ਵੱਡਾ ਆਰਥਿਕ ਬੋਝ ਬਣ ਰਹੀ ਹੈ ਅਤੇ ਕਾਰੋਬਾਰ ਚਲਾਉਣਾ ਮੁਸ਼ਕਲ ਹੋ ਰਿਹਾ ਹੈ। ਡਾ. ਸ਼ਰਮਾ ਨੇ ਮਕਾਨਾਂ ਦੀਆਂ ਲੀਜ਼ ਦਰਾਂ ਵਿਚ ਹੋਏ ਵਾਧੇ ਦਾ ਮਾਮਲਾ ਵੀ ਉਠਾਇਆ। ਉਨ੍ਹਾਂ ਕਿਹਾ ਕਿ ਲਗਾਤਾਰ ਵਧ ਰਹੀਆਂ ਦਰਾਂ ਕਾਰਨ ਨਿਵਾਸੀਆਂ ‘ਤੇ ਵੀ ਵਾਧੂ ਆਰਥਿਕ ਬੋਝ ਪੈ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਮੌਜੂਦਾ ਹਾਲਾਤ ਨੂੰ ਦੇਖਦਿਆਂ ਦੁਕਾਨਾਂ ਅਤੇ ਮਕਾਨਾਂ ਦੀ ਲੀਜ਼ ਰਾਸ਼ੀ ਤੁਰੰਤ ਘਟਾਈ ਜਾਵੇ। ਉਨ੍ਹਾਂ ਐਨ.ਐਫ.ਐਲ. ਪ੍ਰਬੰਧਨ ਨੂੰ ਇਸ ਮਾਮਲੇ ਦੀ ਵਿਸਥਾਰਤ ਸਮੀਖਿਆ ਲਈ ਵਿਸ਼ੇਸ਼ ਕਮੇਟੀ ਬਣਾਉਣ ਦੀ ਅਪੀਲ ਕੀਤੀ, ਜੋ ਮੌਜੂਦਾ ਲੀਜ਼ ਦਰਾਂ, ਆਬਾਦੀ ਅਤੇ ਕਾਰੋਬਾਰੀ ਹਾਲਾਤ ਦਾ ਜਾਇਜ਼ਾ ਲੈ ਕੇ ਰਿਪੋਰਟ ਪੇਸ਼ ਕਰੇ। ਡਾ. ਸ਼ਰਮਾ ਨੇ ਆਸ ਪ੍ਰਗਟਾਈ ਕਿ ਐਨ.ਐਫ.ਐਲ. ਲੋਕ ਹਿਤ ਵਿਚ ਜਲਦ ਢੁਕਵਾਂ ਫ਼ੈਸਲਾ ਲੈ ਕੇ ਦੁਕਾਨਦਾਰਾਂ ਅਤੇ ਨਿਵਾਸੀਆਂ ਨੂੰ ਰਾਹਤ ਦੇਵੇਗਾ।