ਮੇਰਾ ਘਰ ਮੇਰੇ ਨਾਮ’ ਯੋਜਨਾ ਤਹਿਤ 400 ਪਰਿਵਾਰਾਂ ਨੂੰ ਘਰਾਂ ਦੀ ਮਾਲਕੀ ਦੇ ਦਸਤਾਵੇਜ਼ ਵੰਡੇ
ਕੁਰਾਲੀ, 7 ਨਵੰਬਰ (ਹਰਪ੍ਰੀਤ ਸਿੰਘ)-ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਯੋਜਨਾ ‘ਮੇਰਾ ਘਰ ਮੇਰੇ ਨਾਮ’ ਤਹਿਤ ਪਿੰਡ ਨਿਹੋਲਕਾ ਤੇ ਛੋਟੀ ਝਿੰਗੜਾਂ (ਛੋਟਾ ਸਿੰਘਪੁਰਾ) ਦੇ ਕਰੀਬ 400 ਪਰਿਵਾਰਾਂ ਨੂੰ ਉਨ੍ਹਾਂ ਦੇ ਘਰਾਂ ਨਾਲ ਸੰਬੰਧਿਤ ਮਾਲਕੀ ਹੱਕ ਦੇ ਦਸਤਾਵੇਜ਼ ਸੌਂਪੇ ਗਏ। ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤੇ ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਪਰਮਿੰਦਰ ਸਿੰਘ ਗੋਲਡੀ ਵਲੋਂ ਲਾਭਪਾਤਰੀ ਪਰਿਵਾਰਾਂ ਨੂੰ ਦਸਤਾਵੇਜ਼ ਤਕਸੀਮ ਕਰਨ ਦੀ ਰਸਮ ਅਦਾ ਕੀਤੀ ਗਈ।
ਕੁਰਾਲੀ, 7 ਨਵੰਬਰ (ਹਰਪ੍ਰੀਤ ਸਿੰਘ)-ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਯੋਜਨਾ ‘ਮੇਰਾ ਘਰ ਮੇਰੇ ਨਾਮ’ ਤਹਿਤ ਪਿੰਡ ਨਿਹੋਲਕਾ ਤੇ ਛੋਟੀ ਝਿੰਗੜਾਂ (ਛੋਟਾ ਸਿੰਘਪੁਰਾ) ਦੇ ਕਰੀਬ 400 ਪਰਿਵਾਰਾਂ ਨੂੰ ਉਨ੍ਹਾਂ ਦੇ ਘਰਾਂ ਨਾਲ ਸੰਬੰਧਿਤ ਮਾਲਕੀ ਹੱਕ ਦੇ ਦਸਤਾਵੇਜ਼ ਸੌਂਪੇ ਗਏ। ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤੇ ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਪਰਮਿੰਦਰ ਸਿੰਘ ਗੋਲਡੀ ਵਲੋਂ ਲਾਭਪਾਤਰੀ ਪਰਿਵਾਰਾਂ ਨੂੰ ਦਸਤਾਵੇਜ਼ ਤਕਸੀਮ ਕਰਨ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਪਰਮਿੰਦਰ ਸਿੰਘ ਗੋਲਡੀ ਨੇ ਕਿਹਾ ਕਿ ‘ਮੇਰਾ ਘਰ ਮੇਰੇ ਨਾਮ’ ਯੋਜਨਾ ਰਾਹੀਂ ਲਾਲ ਡੋਰੇ ਦੇ ਖੇਤਰ ‘ਚ ਲੰਬੇ ਸਮੇਂ ਤੋਂ ਆਪਣੇ ਘਰਾਂ ‘ਚ ਰਹਿ ਰਹੇ ਲੋਕਾਂ ਨੂੰ ਉਨ੍ਹਾਂ ਦੀ ਜਾਇਦਾਦ ਦੇ ਪੱਕੇ ਮਾਲਕੀ ਹੱਕ ਪ੍ਰਦਾਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮਾਲਕੀ ਹੱਕ ਦੇ ਦਸਤਾਵੇਜ਼ ਮਿਲਣ ਨਾਲ ਪਰਿਵਾਰਾਂ ਨੂੰ ਆਪਣੀ ਜਾਇਦਾਦ ਸੰਬੰਧੀ ਕਾਨੂੰਨੀ ਸੁਰੱਖਿਆ ਮਿਲਦੀ ਹੈ ਅਤੇ ਲੋੜ ਪੈਣ ‘ਤੇ ਉਹ ਬੈਂਕ ਕਰਜ਼ੇ ਸਮੇਤ ਹੋਰ ਵਿੱਤੀ ਸਹੂਲਤਾਂ ਪ੍ਰਾਪਤ ਕਰਨ ਲਈ ਵੀ ਇਨ੍ਹਾਂ ਦਸਤਾਵੇਜ਼ਾਂ ਦੀ ਵਰਤੋਂ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਉਨ੍ਹਾਂ ਦੇ ਹੱਕ ਦਿਵਾਉਣਾ ਅਤੇ ਪਿੰਡਾਂ ਦੇ ਵਸਨੀਕਾਂ ਦੀਆਂ ਲੰਬੇ ਸਮੇਂ ਤੋਂ ਚੱਲੀਆਂ ਆ ਰਹੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਮਾਨ ਸਰਕਾਰ ਦੀਆਂ ਮੁੱਖ ਤਰਜ਼ੀਹਾਂ ‘ਚ ਸ਼ਾਮਿਲ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਉਦੇਸ਼ ਹਰ ਯੋਗ ਪਰਿਵਾਰ ਨੂੰ ਉਸ ਦੇ ਘਰ ਤੇ ਜਾਇਦਾਦ ਸੰਬੰਧੀ ਪੱਕੇ ਮਾਲਕੀ ਹੱਕ ਦਿਵਾਉਣਾ ਹੈ ਤਾਂ ਜੋ ਲੋਕਾਂ ਨੂੰ ਭਵਿੱਖ ‘ਚ ਕਿਸੇ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਪਿੰਡ ਨਿਹੋਲਕਾ ਤੇ ਛੋਟੀ ਝਿੰਗੜਾਂ ਦੇ ਵਸਨੀਕਾਂ ਸਮੇਤ ਲਾਭਪਾਤਰੀ ਪਰਿਵਾਰ ਵੀ ਹਾਜ਼ਰ ਸਨ।