ਮੰਡੀ ’ ਚ ਪੁੱਜਿਆ ਝੋਨਾ ਮੁੜ ਘਰ ਭੇਜਣ ’ ਤੇ ਕਿਸਾਨਾਂ ਦਾ ਚੜ੍ਹਿਆ ਪਾਰਾ 20 ਸਤੰਬਰ ਤੱਕ ਲਿਫਟਿੰਗ ਨਾ ਹੋਈ ਤਾਂ ਰੂਪਨਗਰ-ਚੰਡੀਗੜ੍ਹ ਹਾਈਵੇ ਜਾਮ ਕਰਨ ਦੀ ਚਿਤਾਵਨੀ
ਰੂਪਨਗਰ, 17 ਸਤੰਬਰ (ਸਤਨਾਮ ਸਿੰਘ ਸੱਤੀ)-ਰੂਪਨਗਰ ਅਨਾਜ ਮੰਡੀ ਵਿਚ ਝੋਨੇ ਦੀ ਲਿਫਟਿੰਗ ਨਾ ਹੋਣ ਅਤੇ ਮੰਡੀ ਵਿਚ ਲਿਆਂਦੀ ਫ਼ਸਲ ਨੂੰ ਮੁੜ ਕਿਸਾਨਾਂ ਦੇ ਘਰ ਭੇਜੇ ਜਾਣ ਤੋਂ ਭੜਕੇ ਕਿਸਾਨਾਂ ਨੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਭਾਰਤੀ ਕਿਸਾਨ ਯੂਨੀਅਨ ਖੋਸਾ, ਭਾਰਤੀ ਕਿਸਾਨ ਯੂਨੀਅਨ ਬਹਿਰਾਮਕੇ, ਬੀ.
ਰੂਪਨਗਰ, 17 ਸਤੰਬਰ (ਸਤਨਾਮ ਸਿੰਘ ਸੱਤੀ)-ਰੂਪਨਗਰ ਅਨਾਜ ਮੰਡੀ ਵਿਚ ਝੋਨੇ ਦੀ ਲਿਫਟਿੰਗ ਨਾ ਹੋਣ ਅਤੇ ਮੰਡੀ ਵਿਚ ਲਿਆਂਦੀ ਫ਼ਸਲ ਨੂੰ ਮੁੜ ਕਿਸਾਨਾਂ ਦੇ ਘਰ ਭੇਜੇ ਜਾਣ ਤੋਂ ਭੜਕੇ ਕਿਸਾਨਾਂ ਨੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਭਾਰਤੀ ਕਿਸਾਨ ਯੂਨੀਅਨ ਖੋਸਾ, ਭਾਰਤੀ ਕਿਸਾਨ ਯੂਨੀਅਨ ਬਹਿਰਾਮਕੇ, ਬੀ.ਕੇ.ਯੂ. ਮਝੈਲ ਅਤੇ ਪੰਜਾਬ ਮੋਰਚਾ ਦੀ ਅਗਵਾਈ ਹੇਠ ਰੂਪਨਗਰ ਤੇ ਆਸ-ਪਾਸ ਦੇ ਪਿੰਡਾਂ ਤੋਂ ਵੱਡੀ ਗਿਣਤੀ ਵਿਚ ਕਿਸਾਨ ਮੰਡੀ ਪੁੱਜੇ। ਇਸ ਮੌਕੇ ਕਿਸਾਨਾਂ ਨੇ ‘ਪੰਜਾਬ ਸਰਕਾਰ ਮੁਰਦਾਬਾਦ’ ਅਤੇ ‘ਰੂਪਨਗਰ ਦਾ ਵਿਧਾਇਕ ਮੁਰਦਾਬਾਦ’ ਦੇ ਨਾਅਰੇ ਲਗਾਏ। ਕਿਸਾਨ ਆਗੂਆਂ ਜੁਝਾਰ ਸਿੰਘ ਆਰਤੀ, ਅਵਤਾਰ ਸਿੰਘ, ਕਰਨਵੀਰ ਸਿੰਘ, ਮੁਖਤਿਆਰ ਸਿੰਘ ਮਾਲਾ ਅਤੇ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਨੇ ਕਿਹਾ ਕਿ ਰੂਪਨਗਰ ਅਨਾਜ ਮੰਡੀ ਦਾ ਵੱਡਾ ਹਿੱਸਾ ਅਜੇ ਵੀ ਪਿਛਲੀ ਕਣਕ ਦੀ ਫ਼ਸਲ ਦੀਆਂ ਬੋਰੀਆਂ ਨਾਲ ਭਰਿਆ ਪਿਆ ਹੈ। ਬੋਰੀਆਂ ਦੇ ਢੇਰ ਤਰਪਾਲਾਂ ਨਾਲ ਢੱਕੇ ਹੋਣ ਕਾਰਨ ਨਵੀਂ ਆ ਰਹੀ ਝੋਨੇ ਦੀ ਫ਼ਸਲ ਲਈ ਥਾਂ ਦੀ ਸਮੱਸਿਆ ਪੈਦਾ ਹੋ ਗਈ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਜਦੋਂ ਕਿਸਾਨਾਂ ਨੇ ਮੰਡੀ ਵਿਚ ਝੋਨਾ ਉਤਾਰਿਆ ਤਾਂ ਮੰਡੀ ਬੋਰਡ ਦੇ ਅਧਿਕਾਰੀਆਂ ਵਲੋਂ ਕਿਸਾਨਾਂ ਤੇ ਆੜ੍ਹਤੀਆਂ ਨੂੰ ਨੋਟਿਸ ਜਾਰੀ ਕਰਕੇ ਫ਼ਸਲ ਮੁੜ ਚੁਕਵਾ ਕੇ ਘਰ ਭੇਜ ਦਿੱਤੀ ਗਈ। ਆਗੂਆਂ ਨੇ ਕਿਹਾ ਕਿ ਜਦੋਂ ਸਰਕਾਰ ਨੇ 15 ਜੂਨ ਦੀ ਬਜਾਏ 1 ਜੂਨ ਤੋਂ ਝੋਨੇ ਦੀ ਲਵਾਈ ਦੀ ਇਜਾਜ਼ਤ ਦਿੱਤੀ ਸੀ ਤਾਂ ਫ਼ਸਲ ਵੀ ਸਮੇਂ ਤੋਂ ਪਹਿਲਾਂ ਤਿਆਰ ਹੋਣੀ ਸੁਭਾਵਿਕ ਹੈ। ਹੁਣ ਕਿਸਾਨ ਤਿਆਰ ਫ਼ਸਲ ਨੂੰ ਕਿੱਥੇ ਸੰਭਾਲਣ, ਇਸ ਦਾ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਹੈ। ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ 20 ਸਤੰਬਰ ਤੱਕ ਰੂਪਨਗਰ ਅਨਾਜ ਮੰਡੀ ਵਿਚ ਝੋਨੇ ਦੀ ਲਿਫਟਿੰਗ ਸ਼ੁਰੂ ਨਾ ਕਰਵਾਈ ਗਈ ਤਾਂ ਰੂਪਨਗਰ-ਚੰਡੀਗੜ੍ਹ ਹਾਈਵੇ ਜਾਮ ਕਰਕੇ ਤਿੱਖਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ। ਆਗੂਆਂ ਨੇ ਇਹ ਵੀ ਦੋਸ਼ ਲਗਾਇਆ ਕਿ ਪਿਛਲੇ ਸੀਜ਼ਨ ਦੌਰਾਨ ਰੂਪਨਗਰ ਅਨਾਜ ਮੰਡੀ ਵਿਚ ਪੰਜਾਬ ਭਰ ਵਿਚੋਂ ਸਭ ਤੋਂ ਵੱਧ ਕਣਕ ’ਤੇ ਕਟੌਤੀ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਫ਼ਸਲ ਬੀਜਣ ਤੋਂ ਲੈ ਕੇ ਮੰਡੀ ਵਿਚ ਵੇਚਣ ਤੱਕ ਕਥਿਤ ਤੌਰ ’ਤੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਬੀ.ਕੇ.ਯੂ. ਮਝੈਲ ਦੇ ਜ਼ਿਲ੍ਹਾ ਪ੍ਰਧਾਨ ਅਜੈਬ ਸਿੰਘ ਸੈਣੀ, ਨਿਹਾਲ ਸਿੰਘ, ਜਨਰਲ ਸਕੱਤਰ ਸ਼ੇਰ ਸਿੰਘ, ਇਕਬਾਲ ਸਿੰਘ ਸਰਾੜੀ, ਸੁਖਦੇਵ ਸਿੰਘ, ਧਰਮ ਸਿੰਘ ਭੱਦਲ ਸਮੇਤ ਹੋਰ ਕਿਸਾਨ ਆਗੂ ਮੌਜੂਦ ਸਨ। ਮੌਕੇ ’ਤੇ ਮੌਜੂਦ ਆੜ੍ਹਤੀਆਂ ਨੇ ਵੀ ਕਿਹਾ ਕਿ ਉਹ ਕਿਸਾਨਾਂ ਦੀ ਫ਼ਸਲ ਸਾਂਭਣ ਲਈ ਤਿਆਰ ਹਨ, ਪਰ ਨੋਟਿਸ ਜਾਰੀ ਕਰਕੇ ਉਨ੍ਹਾਂ ਨੂੰ ਵੀ ਕਥਿਤ ਤੌਰ ’ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।