ਨੰਗਲ - ਸ੍ਰੀ ਅਨੰਦਪੁਰ ਸਾਹਿਬ ਮੁੱਖ ਮਾਰਗ ’ ਤੇ ਵਾਪਰਿਆ ਭਿਆਨਕ ਸੜਕ ਹਾਦਸਾ ਇੱਕ ਨੌਜਵਾਨ ਦੀ ਮੌਤ- ਚਾਰ ਜ਼ਖ਼ਮੀ, ਪੁਲਿਸ ਵਲੋਂ ਹਾਦਸੇ ਦੀ ਜਾਂਚ ਸ਼ੁਰੂ
ਨੰਗਲ, 25 ਅਕਤੂਬਰ (ਪ੍ਰੀਤਮ ਸਿੰਘ ਬਰਾਰੀ)-ਨੰਗਲ-ਸ੍ਰੀ ਅਨੰਦਪੁਰ ਸਾਹਿਬ ਮੁੱਖ ਮਾਰਗ ’ਤੇ ਐਮ. ਪੀ.
ਨੰਗਲ, 25 ਅਕਤੂਬਰ (ਪ੍ਰੀਤਮ ਸਿੰਘ ਬਰਾਰੀ)-ਨੰਗਲ-ਸ੍ਰੀ ਅਨੰਦਪੁਰ ਸਾਹਿਬ ਮੁੱਖ ਮਾਰਗ ’ਤੇ ਐਮ.ਪੀ. ਕੋਠੀ ਨੇੜੇ ਅੱਜ ਟਰੱਕ ਅਤੇ ਕਾਰ ਦੀ ਟੱਕਰ ਦੌਰਾਨ ਸੜਕ ਕਿਨਾਰੇ ਖੜ੍ਹੇ ਮੋਟਰਸਾਈਕਲ ਸਵਾਰ 27 ਸਾਲਾ ਸੌਰਭ ਦੀ ਮੌਤ ਹੋ ਗਈ, ਜਦਕਿ ਕਾਰ ਸਵਾਰ ਚਾਰ ਵਿਅਕਤੀ ਜ਼ਖ਼ਮੀ ਹੋ ਗਏ। ਮ੍ਰਿਤਕ ਨੰਗਲ ਦੇ ਜੀ-ਬਲਾਕ ਦਾ ਰਹਿਣ ਵਾਲਾ ਅਤੇ ਦੋ ਬੱਚਿਆਂ ਦਾ ਪਿਤਾ ਸੀ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਸ੍ਰੀ ਅਨੰਦਪੁਰ ਸਾਹਿਬ ਵਲੋਂ ਆ ਰਹੇ ਟਰੱਕ ਦੇ ਚਾਲਕ ਨੇ ਅੱਗੇ ਜਾ ਰਹੇ ਦੂਜੇ ਟਰੱਕ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਟਰੱਕ ਦੀ ਚੰਡੀਗੜ੍ਹ ਵਲ ਜਾ ਰਹੀ ਕਾਰ ਨਾਲ ਟੱਕਰ ਹੋ ਗਈ ਅਤੇ ਟਰੱਕ ਸੜਕ ਦੇ ਵਿਚਕਾਰ ਪਲਟ ਗਿਆ। ਕਾਰ ਸਵਾਰ ਮਾਤਾ ਬਗਲਾ ਮੁਖੀ ਮੰਦਰ ਤੋਂ ਮੱਥਾ ਟੇਕ ਕੇ ਵਾਪਸ ਪਰਤ ਰਹੇ ਸਨ। ਹਾਦਸੇ ਦੀ ਲਪੇਟ ਵਿਚ ਆਉਣ ਕਾਰਨ ਸੜਕ ਕਿਨਾਰੇ ਮੋਟਰਸਾਈਕਲ ’ਤੇ ਖੜ੍ਹਾ ਸੌਰਭ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਅਤੇ ਟਰੱਕ ਚਾਲਕ ਗਣੇਸ਼ ਸਮੇਤ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਸੌਰਭ ਨੂੰ ਮ੍ਰਿਤਕ ਐਲਾਨ ਦਿੱਤਾ। ਟਰੱਕ ਚਾਲਕ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਪੀਜੀਆਈ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ। ਮੌਕੇ ’ਤੇ ਪਹੁੰਚੇ ਜਾਂਚ ਅਧਿਕਾਰੀ ਏ.ਐੱਸ.ਆਈ. ਪ੍ਰੀਤਮ ਸਿੰਘ ਅਨੁਸਾਰ ਹਾਦਸੇ ਵਿਚ ਟਰੱਕ ਪਲਟਣ ਦੇ ਨਾਲ ਕਾਰ ਨੂੰ ਵੀ ਨੁਕਸਾਨ ਪਹੁੰਚਿਆ ਹੈ। ਪੁਲਿਸ ਵਲੋਂ ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਪੂਰੀ ਹੋਣ ਤੋਂ ਬਾਅਦ ਹੀ ਹਾਦਸੇ ਦੀ ਜ਼ਿੰਮੇਵਾਰੀ ਅਤੇ ਹੋਰ ਤੱਥ ਸਪੱਸ਼ਟ ਹੋ ਸਕਣਗੇ।