ਸ੍ਰੀ ਅਨੰਦਪੁਰ ਸਾਹਿਬ ਦੇ ਇੱਕ ਵਪਾਰੀ ਕੋਲੋਂ ਤਿੰਨ ਅਣਪਛਾਤੇ ਨੌਜਵਾਨਾਂ ਨੇ ਖੋਹੀ ਐਕਟਿਵਾ
ਸ੍ਰੀ ਅਨੰਦਪੁਰ ਸਾਹਿਬ, 9 ਅਕਤੂਬਰ (ਜੇ ਐੱਸ ਨਿੱਕੂਵਾਲ)-ਇੱਥੋਂ ਦੇ ਭਾਖੜਾ ਨਹਿਰ ’ਤੇ ਬਣੇ ਲਮਲੈਹੜੀ ਪੁਲ ਲਾਗਿਓਂ ਦੇਰ ਰਾਤ ਵਾਪਰੀ ਇੱਕ ਲੁੱਟ ਖੋਹ ਦੀ ਘਟਨਾ ਦੌਰਾਨ ਇੱਕ ਵਪਾਰੀ ਕੋਲੋਂ ਨਗਦੀ ਸਮੇਤ ਇੱਕ ਐਕਟਿਵਾ ਸਕੂਟਰੀ ਖੋਹ ਕੇ ਨੌਜਵਾਨਾਂ ਦੇ ਰਫ਼ੂ-ਚੱਕਰ ਹੋਣ ਦੀ ਸੂਚਨਾ ਮਿਲੀ ਹੈ। ਜਦੋਂਕਿ ਸਕੂਟਰੀ ਦੀ ਭਾਲ ਵਿਚ ਪਹੁੰਚੇ ਛੋਟੇ ਭਰਾ ਤੇ ਇਨ੍ਹਾਂ ਲੁਟੇਰਿਆਂ ਵਿਚੋਂ ਇੱਕ ਨੌਜਵਾਨ ਵਲੋਂ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਜ਼ਖਮੀ ਕਰ ਦਿੱਤਾ।
ਸ੍ਰੀ ਅਨੰਦਪੁਰ ਸਾਹਿਬ, 9 ਅਕਤੂਬਰ (ਜੇ ਐੱਸ ਨਿੱਕੂਵਾਲ)-ਇੱਥੋਂ ਦੇ ਭਾਖੜਾ ਨਹਿਰ ’ਤੇ ਬਣੇ ਲਮਲੈਹੜੀ ਪੁਲ ਲਾਗਿਓਂ ਦੇਰ ਰਾਤ ਵਾਪਰੀ ਇੱਕ ਲੁੱਟ ਖੋਹ ਦੀ ਘਟਨਾ ਦੌਰਾਨ ਇੱਕ ਵਪਾਰੀ ਕੋਲੋਂ ਨਗਦੀ ਸਮੇਤ ਇੱਕ ਐਕਟਿਵਾ ਸਕੂਟਰੀ ਖੋਹ ਕੇ ਨੌਜਵਾਨਾਂ ਦੇ ਰਫ਼ੂ-ਚੱਕਰ ਹੋਣ ਦੀ ਸੂਚਨਾ ਮਿਲੀ ਹੈ। ਜਦੋਂਕਿ ਸਕੂਟਰੀ ਦੀ ਭਾਲ ਵਿਚ ਪਹੁੰਚੇ ਛੋਟੇ ਭਰਾ ਤੇ ਇਨ੍ਹਾਂ ਲੁਟੇਰਿਆਂ ਵਿਚੋਂ ਇੱਕ ਨੌਜਵਾਨ ਵਲੋਂ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਜ਼ਖਮੀ ਕਰ ਦਿੱਤਾ।ਸਥਾਨਕ ਭਾਈ ਜੈਤਾ ਜੀ ਸਿਵਲ ਹਸਪਤਾਲ ਵਿਖੇ ਇਲਾਜ ਅਧੀਨ ਪਵਨ ਕੁਮਾਰ ਪੁੱਤਰ ਰਵਿੰਦਰ ਕੁਮਾਰ, ਵਾਸੀ ਮੀਆਂਪੁਰ-ਨਾਨੌਵਾਲ ਨੇ ਦੱਸਿਆ ਕਿ ਉਨ੍ਹਾਂ ਦੇ ਵੱਡੇ ਭਰਾ ਸੰਜੀਵ ਕੁਮਾਰ ਦੀ ਨੈਣਾਂ ਦੇਵੀ ਸੜਕ ਤੇ ਖ਼ਾਲਸਾ ਸਕੂਲ ਦੇ ਸਾਹਮਣੇ ਹਾਰਡ-ਵੇਅਰ ਦੀ ਦੁਕਾਨ ਹੈ।ਦੇਰ ਰਾਤ ਜਦੋਂ ਉਹ 85 ਹਜ਼ਾਰ ਦੀ ਨਗਦੀ ਲੈ ਕੇ ਆਪਣੀ ਸਕੂਟਰੀ ਤੇ ਸਵਾਰ ਹੋ ਕੇ ਆਪਣੇ ਪਿੰਡ ਨੂੰ ਜਾ ਰਿਹਾ ਸੀ ਤਾਂ ਲਮਲੈਹੜੀ ਪੁਲ ਤੋਂ ਅੱਗੇ ਸੁੰਨਸਾਨ ਨਹਿਰ ਦੀ ਪਟੜੀ ਤੇ ਤਿੰਨ ਨੌਜਵਾਨਾਂ ਵਲੋਂ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਉਸਨੂੰ ਘੇਰਾ ਪਾ ਕੇ ਉਸਦੀ ਐਕਟਿਵਾ ਪੀ.ਬੀ. 12-ਏ.ਬੀ 4657 ਨੂੰ ਨਗਦੀ ਸਮੇਤ ਖੋਹ ਕੇ ਫ਼ਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਖੋਹ ਦੀ ਸੂਚਨਾ ਉਸਦੇ ਭਰਾ ਵਲੋਂ ਫ਼ੋਨ ਤੇ ਦੇਣ ਤੋਂ ਬਾਅਦ ਪਵਨ ਕੁਮਾਰ ਖ਼ੁਦ ਇੱਕ ਵਿਅਕਤੀ ਨੂੰ ਲੈ ਕੇ ਨਹਿਰ ਦੀ ਪਟੜੀ ਤੇ ਭਾਲ ਕਰਨ ਲੱਗਾ ਤਾਂ ਇਨ੍ਹਾਂ ਤਿੰਨ ਨੌਜਵਾਨਾਂ ਵਿਚੋਂ ਇੱਕ ਸ਼ੱਕੀ ਨੌਜਵਾਨ ਉੱਥੇ ਘੁੱਮ ਰਿਹਾ ਸੀ ਤਾਂ ਪਵਨ ਕੁਮਾਰ ਵਲੋਂ ਇਸ ਨੌਜਵਾਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਪਵਨ ਕੁਮਾਰ ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਉੱਥੋਂ ਭੱਜਣ ਲੱਗਾ। ਉਸਦਾ ਪਿੱਛਾ ਕੀਤਾ ਗਿਆ ਤਾਂ ਉਸਨੇ ਨਹਿਰ ਵਿਚ ਛਾਲ ਮਾਰ ਦਿੱਤੀ। ਐਨੇ ਨੂੰ ਪਿੰਡਾਂ ਦੇ ਲੋਕ ਵੀ ਇਕੱਠੇ ਹੋ ਗਏ ਪਰੰਤੂ ਹਨੇਰੇ ਦਾ ਲਾਭ ਲੈ ਕੇ ਇਹ ਨੌਜਵਾਨ ਉੱਥੋਂ ਭੱਜਣ ਵਿਚ ਕਾਮਯਾਬ ਹੋ ਗਏ। ਜ਼ਖਮੀ ਪਵਨ ਕੁਮਾਰ ਨੂੰ ਸਥਾਨਕ ਭਾਈ ਜੈਤਾ ਜੀ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਇੱਕ ਹੋਰ ਪੀੜਿਤ ਅੰਮ੍ਰਿਤ ਲਾਲ ਵਾਸੀ ਪਿੰਡ ਲਮਲੈਹੜੀ ਨੇ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਵਲੋਂ ਕੁੱਝ ਸਮਾਂ ਪਹਿਲਾਂ ਉਸਦੇ ਭਤੀਜੇ ਨੂੰ ਵੀ ਘੇਰ ਕੇ ਉਸਦੀ ਸਕੂਟਰੀ ਲੁੱਟਣ ਦੀ ਕੋਸ਼ਿਸ਼ ਕੀਤੀ ਗਈ।ਪਰੰਤੂ ਨਾਕਾਮ ਰਹੀ। ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਸ੍ਰੀ ਅਨੰਦਪੁਰ ਸਾਹਿਬ ਪੁਲਿਸ ਥਾਣੇ ਤੋਂ ਐੱਸ.ਆਈ. ਕੁਲਵਿੰਦਰ ਸਿੰਘ ਮੌਕੇ ’ਤੇ ਪਹੁੰਚ ਗਏ ਅਤੇ ਉਨ੍ਹਾਂ ਵਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ।ਇਲਾਕਾ ਵਾਸੀਆਂ ਨੇ ਚੰਗਰ ਨੂੰ ਜੋੜਨ ਵਾਲੀਆਂ ਨਹਿਰਾਂ ਤੇ ਪਹਿਲਾਂ ਦੀ ਤਰ੍ਹਾਂ ਰਾਤ ਵੇਲੇ ਗਸ਼ਤ ਵਧਾਉਣ ਦੀ ਮੰਗ ਕੀਤੀ ਹੈ। ਇਸ ਸਬੰਧੀ ਥਾਣਾ ਮੁਖੀ ਜਤਿਨ ਕਪੂਰ ਨੇ ਦੱਸਿਆ ਕਿ ਪੁਲਿਸ ਮੁਸਤੈਦੀ ਨਾਲ ਆਪਣਾ ਕੰਮ ਕਰ ਰਹੀ ਹੈ।ਖੋਹੀ ਗਈ ਐਕਟਿਵਾ ਬਰਾਮਦ ਕਰ ਲਈ ਗਈ ਹੈ। ਮਾਮਲੇ ਵਿਚ ਸ਼ਾਮਲ ਨੌਜਵਾਨ ਜਲਦ ਵਿਚ ਗ੍ਰਿਫ਼ਤ ਵਿਚ ਹੋਣਗੇ ਅਤੇ ਪੁਲਿਸ ਦੀ ਗਸ਼ਤ ਵੀ ਵਧਾਈ ਜਾ ਰਹੀ ਹੈ।