ਗੱਗੋਮਾਹਲ, 30 ਜਨਵਰੀ (ਬਲਵਿੰਦਰ ਸਿੰਘ ਸੰਧੂ)-ਸਿੱਖੀ ਦੇ ਪ੍ਰਚਾਰ, ਪ੍ਰਸਾਰ ਲਈ ਅਤੇ ਨੌਜਵਾਨ ਪੀੜੀ ਨੂੰ ਸਿੱਖੀ ਨਾਲ ਜੋੜਣ ਦੇ ਮਕਸਦ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ ਵਲੋਂ ਧਾਰਮਿਕ ਪ੍ਰੀਖਿਆ 'ਚੋਂ ਅੱਵਲ ਰਹਿਣ ਵਾਲੇ ਸਕੂਲੀ ਵਿਦਿਆਰਥੀਆਂ ਨੂੰ ਵਜ਼ੀਫਾ ਰਾਸ਼ੀ ਵੰਡੀ ਗਈ ਜਿਸ ਦੀ ਜਾਣਕਾਰੀ ਦਿੰਦਿਆਂ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਭਾਈ ਬਲਕਾਰ ਸਿੰਘ ਅਜਨਾਲਾ ਨੇ ਦੱਸਿਆ ਕਿ ਹਰ ਸਾਲ ਨਵੰਬਰ ਮਹੀਨੇ ਧਰਮ ਪ੍ਰਚਾਰ ਕਮੇਟੀ ਵਲੋਂ ਸਕੂਲੀ ਵਿਦਿਆਰਥੀਆਂ ਦੀ ਦੋ ਗਰੁੱਪਾਂ ਵਿਚ ਧਾਰਮਿਕ ਪ੍ਰੀਖਿਆ ਲਈ ਜਾਂਦੀ ਹੈ ਜਿਨ੍ਹਾਂ 'ਚ ਛੇਵੀਂ ਜਮਾਤ ਤੋਂ ਅਠ੍ਹਵੀਂ ਤੇ ਨੌਵੀਂ ਤੋਂ ਬਾਰ੍ਹਵੀਂ ਤਕ ਦੇ ਗਰੁੱਪ ਹੁੰਦੇ ਹਨ | ਇਸ ਪ੍ਰੀਖਿਆ ਵਿਚ 70ਫੀਸਦੀ ਨੰਬਰ ਲੈਣ ਵਾਲੇ ਵਿਦਿਆਰਥੀਆਂ ਨੂੰ ਧਰਮ ਪ੍ਰਚਾਰ ਕਮੇਟੀ ਵਲੋਂ ਕ੍ਰਮਵਾਰ 1100 ਤੇ 2100 ਰੁਪਏ ਦੀ ਵਜ਼ੀਫਾ ਰਾਸ਼ੀ ਦਿੱਤੀ ਜਾਂਦੀ ਹੈ | ਇਸ ਵਿਚ ਸ੍ਰੀ ਗੁਰੂ ਹਰਕਿ੍ਸ਼ਨ ਪਬਲਿਕ ਸਕੂਲ ਅਜਨਾਲਾ, ਜੀ.ਆਰ.ਡੀ. ਸਕੂਲ ਅਜਨਾਲਾ, ਖਾਲਸਾ ਪਬਲਿਕ ਸਕੂਲ ਗੱਗੋਮਾਹਲ, ਨਵਜੋਤੀ ਪਬਲਿਕ ਸਕੂਲ ਗੱਗੋਮਾਹਲ, ਗੁਰੂ ਨਾਨਕ ਸਕੂਲ ਮਾਕੋਵਾਲ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਬਲਿਕ ਸਕੂਲ ਰਮਦਾਸ ਸ਼ਾਮਿਲ ਸਨ | ਜਿਨ੍ਹਾਂ ਦੇ ਵਿਦਿਆਰਥੀਆਂ ਨੂੰ ਵਜ਼ੀਫੇ ਵੰਡੇ ਗਏ | ਇਸ ਮੌਕੇ ਪਿ੍ੰਸੀਪਲ ਅਮਨਦੀਪ ਕੌਰ, ਪ੍ਰਚਾਰਕ ਭਾਈ ਬਲਕਾਰ ਸਿੰਘ ਅਜਨਾਲਾ, ਭਾਈ ਮਲਕੀਤ ਸਿੰਘ ਸ਼ੇਖਭੱਟੀ, ਭਾਈ ਦਲਜੀਤ ਸਿੰਘ ਵਿਛੋਆ ਤੇ ਭਾਈ ਸੁਖਰਾਜ ਸਿੰਘ ਪ੍ਰਚਾਰਕ ਹਾਜ਼ਰ ਸਨ |