ਮੁਬਾਰਿਕਪੁਰ ਦੇ ਰਾਧਾ ਕ੍ਰਿਸ਼ਨ ਮੰਦਰ ‘ਚ ਮੂਰਤੀਆਂ ਚੋਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼
ਤਿੰਨ ਮੁਲਜ਼ਮ ਗ੍ਰਿਫ਼ਤਾਰ ਤੇ ਚੌਥੇ ਮੁਲਜ਼ਮ ਦੀ ਭਾਲ ਲਈ ਛਾਪੇਮਾਰੀ ਜਾਰੀ
ਡੇਰਾਬੱਸੀ, 5 ਨਵੰਬਰ (ਰਣਬੀਰ ਸਿੰਘ ਪੜ੍ਹੀ)-ਮੁਬਾਰਿਕਪੁਰ ਦੇ ਪ੍ਰਾਚੀਨ ਸ੍ਰੀ ਰਾਧਾ ਕ੍ਰਿਸ਼ਨ ਮੰਦਰ ਵਿਚੋਂ ਪਵਿੱਤਰ ਮੂਰਤੀਆਂ ਚੋਰੀ ਹੋਣ ਦੀ ਘਟਨਾ ਕਾਰਨ ਸ਼ਰਧਾਲੂਆਂ ਵਿਚ ਪੈਦਾ ਹੋਏ ਰੋਸ ਦਰਮਿਆਨ ਡੇਰਾਬੱਸੀ ਪੁਲਿਸ ਨੇ ਵੱਡੀ ਸਫ਼ਲਤਾ ਹਾਸਿਲ ਕਰਦਿਆਂ ਵਾਰਦਾਤ ਵਿਚ ਸ਼ਾਮਿਲ ਗਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਚੋਰੀ ਹੋਈਆਂ ਕਰੀਬ 90 ਫ਼ੀਸਦੀ ਮੂਰਤੀਆਂ ਤੇ ਹੋਰ ਧਾਰਮਿਕ ਸਮੱਗਰੀ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।
ਡ
ਡੇਰਾਬੱਸੀ ਪੁਲਿਸ ਵਲੋਂ ਮੰਦਰ ਵਿਚ ਚੋਰੀ ਤੇ ਬੇਅਦਬੀ ਕਰਨ ਵਾਲੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਮਗਰੋਂ ਜਾਣਕਾਰੀ ਦਿੰਦੇ ਹੋਏ ਡੀ. ਐਸ. ਪੀ. ਵਰਿੰਦਰ ਸਿੰਘ ਖੋਸਾ ਅਤੇ ਪੁਲਿਸ ਟੀਮ। ਤਸਵੀਰ : ਰਣਬੀਰ ਸਿੰਘ ਪੜ੍ਹੀ
06-11-2026
ਡੇਰਾਬੱਸੀ, 5 ਨਵੰਬਰ (ਰਣਬੀਰ ਸਿੰਘ ਪੜ੍ਹੀ)-ਮੁਬਾਰਿਕਪੁਰ ਦੇ ਪ੍ਰਾਚੀਨ ਸ੍ਰੀ ਰਾਧਾ ਕ੍ਰਿਸ਼ਨ ਮੰਦਰ ਵਿਚੋਂ ਪਵਿੱਤਰ ਮੂਰਤੀਆਂ ਚੋਰੀ ਹੋਣ ਦੀ ਘਟਨਾ ਕਾਰਨ ਸ਼ਰਧਾਲੂਆਂ ਵਿਚ ਪੈਦਾ ਹੋਏ ਰੋਸ ਦਰਮਿਆਨ ਡੇਰਾਬੱਸੀ ਪੁਲਿਸ ਨੇ ਵੱਡੀ ਸਫ਼ਲਤਾ ਹਾਸਿਲ ਕਰਦਿਆਂ ਵਾਰਦਾਤ ਵਿਚ ਸ਼ਾਮਿਲ ਗਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਚੋਰੀ ਹੋਈਆਂ ਕਰੀਬ 90 ਫ਼ੀਸਦੀ ਮੂਰਤੀਆਂ ਤੇ ਹੋਰ ਧਾਰਮਿਕ ਸਮੱਗਰੀ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਖ਼ਾਸ ਗੱਲ ਇਹ ਰਹੀ ਕਿ ਮੁਲਜ਼ਮ ਵਾਰਦਾਤ ਦੌਰਾਨ ਮੋਬਾਈਲ ਫ਼ੋਨਾਂ ਦੀ ਵਰਤੋਂ ਨਹੀਂ ਕਰਦੇ ਸਨ, ਜਿਸ ਕਾਰਨ ਉਨ੍ਹਾਂ ਤੱਕ ਪਹੁੰਚਣਾ ਪੁਲਿਸ ਲਈ ਵੱਡੀ ਚੁਣੌਤੀ ਬਣਿਆ ਹੋਇਆ ਸੀ। ਇਸ ਸੰਬੰਧੀ ਸੱਦੇ ਗਏ ਪੱਤਰਕਾਰ ਸੰਮੇਲਨ ਦੌਰਾਨ ਡੀ. ਐੱਸ. ਪੀ. ਡੇਰਾਬੱਸੀ ਨੇ ਦੱਸਿਆ ਕਿ 27 ਤੇ 28 ਅਕਤੂਬਰ ਦੀ ਦਰਮਿਆਨੀ ਰਾਤ ਕਰੀਬ 12 ਤੋਂ 1 ਵਜੇ ਦੌਰਾਨ ਦੋ ਨੌਜਵਾਨ ਮੰਦਰ ਦੀ ਬਾਹਰੀ ਕੰਧ ਟੱਪ ਕੇ ਅੰਦਰ ਦਾਖ਼ਲ ਹੋਏ ਸਨ। ਉਨ੍ਹਾਂ ਅੰਦਰਲਾ ਦਰਵਾਜ਼ਾ ਤੋੜ ਕੇ ਭਗਵਾਨ ਗਰੂੜ, ਗਊ ਮਾਤਾ, ਭਗਵਾਨ ਗਣੇਸ਼, ਲੱਡੂ ਗੋਪਾਲ ਤੇ ਮਾਤਾ ਸ਼ੇਰਾਂਵਾਲੀ ਦੀਆਂ ਮੂਰਤੀਆਂ ਸਮੇਤ ਦਾਨ ਪਾਤਰ ਚੋਰੀ ਕਰ ਲਿਆ ਸੀ। ਮੰਦਰ ਦੇ ਪੁਜਾਰੀ ਦੇ ਬਿਆਨਾਂ ‘ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਆਰੰਭ ਦਿੱਤੀ ਸੀ। ਇਸ ਸੰਬੰਧੀ ਡੀ. ਐੱਸ. ਪੀ. ਵਰਿੰਦਰ ਸਿੰਘ ਖੋਸਾ ਅਨੁਸਾਰ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਥਾਣਾ ਮੁਖੀ ਡੇਰਾਬੱਸੀ ਮੁਬਾਰਿਕਪੁਰ ਚੌਕੀ ਇੰਚਾਰਜ ਤੇ ਹੋਰ ਪੁਲਿਸ ਮੁਲਾਜ਼ਮਾਂ ਦੀਆਂ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ। ਪੁਲਿਸ ਨੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ, ਮੋਬਾਈਲ ਟਾਵਰਾਂ ਦੇ ਅੰਕੜਿਆਂ ਤੇ ਗੁਪਤ ਸੂਚਨਾਵਾਂ ਦੀ ਮਦਦ ਨਾਲ ਚਾਰ ਸ਼ੱਕੀ ਵਿਅਕਤੀਆਂ ਦੀ ਪਛਾਣ ਕੀਤੀ। ਪੁਲਿਸ ਨੇ ਕਾਰਵਾਈ ਕਰਦਿਆਂ ਮਨੀਸ਼ ਉਰਫ਼ ਲੰਗੜਾ, ਅਨਿਲ ਕੁਮਾਰ ਪੁੱਤਰ ਰੱਛੇਰਾਮ ਵਾਸੀ ਬਲੇਸਰਾ ਉੱਤਰ ਪ੍ਰਦੇਸ਼ ਹਾਲ ਵਾਸੀ ਡੇਰਾਬੱਸੀ ਅਤੇ ਅਭਿਨਾਸ਼ ਕੁਮਾਰ ਉਰਫ਼ ਮੰਨਾ ਵਾਸੀ ਆਜ਼ਮਗੜ੍ਹ ਉੱਤਰ ਪ੍ਰਦੇਸ਼ ਹਾਲ ਵਾਸੀ ਡੇਰਾਬੱਸੀ ਨੂੰ ਗ੍ਰਿਫ਼ਤਾਰ ਕਰ ਲਿਆ। ਜਦਕਿ ਚੌਥਾ ਮੁਲਜ਼ਮ ਮਨੋਹਰ ਪੁੱਤਰ ਚੌਬੇ ਵਾਸੀ ਗੁਰੂ ਨਾਨਕ ਕਾਲੋਨੀ, ਭਾਂਖਰਪੁਰ ਹਾਲੇ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਉਸ ਦੀ ਭਾਲ ਲਈ ਵੱਖ-ਵੱਖ ਰਾਜਾਂ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਅਨੁਸਾਰ ਗ੍ਰਿਫ਼ਤਾਰ ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਚੋਰੀ ਦਾ ਇਕ ਹੋਰ ਮਾਮਲਾ ਵੀ ਸੁਲਝਿਆ ਹੈ। ਅਦਾਲਤ ਵਲੋਂ ਮੁਲਜ਼ਮਾਂ ਦਾ ਦੋ ਦਿਨਾਂ ਪੁਲਿਸ ਰਿਮਾਂਡ ਦਿੱਤਾ ਗਿਆ ਹੈ। ਮੰਦਰ ਪ੍ਰਬੰਧਕ ਕਮੇਟੀ ਤੇ ਇਲਾਕਾ ਨਿਵਾਸੀਆਂ ਨੇ ਪੁਲਿਸ ਟੀਮ ਦਾ ਢੋਲ-ਢਮੱਕੇ ਨਾਲ ਸਵਾਗਤ ਕਰਦਿਆਂ ਗੁਲਦਸਤੇ ਭੇਟ ਕੀਤੇ ਤੇ ਸਿਰੋਪਾਓ ਪਾ ਕੇ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਪ੍ਰਮੁੱਖ ਉਦਯੋਗਪਤੀ ਕੇਵਲ ਗਰਗ, ਸਾਬਕਾ ਵਿਧਾਇਕ ਐਨ. ਕੇ. ਸ਼ਰਮਾ, ਕੌਂਸਲਰ ਮਨਵਿੰਦਰ ਪਾਲ ਸਿੰਘ ਟੋਨੀ ਰਾਣਾ ਅਤੇ ਹੋਰ ਪ੍ਰਬੰਧਕਾਂ ਨੇ ਡੀ. ਐੱਸ. ਪੀ. ਵਰਿੰਦਰ ਸਿੰਘ ਖੋਸਾ ਸਮੇਤ ਸਮੁੱਚੀ ਪੁਲਿਸ ਟੀਮ ਦੀ ਸ਼ਲਾਘਾ ਕੀਤੀ।