ਰਿਹਾਇਸ਼ੀ ਇਲਾਕੇ ’ਚ ਡੀ-ਐਡੀਕਸ਼ਨ ਸੈਂਟਰ ਖੋਲ੍ਹਣ ਦੀ ਕੋਸ਼ਿਸ਼ ਦਾ ਵਿਰੋਧ
ਰੂਪਨਗਰ, 26 ਅਗਸਤ (ਸਤਨਾਮ ਸਿੰਘ ਸੱਤੀ)- ਮਾਡਲ ਟਾਊਨ, ਰੂਪਨਗਰ ਦੇ ਵਸਨੀਕਾਂ ਨੇ ਰਿਹਾਇਸ਼ੀ ਇਲਾਕੇ ਵਿਚ ਪ੍ਰਸਤਾਵਿਤ ਡੀ-ਐਡੀਕਸ਼ਨ ਸੈਂਟਰ ਖੋਲ੍ਹਣ ਦਾ ਸਖ਼ਤ ਵਿਰੋਧ ਕਰਦਿਆਂ ਡਿਪਟੀ ਕਮਿਸ਼ਨਰ ਰੂਪਨਗਰ ਅਤੇ ਸਿਵਲ ਸਰਜਨ ਨੂੰ ਮੰਗ ਪੱਤਰ ਸੌਂਪ ਕੇ ਸੈਂਟਰ ਨੂੰ ਐਨ. ਓ.
ਰੂਪਨਗਰ, 26 ਅਗਸਤ (ਸਤਨਾਮ ਸਿੰਘ ਸੱਤੀ)- ਮਾਡਲ ਟਾਊਨ, ਰੂਪਨਗਰ ਦੇ ਵਸਨੀਕਾਂ ਨੇ ਰਿਹਾਇਸ਼ੀ ਇਲਾਕੇ ਵਿਚ ਪ੍ਰਸਤਾਵਿਤ ਡੀ-ਐਡੀਕਸ਼ਨ ਸੈਂਟਰ ਖੋਲ੍ਹਣ ਦਾ ਸਖ਼ਤ ਵਿਰੋਧ ਕਰਦਿਆਂ ਡਿਪਟੀ ਕਮਿਸ਼ਨਰ ਰੂਪਨਗਰ ਅਤੇ ਸਿਵਲ ਸਰਜਨ ਨੂੰ ਮੰਗ ਪੱਤਰ ਸੌਂਪ ਕੇ ਸੈਂਟਰ ਨੂੰ ਐਨ.ਓ.ਸੀ. ਨਾ ਦੇਣ ਦੀ ਮੰਗ ਕੀਤੀ ਹੈ। ਵਸਨੀਕਾਂ ਅਨੁਸਾਰ ‘ਸੀਰਤ ਡੀ-ਅਡਿਕਸ਼ਨ’ ਨਾਮ ਨਾਲ ਦੱਸਿਆ ਜਾ ਰਿਹਾ ਇਹ ਸੈਂਟਰ ਮਾਡਲ ਟਾਊਨ ਦੇ ਰਿਹਾਇਸ਼ੀ ਖੇਤਰ ਵਿਚ ਖੋਲ੍ਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੇ ਨੇੜੇ ਦੁਕਾਨਾਂ ਤੋਂ ਇਲਾਵਾ ਦੋ ਸਕੂਲ ਵੀ ਸਥਿਤ ਹਨ। ਲੋਕਾਂ ਨੇ ਖਦਸ਼ਾ ਜ਼ਾਹਰ ਕੀਤਾ ਕਿ ਸੈਂਟਰ ਚੱਲਣ ਨਾਲ ਇਲਾਕੇ ਵਿਚ ਅਸੁਰੱਖਿਆ ਅਤੇ ਹੋਰ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਵਸਨੀਕਾਂ ਨੇ ਦੱਸਿਆ ਕਿ ਇਹ ਡੀ-ਐਡੀਕਸ਼ਨ ਸੈਂਟਰ ਪਹਿਲਾਂ ਬੇਲਾ ਰੋਡ ’ਤੇ ਮਕਬਰੇ ਨੇੜੇ ਚੱਲ ਰਿਹਾ ਸੀ, ਜਿੱਥੇ ਲੋਕਾਂ ਦੀਆਂ ਸ਼ਿਕਾਇਤਾਂ ਤੋਂ ਬਾਅਦ ਇਸ ਨੂੰ ਸੀਲ ਕਰ ਦਿੱਤਾ ਗਿਆ ਸੀ। ਕੁਝ ਮਹੀਨਿਆਂ ਬਾਅਦ ਸੀਲ ਖੁੱਲ੍ਹਣ ਉਪਰੰਤ ਮੁੜ ਸੈਂਟਰ ਚਲਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਸਥਾਨਕ ਲੋਕਾਂ ਦੇ ਸਖ਼ਤ ਵਿਰੋਧ ਕਾਰਨ ਇਸ ਨੂੰ ਬੰਦ ਕਰਨਾ ਪਿਆ। ਜਿਸ ਤੋਂ ਬਾਅਦ ਹੁਣ ਇਸਨੂੰ ਹੋਰ ਥਾਵਾਂ ਤੇ ਖੋਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲੋਕਾਂ ਦਾ ਦੋਸ਼ ਹੈ ਕਿ ਸੈਂਟਰ ਵਿਚ ਆਉਣ ਵਾਲੇ ਵਿਅਕਤੀਆਂ ਕਾਰਨ ਆਸ-ਪਾਸ ਦੇ ਲੋਕਾਂ, ਖਾਸ ਕਰਕੇ ਬੱਚਿਆਂ ਅਤੇ ਔਰਤਾਂ ਨੂੰ ਗਲੀਆਂ ਵਿੱਚੋਂ ਲੰਘਣ ਸਮੇਂ ਮੁਸ਼ਕਲ ਅਤੇ ਅਸੁਰੱਖਿਆ ਮਹਿਸੂਸ ਹੁੰਦੀ ਸੀ। ਹੁਣ ਸੈਂਟਰ ਨੂੰ ਦੂਜੇ ਸਥਾਨ ’ਤੇ ਤਬਦੀਲ ਕਰਨ ਦੀ ਕੋਸ਼ਿਸ਼ ਦਾ ਵੀ ਮਾਡਲ ਟਾਊਨ ਵਾਸੀਆਂ ਨੇ ਵਿਰੋਧ ਕੀਤਾ ਹੈ। ਮੰਗ ਪੱਤਰ ’ਤੇ ਸਤਨਾਮ ਸਿੰਘ ਸਮੇਤ ਮਾਡਲ ਟਾਊਨ ਦੇ ਵਸਨੀਕਾਂ ਦੇ ਨਾਮ ਦਰਜ ਹਨ। ਵਸਨੀਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਰਿਹਾਇਸ਼ੀ ਖੇਤਰ ਵਿਚ ਸੈਂਟਰ ਖੋਲ੍ਹਣ ਦੀ ਮਨਜ਼ੂਰੀ ਨਾ ਦਿੱਤੀ ਜਾਵੇ ਅਤੇ ਕਿਸੇ ਵੀ ਤਰ੍ਹਾਂ ਦਾ NOC ਜਾਰੀ ਨਾ ਕੀਤਾ ਜਾਵੇ।