ਮਜੀਠਾ, 28 ਜਨਵਰੀ (ਮਨਿੰਦਰ ਸਿੰਘ ਸੋਖੀ)-ਪਾਬੰਦੀ ਸ਼ੁਦਾ ਖੂਨੀ ਚਾਈਨਾ ਡੋਰ ਨਾਲ ਅਨੇਕਾਂ ਵਾਰਦਾਤਾਂ ਹੋ ਰਹੀਆਂ ਹਨ ਪਰ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਦੇਖ ਰਿਹਾ ਹੈ | ਇਸ ਬਾਬਤ ਅਧਿਕਾਰੀਆਂ ਵਲੋਂ ਕੋਈ ਤਸੱਲੀ ਬਖਸ਼ ਕਾਰਵਾਈ ਨਹੀਂ ਕੀਤੀ ਜਾ ਰਹੀ | ਜਿਸ ਕਰਕੇ ਇਹ ਹਾਦਸੇ ਰੋਜ਼ ਵਾਪਰ ਰਹੇ ਹਨ, ਤਾਜ਼ਾ ਘਟਨਾ ਇਲਾਕੇ ਵਿਚ ਵਾਪਰੀ ਹੈ ਜਦ ਕਿ ਇਕ ਪਰਿਵਾਰ ਆਪਣੀ ਛੋਟੀ ਬੱਚੀ ਕਰੀਬ 6 ਸਾਲਾ ਨੂੰ ਅੱਗੇ ਬਿਠਾ ਕੇ ਅੰਮਿ੍ਤਸਰ ਤੋਂ ਫਤਿਹਗੜ੍ਹ ਚੂੜੀਆਂ ਸੜਕ 'ਤੇ ਪਿੰਡ ਨੰਗਲੀ ਭੱਠਾ ਤੋਂ ਬਰਾਸਤਾ ਮਜੀਠਾ ਜਾ ਰਹੇ ਸਨ ਕਿ ਪਿੰਡ ਭੋਮਾ ਦੇ ਨੇੜੇ ਮੋਟਰਸਾਈਕਲ ਸਵਾਰ ਪਤੀ-ਪਤਨੀ ਤੇ ਬੱਚੀ ਇਸ ਖੂਨੀ ਚਾਈਨਾ ਡੋਰ ਦੀ ਲਪੇਟ ਵਿਚ ਆ ਗਏ ਅਤੇ ਅੱਗੇ ਬੈਠੀ 6 ਸਾਲਾ ਬੱਚੀ ਇਸ ਡੋਰ ਦੇ ਮੂੰਹ 'ਤੇ ਫਿਰਨ ਕਰਕੇ ਜ਼ਖ਼ਮੀ ਹੋ ਗਈ | ਜਿਸ ਨਾਲ ਬੱਚੀ ਦਾ ਮੂੰਹ ਦਾ ਜਬਾੜਾ ਵੱਢਿਆ ਗਿਆ | ਜਿਸ ਨੂੰ ਸੜਕ 'ਤੇ ਜਾ ਰਹੇ ਰਾਹਗੀਰਾਂ ਨੇ ਚੁੱਕ ਕੇ ਬੱਚੀ ਨੂੰ ਫਤਿਹਗੜ੍ਹ ਚੂੜੀਆਂ ਹਸਪਾਤਲ ਵਿਚ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਬੱਚੀ ਨੂੰ ਅੰਮਿ੍ਤਸਰ ਹਸਪਤਾਲ ਵਿਚ ਰੈਫਰ ਕਰ ਦਿੱਤਾ | ਸਮਾਜ ਸੁਧਾਰ ਸੰਸਥਾ ਪੰਜਾਬ ਦੇ ਪ੍ਰਧਾਨ ਰਣਜੀਤ ਸਿੰਘ ਭੋਮਾ ਦੇ ਦੱਸਣ ਅਨੁਸਾਰ ਬੱਚੀ ਦੇ ਮੂੰਹ 'ਤੇ ਕਰੀਬ 40 ਟਾਂਕੇ ਲੱਗੇ ਹਨ ਜਿਥੇ ਬੱਚੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ | ਗੱਲਬਾਤ ਕਰਦਿਆਂ ਪ੍ਰਧਾਨ ਭੋਮਾ ਨੇ ਕਿਹਾ ਕਿ ਇਸ ਡੋਰ ਦੇ ਵੇਚਣ, ਖਰੀਦਣ ਅਤੇ ਵਰਤਣ 'ਤੇ ਪਾਬੰਦੀ ਲੱਗੀ ਹੋਣ ਦੇ ਬਾਵਜੂਦ ਮਜੀਠਾ ਅਤੇ ਆਸ-ਪਾਸ ਪਿੰਡਾਂ ਵਿਚ ਵੱਡੀ ਮਾਤਰਾ ਵਿਚ ਧੱੜ੍ਹਲੇ ਨਾਲ ਇਹ ਚਾਈਨਾ ਡੋਰ ਦੀ ਵਿਕਰੀ ਹੋਈ ਹੈ ਪਰ ਮਜੀਠਾ ਅਤੇ ਲਾਗਲੇ ਥਾਣਿਆਂ ਦੀ ਪੁਲਿਸ ਵਲੋਂ ਹੁਣ ਤੱਕ ਇਕ ਵੀ ਮਾਮਲਾ ਇਨ੍ਹਾਂ ਡੋਰ ਵੇਚਣ ਤੇ ਵਰਤਣ ਵਾਲਿਆਂ ਖ਼ਿਲਾਫ਼ ਦਰਜ ਨਹੀਂ ਕੀਤਾ ਗਿਆ | ਭੋਮਾ ਨੇ ਮੰਗ ਕੀਤੀ ਕਾਨੂੰਨ ਦੀ ਉਲੰਘਣਾਂ ਕਰਨ ਵਾਲਿਆਂ ਖ਼ਿਲਾਫ਼ ਸਖ਼ਤੀ ਨਾਲ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਅਤੇ ਘੱਟ ਤੋਂ ਘੱਟ 20 ਸਾਲ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਅੱਗੇ ਤੋਂ ਕੋਈ ਵਿਅਕਤੀ ਇਸ ਖੂਨੀ ਡੋਰ ਦੀ ਵਰਤੋਂ ਨਾ ਕਰ ਸਕੇ ਅਤੇ ਮਨੁੱਖੀ ਜਾਨਾਂ ਦਾ ਬਚਾਅ ਹੋ ਸਕੇ |