ਫਲੈਕਸ ਬੋਰਡਾਂ ਰਾਹੀਂ ਸਿਆਸੀ ਤਾਕਤ ਦਿਖਾਉਣ ਦੀ ਦੌੜ ਤੇਜ਼
ਨੰਗਲ, 21 ਨਵੰਬਰ (ਪ੍ਰੀਤਮ ਸਿੰਘ ਬਰਾਰੀ)-ਪੰਜਾਬ ਵਿਚ ਅਗਾਮੀ ਵਿਧਾਨ ਸਭਾ ਚੋਣਾਂ ਦਾ ਐਲਾਨ ਭਾਵੇਂ ਅਜੇ ਨਹੀਂ ਹੋਇਆ, ਪਰ ਸ੍ਰੀ ਅਨੰਦਪੁਰ ਸਾਹਿਬ ਹਲਕੇ ਖ਼ਾਸਕਰ ਨੰਗਲ ਸ਼ਹਿਰ ਤੇ ਆਸ-ਪਾਸ ਦੇ ਇਲਾਕੇ ਵਿਚ ਸਿਆਸੀ ਸਰਗਰਮੀਆਂ ਹੁਣ ਤੋਂ ਹੀ ਤੇਜ਼ ਹੋਣ ਲੱਗੀਆਂ ਹਨ। ਨੰਗਲ ਤੇ ਆਸ-ਪਾਸ ਦੇ ਇਲਾਕਿਆਂ ਦੇ ਮੁੱਖ ਮਾਰਗਾਂ, ਚੌਕਾਂ ਤੇ ਭੀੜ-ਭੜੱਕੇ ਵਾਲੀਆਂ ਥਾਵਾਂ ’ਤੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਵਲੋਂ ਆਪਣੇ ਸਿਆਸੀ ਰਹਿਬਰਾਂ ਨਾਲ ਵੱਡ-ਅਕਾਰੀ ਫਲੈਕਸ ਬੋਰਡ ਲਗਵਾਉਣ ਦੀ ਦੌੜ ਲੱਗੀ ਹੋਈ ਹੈ।
ਨੰਗਲ, 21 ਨਵੰਬਰ (ਪ੍ਰੀਤਮ ਸਿੰਘ ਬਰਾਰੀ)-ਪੰਜਾਬ ਵਿਚ ਅਗਾਮੀ ਵਿਧਾਨ ਸਭਾ ਚੋਣਾਂ ਦਾ ਐਲਾਨ ਭਾਵੇਂ ਅਜੇ ਨਹੀਂ ਹੋਇਆ, ਪਰ ਸ੍ਰੀ ਅਨੰਦਪੁਰ ਸਾਹਿਬ ਹਲਕੇ ਖ਼ਾਸਕਰ ਨੰਗਲ ਸ਼ਹਿਰ ਤੇ ਆਸ-ਪਾਸ ਦੇ ਇਲਾਕੇ ਵਿਚ ਸਿਆਸੀ ਸਰਗਰਮੀਆਂ ਹੁਣ ਤੋਂ ਹੀ ਤੇਜ਼ ਹੋਣ ਲੱਗੀਆਂ ਹਨ। ਨੰਗਲ ਤੇ ਆਸ-ਪਾਸ ਦੇ ਇਲਾਕਿਆਂ ਦੇ ਮੁੱਖ ਮਾਰਗਾਂ, ਚੌਕਾਂ ਤੇ ਭੀੜ-ਭੜੱਕੇ ਵਾਲੀਆਂ ਥਾਵਾਂ ’ਤੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਵਲੋਂ ਆਪਣੇ ਸਿਆਸੀ ਰਹਿਬਰਾਂ ਨਾਲ ਵੱਡ-ਅਕਾਰੀ ਫਲੈਕਸ ਬੋਰਡ ਲਗਵਾਉਣ ਦੀ ਦੌੜ ਲੱਗੀ ਹੋਈ ਹੈ। ਸੱਤਾਧਾਰੀ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੀ ਟਿਕਟ ਦਾ ਅਧਿਕਾਰਤ ਐਲਾਨ ਭਾਵੇਂ ਨਹੀਂ ਹੋਇਆ, ਪਰ ਸਥਾਨਕ ਸਿਆਸੀ ਹਲਕਿਆਂ ਵਿਚ ਉਨ੍ਹਾਂ ਦੀ ਮੁੜ ਦਾਅਵੇਦਾਰੀ ਨੂੰ ਹੀ ਲਗਪਗ ਤੈਅ ਮੰਨਿਆ ਜਾ ਰਿਹਾ ਹੈ। ਧੜੇਬੰਦੀ ਦਾ ਸ਼ਿਕਾਰ ਭਾਜਪਾ ਵਿਚ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਡਾ. ਸੁਭਾਸ਼ ਸ਼ਰਮਾ, ਜੋ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਇਸ ਹਲਕੇ ਤੋਂ ਚੋਣ ਲੜ ਚੁੱਕੇ ਹਨ, ਲਗਾਤਾਰ ਸਰਗਰਮ ਹਨ। ਦੂਜੇ ਪਾਸੇ ਪਾਰਟੀ ਦੇ ਲਗਪਗ ਅੱਧੀ ਦਰਜਨ ਸਥਾਨਕ ਆਗੂ ਜਿਨ੍ਹਾਂ ਵਿਚ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਾਜੇਸ਼ ਚੌਧਰੀ, ਗੋਵਰਧਨ ਸੋਨੀ, ਬਲਰਾਮ ਪਰਾਸ਼ਰ, ਸਤਬੀਰ ਰਾਣਾ, ਐਡਵੋਕੇਟ ਰਾਕੇਸ਼ ਮੜਕਨ, ਰਾਕੇਸ਼ ਪੰਮੀ, ਐਡਵੋਕੇਟ ਨਿਪੁੰਨ ਸੋਨੀ ਵੀ ਆਪੋ ਆਪਣੀ ਦਾਅਵੇਦਾਰੀ ਪੇਸ਼ ਕਰ ਰਹੇ ਹਨ। ਜਦੋ ਕਿ ਡਾ. ਸ਼ਰਮਾ ਹਾਈਕਮਾਨ ਦੇ ਫ਼ੈਸਲੇ ਨੂੰ ਪ੍ਰਵਾਨ ਕਰਨ ਦੀ ਗੱਲ ਵੀ ਕਹਿ ਚੁੱਕੇ ਹਨ। ਸੂਬਾ ਪੱਧਰੀ ਆਗੂਆਂ ਦੇ ਧੜਿਆਂ ’ਚ ਵੰਡੀ ਕਾਂਗਰਸ ਪਾਰਟੀ ਸਾਬਕਾ ਸਪੀਕਰ ਰਾਣਾ ਕੇਪੀ ਸਿੰਘ ਨੂੰ ਕਾਂਗਰਸ ਹਾਈਕਮਾਨ ਵਲੋਂ ਸੂਬਾ ਪੱਧਰੀ ਵੱਖ-ਵੱਖ ਕਮੇਟੀਆਂ ਵਿਚ ਅਹਿਮ ਸਿਆਸੀ ਸਥਾਨ ਦਿੱਤਾ ਗਿਆ ਹੈ, ਉਥੇ ਹੀ ਨਵ ਨਿਯੁਕਤ ਸੂਬਾ ਕਾਂਗਰਸ ਪ੍ਰਧਾਨ ਪ੍ਰਗਟ ਸਿੰਘ ਤੇ ਸੂਬਾ ਇੰਚਾਰਜ ਸਚਿਨ ਪਾਇਲਟ ਵਲੋਂ ਆਪਣੇ ਨਾਲ ਹੀ ਸੂਬਾ ਪੱਧਰੀ ਰੈਲੀਆਂ ਵਿਚ ਲਿਜਾਉਣ ਨੂੰ ਬੇਹੱਦ ਅਹਿਮ ਮੰਨਿਆ ਜਾ ਰਿਹਾ ਹੈ। ਦੂਜੇ ਪਾਸੇ ਸਾਬਕਾ ਜ਼ਿਲ੍ਹਾ ਯੂਥ ਕਾਂਗਰਸ ਪ੍ਰਧਾਨ ਡਾ. ਅੱਛਰ ਸ਼ਰਮਾ ਵਲੋਂ ਵੀ ਆਪਣੇ ਰਾਜਨੀਤਕ ਅਕਾਵਾਂ ਨਾਲ ਮਸ਼ਵਰਾ ਕਰ ਕੇ ਵੱਡੀ ਗਿਣਤੀ ਚ ਫਲੇਕਸ ਬੋਰਡ ਲਗਵਾਏ ਗਏ ਹਨ। ਸਾਬਕਾ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਤੇ ਤਿੰਨ ਵਾਰ ਕੌਂਸਲਰ ਰਹੇ ਐਡਵੋਕੇਟ ਪਰਮਜੀਤ ਸਿੰਘ ਪੰਮਾ ਵੀ ਆਪਣੀ ਦਾਅਵੇਦਾਰੀ ਲਈ ਆਪਣੇ ਸਿਆਸੀ ਆਗੂਆਂ ਦੇ ਇਸ਼ਾਰੇ ਤੇ ਹਾਈਕਮਾਨ ਨਾਲ ਰਾਬਤਾ ਬਣਾ ਰਹੇ ਹਨ। ਉਨ੍ਹਾਂ ਵਲੋਂ ਵੀ ਜਲਦ ਬੋਰਡ ਲਗਵਾਉਣ ਦੇ ਸੰਕੇਤ ਦਿੱਤੇ ਗਏ। ਇਸ ਦਰਮਿਆਨ ਅਕਾਲੀ-ਭਾਜਪਾ ਗੱਠਜੋੜ ਦੀ ਸੰਭਾਵਨਾ ਨੇ ਸਿਆਸੀ ਸਮੀਕਰਨਾਂ ਨੂੰ ਹੋਰ ਦਿਲਚਸਪ ਬਣਾ ਦਿੱਤਾ ਹੈ। ਲੋਕਾਂ ਵਿਚ ਚਰਚਾ ਹੈ ਕਿ ਜੇਕਰ ਦੋਵੇਂ ਪਾਰਟੀਆਂ ਮੁੜ ਇਕੱਠੀਆਂ ਹੁੰਦੀਆਂ ਹਨ ਤਾਂ ਹਲਕੇ ਦੀ ਟਿਕਟ ਦੀ ਵੰਡ ਦਾ ਸਮੁੱਚਾ ਦ੍ਰਿਸ਼ ਬਦਲ ਸਕਦਾ ਹੈ। ਫ਼ਿਲਹਾਲ ਫਲੈਕਸ ਬੋਰਡਾਂ ਰਾਹੀਂ ਤਾਕਤ ਦਿਖਾਉਣ ਤੋਂ ਲੈ ਕੇ ਟਿਕਟਾਂ ਲਈ ਦਾਅਵੇਦਾਰੀ ਤੱਕ ਸਿਆਸੀ ਸਰਗਰਮੀਆਂ ਜਾਰੀ ਹਨ। ਅੰਤਿਮ ਤਸਵੀਰ ਪਾਰਟੀਆਂ ਦੇ ਫ਼ੈਸਲਿਆਂ ਤੋਂ ਬਾਅਦ ਹੀ ਸਪਸ਼ਟ ਹੋਵੇਗੀ।