ਕੇਂਦਰ ਸਰਕਾਰ ਨੇ 25 ਰੁਪਏ ਪ੍ਰਤੀ ਕੁਵਿੰਟਲ ਕਣਕ ਦਾ ਭਾਅ ਵਧਾ ਕੇ ਦੇਸ਼ ਦੇ ਕਿਸਾਨਾਂ ਨਾਲ ਕੀਤਾ ਹੈ ਕੋਝਾ ਮਜ਼ਾਕ - ਸੰਯੁਕਤ ਕਿਸਾਨ ਮੋਰਚਾ
ਮੋਰਿੰਡਾ, 1 ਅਕਤੂਬਰ (ਤਰਲੋਚਨ ਸਿੰਘ ਕੰਗ)-ਕੇਂਦਰ ਸਰਕਾਰ ਵਲੋਂ ਕਣਕ ਦੇ ਭਾਅ ਵਿਚ ਪ੍ਰਤੀ ਕੁਵਿੰਟਲ 25 ਰੁਪਏ ਵਾਧਾ ਕਰਕੇ ਦੇਸ਼ ਦੇ ਕਿਸਾਨਾਂ ਖਾਸ ਕਰ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨਾਲ ਕੋਝਾ ਮਜ਼ਾਕ ਕੀਤਾ ਹੈ। ਇੱਕ ਪਾਸੇ ਕੇਂਦਰ ਸਰਕਾਰ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਗੱਲ ਕਰ ਰਹੀ ਹੈ, ਦੂਜੇ ਪਾਸੇ ਵਧ ਰਹੀ ਮਹਿੰਗਾਈ ਦੇ ਦੌਰ ਵਿਚ ਵੀ ਸਿਰਫ 25 ਰੁਪਏ ਕਣਕ ਦਾ ਭਾਅ ਵਧਾ ਕੇ ਕਿਸਾਨਾਂ ਨਾਲ ਬਹੁਤ ਧੱਕਾ ਕਰ ਰਹੀ ਹੈ।
ਮੋਰਿੰਡਾ, 1 ਅਕਤੂਬਰ (ਤਰਲੋਚਨ ਸਿੰਘ ਕੰਗ)-ਕੇਂਦਰ ਸਰਕਾਰ ਵਲੋਂ ਕਣਕ ਦੇ ਭਾਅ ਵਿਚ ਪ੍ਰਤੀ ਕੁਵਿੰਟਲ 25 ਰੁਪਏ ਵਾਧਾ ਕਰਕੇ ਦੇਸ਼ ਦੇ ਕਿਸਾਨਾਂ ਖਾਸ ਕਰ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨਾਲ ਕੋਝਾ ਮਜ਼ਾਕ ਕੀਤਾ ਹੈ। ਇੱਕ ਪਾਸੇ ਕੇਂਦਰ ਸਰਕਾਰ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਗੱਲ ਕਰ ਰਹੀ ਹੈ, ਦੂਜੇ ਪਾਸੇ ਵਧ ਰਹੀ ਮਹਿੰਗਾਈ ਦੇ ਦੌਰ ਵਿਚ ਵੀ ਸਿਰਫ 25 ਰੁਪਏ ਕਣਕ ਦਾ ਭਾਅ ਵਧਾ ਕੇ ਕਿਸਾਨਾਂ ਨਾਲ ਬਹੁਤ ਧੱਕਾ ਕਰ ਰਹੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸੰਯੁਕਤ ਕਿਸਾਨ ਮੋਰਚੇ ਦੇ ਪਰਮਿੰਦਰ ਸਿੰਘ ਚਲਾਕੀ, ਬਹਾਦਰ ਸਿੰਘ ਢੰਗਰਾਲੀ, ਰਣਧੀਰ ਸਿੰਘ ਚੱਕਲ, ਦਲਜੀਤ ਸਿੰਘ ਚਲਾਕੀ, ਰਣਧੀਰ ਸਿੰਘ ਮਾਜਰੀ, ਗੁਰਚਰਨ ਸਿੰਘ ਢੋਲਣਮਾਜਰਾ ਆਦਿ ਨੇਤਾਵਾਂ ਨੇ ਕੀਤਾ। ਇਸ ਸਬੰਧੀ ਬੋਲਦਿਆਂ ਸ੍ਰੀ ਚਲਾਕੀ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ 2027 ਦੀਆਂ ਚੋਣਾਂ ਵਿਚ ਪੰਜਾਬ ਦੇ ਲੋਕਾਂ ਦੀਆਂ ਵੋਟਾਂ ਲੈਣ ਲਈ ਤਰਲੋਮੱਛੀ ਹੋਈ ਪਈ ਹੈ। ਪ੍ਰੰਤੂ ਪੰਜਾਬ ਨਾਲ ਸਭ ਪਾਸੇ ਵਿਤਕਰਾ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਕੇਂਦਰ ਨੇ ਪੰਜਾਬ ਦੇ ਲੋਕਾਂ ਨੂੰ ਮਿਲਣ ਵਾਲੀ ਹਰ ਇੱਕ ਸਹੂਲਤ ਵਿਚ ਕਟੌਤੀ ਕੀਤੀ ਹੈ, ਭਾਵੇਂ ਉਹ ਸੋਲਰ ਊਰਜਾ ਦੀ ਦੀ ਸਹੂਲਤ ਹੋਵੇ, ਭਾਵੇਂ ਰੂਰਲ ਡਿਵੈਲਪਮੈਂਟ ਫੰਡ ਹੋਵੇ, ਭਾਵੇਂ ਹੜਾਂ ਦੌਰਾਨ ਪੰਜਾਬ ਦੇ ਹੋਏ ਨੁਕਸਾਨ ਦੀ ਗੱਲ ਹੋਵੇ, ਕੇਂਦਰ ਨੇ ਹਮੇਸ਼ਾ ਹੀ ਪੰਜਾਬ ਨਾਲ ਵਿਤਕਰਾ ਕੀਤਾ ਹੈ। ਉਹਨਾਂ ਕਿਹਾ ਕਿ ਹਰ ਇੱਕ ਚੀਜ ਐਨੀ ਮਹਿੰਗੀ ਹੋ ਗਈ ਹੈ ਕਿ ਕਿਸਾਨਾਂ ਨੂੰ ਆਪਣੀਆਂ ਫਸਲਾਂ ਪਾਲਣ ਲਈ ਖਾਦਾਂ, ਦਵਾਈਆਂ ਅਤੇ ਡੀਜ਼ਲ ਜੋ ਲੈਣਾ ਪੈਂਦਾ ਹੈ, ਉਸਦਾ ਭਾਅ ਕਿਤੇ ਤੋਂ ਕਿਤੇ ਪਹੁੰਚ ਚੁੱਕਿਆ ਹੈ। ਪਿਛਲੇ ਸਾਲ ਕੇਂਦਰ ਨੇ ਕਣਕ ਦੇ ਭਾਅ ਵਿਚ 160 ਰੁਪਏ ਦਾ ਵਾਧਾ ਕੀਤਾ ਸੀ। ਪ੍ਰੰਤੂ ਇਸ ਸਾਲ ਤਾਂ ਕੇਂਦਰ ਦੀ ਨੀਅਤ ਪੰਜਾਬ ਦੇ ਕਿਸਾਨ ਪ੍ਰਤੀ ਬਿਲਕੁਲ ਸਪੱਸ਼ਟ ਹੋ ਗਈ ਹੈ। ਕਿਉਂਕਿ ਕੇਂਦਰ ਪੰਜਾਬ ਦੇ ਕਿਸਾਨ ਨੂੰ ਆਰਥਿਕ ਪੱਖੋਂ ਖਤਮ ਕਰਨਾ ਚਾਹੁੰਦੀ ਹੈ ਅਤੇ ਪੰਜਾਬ ਦੀ ਖੇਤੀਬਾੜੀ ਵੱਡੇ-ਵੱਡੇ ਕਾਰਪੋਰੇਟਸ ਦੇ ਹੱਥ ਦੇਣਾ ਚਾਹੁੰਦੀ ਹੈ। ਉਪਰੋਕਤ ਨੇਤਾਵਾਂ ਦਾ ਕਹਿਣਾ ਹੈ ਕਿ ਕੇਂਦਰ ਨੇ ਪੰਜਾਬ ਨੂੰ ਸਰਹੱਦੀ ਖੇਤਰ ਹੁੰਦਿਆਂ ਵੀ ਬਿਲਕੁਲ ਹੀ ਅਣਗੌਲਿਆਂ ਕਰ ਦਿੱਤਾ ਹੈ ਕਿਉਂਕਿ ਦੇਸ਼ ਦਾ ਢਿੱਡ ਭਰਨ ਵਾਲਾ ਇਹ ਸੂਬਾ ਅੱਜ ਬਾਕੀ ਸੂਬਿਆਂ ਤੋਂ ਪੱਛੜਦਾ ਜਾ ਰਿਹਾ ਹੈ। ਕਿਸਾਨ ਨੇਤਾਵਾਂ ਨੇ ਕਣਕ ਦੇ ਵਧਾਏ ਭਾਅ ਨੂੰ ਪੂਰੀ ਤਰਾਂ ਨਕਾਰ ਦਿੱਤਾ।