ਐੱਸ. ਏ. ਐੱਸ. ਨਗਰ, 29 ਸਤੰਬਰ (ਕਪਿਲ ਵਧਵਾ)-1 ਕਿੱਲੋ 45 ਗ੍ਰਾਮ ਹੈਰੋਇਨ ਦੀ ਬਰਾਮਦਗੀ ਨਾਲ ਸੰਬੰਧਿਤ ਮਾਮਲੇ ਵਿਚ ਪੁਲਿਸ ਗਵਾਹਾਂ ਦੇ ਬਿਆਨਾਂ ਵਿਚ ਗ੍ਰਿਫ਼ਤਾਰੀ ਅਤੇ ਕਾਰਵਾਈ ਦੀ ਥਾਂ ਨੂੰ ਲੈ ਕੇ ਵਿਰੋਧਾਭਾਸ ਸਾਹਮਣੇ ਆਉਣ ‘ਤੇ ਅਦਾਲਤ ਨੇ ਤਿੰਨ ਮੁਲਜ਼ਮਾਂ ਨੂੰ ਸ਼ੱਕ ਦਾ ਲਾਭ ਦਿੰਦਿਆਂ ਬਰੀ ਕਰ ਦਿੱਤਾ ਹੈ । ਬਚਾਅ ਪੱਖ ਦੇ ਵਕੀਲ ਸੀ. ਐੱਸ. ਬਾਵਾ ਅਨੁਸਾਰ ਪੁਲਿਸ ਗਵਾਹਾਂ ਦੇ ਬਿਆਨਾਂ ਵਿਚ ਕਿਧਰੇ ਵੇਰਕਾ ਮਿਲਕ ਪਲਾਂਟ, ਕਿਧਰੇ ਥਾਣੇ ਅਤੇ ਕਿਧਰੇ ਖਰੜ ਤੋਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਪਾਏ ਜਾਣ ਦੀ ਗੱਲ ਸਾਹਮਣੇ ਆਈ ਸੀ। ਬਚਾਅ ਪੱਖ ਨੇ ਦਲੀਲ ਦਿੱਤੀ ਕਿ ਸਚਿਨ ਅਤੇ ਜਸਬੀਰ ਕੌਰ ਨੂੰ 2 ਅਤੇ 3 ਜੂਨ 2020 ਨੂੰ ਸਿਰਸਾ ਸਥਿਤ ਉਨ੍ਹਾਂ ਦੇ ਘਰਾਂ ਤੋਂ, ਜਦਕਿ ਰਘੁਬੀਰ ਸਿੰਘ ਨੂੰ 4 ਜੂਨ ਨੂੰ ਖਰੜ ਤੋਂ ਹਿਰਾਸਤ ਵਿਚ ਲਿਆ ਗਿਆ ਸੀ। ਇਸ ਤੋਂ ਬਾਅਦ 6 ਜੂਨ ਨੂੰ ਉਨ੍ਹਾਂ ਦੀ ਗ੍ਰਿਫ਼ਤਾਰੀ ਵੇਰਕਾ ਮਿਲਕ ਪਲਾਂਟ ਨੇੜੇ ਦਿਖਾਈ ਗਈ ਸੀ। ਵਕੀਲ ਬਾਵਾ ਵਲੋਂ ਰਘੁਬੀਰ ਸਿੰਘ ਨੂੰ ਖਰੜ ਦੇ ਟਰਾਂਸਪੋਰਟ ਨਗਰ ਤੋਂ ਗ੍ਰਿਫ਼ਤਾਰ ਕਰਕੇ ਲਿਜਾਣ ਸੰਬੰਧੀ ਸੀ. ਸੀ. ਟੀ. ਵੀ. ਫੁਟੇਜ਼ ਵੀ ਅਦਾਲਤ ਵਿਚ ਪੇਸ਼ ਕੀਤੀ ਗਈ। ਅਦਾਲਤ ਨੇ ਪੁਲਿਸ ਗਵਾਹਾਂ ਦੇ ਬਿਆਨਾਂ ਅਤੇ ਮੌਜੂਦ ਸਬੂਤਾਂ ਨੂੰ ਵਿਚਾਰਦਿਆਂ ਤਿੰਨਾਂ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ।