ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲਣ 'ਤੇ ਅਕਾਲੀ ਅਹੁਦੇਦਾਰਾਂ ਤੇ ਵਰਕਰਾਂ 'ਚ ਖੁਸ਼ੀ ਦੀ ਲਹਿਰ <br/>
ਅਜੀਤ ਡੈਸਕ
03-02-2026
ਅਜਨਾਲਾ, 2 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਮਾਣਯੋਗ ਸੁਪਰੀਮ ਕੋਰਟ ਵਲੋਂ ਜਮਾਨਤ ਦੇਣ ਦੀ ਖਬਰ ਮਿਲਦਿਆਂ ਹੀ ਅਜਨਾਲਾ ਅੰਦਰ ਵੀ ਅਕਾਲੀ ਅਹੁਦੇਦਾਰਾਂ ਤੇ ਵਰਕਰਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ, ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਜੋਧ ਸਿੰਘ ਸਮਰਾ ਦੀ ਸਰਪ੍ਰਸਤੀ ਅਤੇ ਨਗਰ ਪੰਚਾਇਤ ਅਜਨਾਲਾ ਦੇ ਸਾਬਕਾ ਪ੍ਰਧਾਨ ਤੇ ਪਾਰਟੀ ਦੇ ਸੀਨੀਅਰ ਆਗੂ ਭਾਈ ਜੋਰਾਵਰ ਸਿੰਘ ਦੀ ਅਗਵਾਈ ਹੇਠ ਅਕਾਲੀ ਅਹੁਦੇਦਾਰਾਂ ਤੇ ਵਰਕਰਾਂ ਵਲੋਂ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਪ੍ਰਧਾਨ ਭਾਈ ਜੋਰਾਵਰ ਸਿੰਘ ਨੇ ਕਿਹਾ ਕਿ ਮਾਣਯੋਗ ਸੁਪਰੀਮ ਕੋਰਟ ਵਲੋਂ ਮਾਝੇ ਦੇ ਜਰਨੈਲ ਬਿਕਰਮ ਸਿੰਘ ਮਜੀਠੀਆ ਨੂੰ ਜਮਾਨਤ ਦੇ ਕੇ ਮਜੀਠੀਆ ਖ਼ਿਲਾਫ਼ ਝੂਠਾ ਮੁਕਦਮਾ ਦਰਜ ਕਰਨ ਵਾਲੀ ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੂੰਹ 'ਤੇ ਕਰਾਰੀ ਚਪੇੜ ਮਾਰੀ ਹੈ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਸ਼੍ਰੋਮਣੀ ਅਕਾਲੀ ਦਲ ਦੀ ਬੁਲੰਦ ਆਵਾਜ਼ ਨੂੰ ਬੰਦ ਕਰਨ ਲਈ ਬਦਲੇ ਦੀ ਭਾਵਨਾ ਨਾਲ ਬਿਕਰਮ ਸਿੰਘ ਮਜੀਠੀਆ ਤੇ ਆਮਦਨ ਤੋਂ ਵੱਧ ਜਾਇਦਾਦ ਦਾ ਝੂਠਾ ਕੇਸ ਦਰਜ ਕੀਤਾ ਗਿਆ ਸੀ, ਕਿਉਂਕਿ ਬਿਕਰਮ ਸਿੰਘ ਮਜੀਠੀਆ ਹਮੇਸ਼ਾ ਹੀ ਸਰਕਾਰ ਦੀਆਂ ਨਾਕਾਮੀਆਂ ਅਤੇ ਲੋਕਮਾਰੂ ਨੀਤੀਆਂ ਨੂੰ ਉਜਾਗਰ ਕਰਦੇ ਸਨ ਜੋ ਕਿ ਇਸ ਸਰਕਾਰ ਨੂੰ ਬਰਦਾਸ਼ਤ ਨਹੀਂ ਹੋਇਆ | ਭਾਈ ਜੋਰਾਵਰ ਸਿੰਘ ਨੇ ਅੱਗੇ ਕਿਹਾ ਕਿ ਮਾਣਯੋਗ ਅਦਾਲਤਾਂ ਵਲੋਂ ਆਉਣ ਵਾਲੇ ਸਮੇਂ ਵਿਚ ਦਿੱਤੇ ਜਾਣ ਵਾਲੇ ਫ਼ੈਸਲੇ ਵੀ ਬਿਕਰਮ ਸਿੰਘ ਮਜੀਠੀਆ ਦੇ ਹੱਕ ਵਿਚ ਆਉਣਗੇ ਤੇ ਸਭ ਦੇ ਸਾਹਮਣੇ ਸੱਚ ਝੂਠ ਦਾ ਨਿਤਾਰਾ ਹੋ ਜਾਵੇਗਾ | ਉਨ੍ਹਾਂ ਅੱਗੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਦੀ ਇਕ ਅਜਿਹੀ ਆਪਣੀ ਖੇਤਰੀ ਪਾਰਟੀ ਹੈ ਜਿਸ ਵਲੋਂ ਹਮੇਸ਼ਾ ਹੀ ਸੂਬਾ ਵਾਸੀਆਂ ਨਾਲ ਹੋ ਰਹੀਆਂ ਧੱਕੇਸ਼ਾਹੀਆਂ ਦਾ ਸਮੇਂ-ਸਮੇਂ 'ਤੇ ਡੱਟ ਕੇ ਵਿਰੋਧ ਕੀਤਾ ਹੈ ਜਦਕਿ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਵਲੋਂ ਲੋਕਾਂ ਨੂੰ ਗੁੰਮਰਾਹ ਕਰਕੇ ਉਨ੍ਹਾਂ ਦੀਆਂ ਵੋਟਾਂ ਹੀ ਬਟੋਰੀਆਂ ਹਨ | ਉਨ੍ਹਾਂ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਨੂੰ ਜਮਾਨਤ ਮਿਲਣ ਤੋਂ ਬਾਅਦ ਅਕਾਲੀ ਅਹੁਦੇਦਾਰਾਂ ਤੇ ਵਰਕਰਾਂ ਦੇ ਹੌਸਲੇ ਹੋਰ ਬੁਲੰਦ ਹੋਣਗੇ | ਇਸ ਮੌਕੇ ਸਾਬਕਾ ਕੌਂਸਲਰ ਰਛਪਾਲ ਸਿੰਘ ਕਾਲੀ, ਸਾਬਕਾ ਕੌਂਸਲਰ ਸਵਰਨ ਸਿੰਘ ਗੁਲਾਬ, ਸਾਬਕਾ ਸਰਪੰਚ ਪਰਗਟ ਸਿੰਘ ਚੱਕਬਾਲਾ, ਇਕਬਾਲ ਸਿੰਘ ਸ਼ਿੰਟੂ ਚਾਵਲਾ, ਪਵਿੱਤਰ ਸਿੰਘ ਫੈਂਸੀ, ਸੁਰਿੰਦਰ ਸਿੰਘ ਭੱਟੀ, ਰਛਪਾਲ ਸਿੰਘ ਬਾਊ, ਗੁਰਮੁਖ ਸਿੰਘ ਹਰੜ ਕਲਾਂ, ਜਗਤਾਰ ਸਿੰਘ ਅਜਨਾਲਾ, ਜਗਜੀਤ ਸਿੰਘ, ਅਕਾਸ਼ਦੀਪ ਸਿੰਘ, ਸਵਿੰਦਰ ਸਿੰਘ ਅਤੇ ਅਰਮਾਨ ਸਿੰਘ ਆਦਿ ਹਾਜ਼ਰ ਸਨ |
...ਹਲਕੇ 'ਚ ਖੁਸ਼ੀ ਦੀ ਲਹਿਰ : ਸਰਪੰਚ ਸੰਧੂ
ਜੈਂਤੀਪੁਰ, (ਭੁਪਿੰਦਰ ਸਿੰਘ ਗਿੱਲ)- ਪੰਜਾਬ ਦੇ ਕੈਬਨਿਟ ਸਾਬਕਾ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲਣ 'ਤੇ ਖੁਸ਼ੀ ਪ੍ਰਗਟ ਕਰਦਿਆਂ ਸਰਪੰਚ ਰਘਬੀਰ ਸਿੰਘ ਸੰਧੂ ਤਲਵੰਡੀ ਖੁੰਮਣ ਤੇ ਨਰਿੰਦਰ ਸਿੰਘ ਜੇ. ਪੀ. ਨੇ ਸਾਂਝੇ ਤੌਰ 'ਤੇ ਮਾਣਯੋਗ ਸੁਪਰੀਮ ਕੋਰਟ ਦਾ ਧੰਨਵਾਦ ਕੀਤਾ | ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਸ. ਮਜੀਠੀਆ ਨੂੰ ਸਰਕਾਰ ਨੇ ਲੰਮੇ ਸਮੇਂ ਤੇ ਝੂਠੇ ਕੇਸ ਦਰਜ ਕਰਕੇ ਜੇਲ੍ਹ 'ਚ ਡੱਕਿਆ ਹੋਇਆ ਸੀ, ਇਹ ਇਕੱਲਾ ਜੇਲ੍ਹ 'ਚ ਹੀ ਨਹੀਂ ਡੱਕਿਆ ਸੀ, ਉਨ੍ਹਾਂ ਦੇ ਮਨੁੱਖੀ ਅਧਿਕਾਰਾਂ ਦਾ ਵੀ ਘਾਣ ਕੀਤਾ ਜਾ ਰਿਹਾ ਸੀ | ਅੱਜ ਸੁਪਰੀਮ ਕੋਰਟ ਨੇ ਉਨ੍ਹਾਂ ਨਾਲ ਇਨਸਾਫ਼ ਕਰਦਿਆਂ ਉਨ੍ਹਾਂ ਦੀ ਜਮਾਨਤ ਦੀ ਅਰਜ਼ੀ ਮਨਜ਼ੂਰ ਕਰ ਦਿੱਤੀ, ਜਿਸ 'ਤੇ ਹਲਕਾ ਮਜੀਠਾ ਦੇ ਵਰਕਰਾਂ 'ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ | ਸਰਪੰਚ ਸੰਧੂ ਨੇ ਕਿਹਾ ਕਿ ਭਾਵੇਂ ਸਰਕਾਰ ਨੇ ਲੱਖ ਜ਼ੋਰ ਲਾ ਲਿਆ ਪਰ ਫਿਰ ਵੀ ਅੱਜ ਸੱਚਾਈ ਸਾਹਮਣੇ ਆ ਗਈ | ਉਨ੍ਹਾਂ ਨੂੰ ਜਮਾਨਤ ਮਿਲਣ ਨਾਲ ਮਜੀਠਾ ਹਲਕੇ ਦੇ ਵਰਕਰਾਂ 'ਚ ਵੀ ਖੁਸ਼ੀ ਦੀ ਲਹਿਰ ਹੈ | ਇਸ ਮੌਕੇ ਚਾਚਾ ਹਰਪਾਲ ਸਿੰਘ ਸੋਹੀ, ਜਥੇ. ਗੁਰਮੀਤ ਸਿੰਘ, ਸਰਪੰਚ ਕੁਲਦੀਪ ਸਿੰਘ ਤੇ ਹੋਰ ਆਗੂ ਹਾਜ਼ਰ ਸਨ |