ਕਿਹਾ, ਅਕਾਲੀ ਦਲ ਵਾਰਿਸ ਪੰਜਾਬ ਦੇ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ
ਅਜਨਾਲਾ, 4 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ)-ਅਕਾਲੀ ਦਲ 'ਵਾਰਿਸ ਪੰਜਾਬ ਦੇ' ਹਲਕਾ ਅਜਨਾਲਾ ਦੇ ਮੁੱਖ ਆਗੂ ਚਰਨਜੀਤ ਸਿੰਘ ਗਾਲਬ ਦੀ ਅਗਵਾਈ ਹੇਠ ਕਰਵਾਏ ਵਿਸ਼ੇਸ ਸਨਮਾਨ ਸਮਾਰੋਹ ਦੌਰਾਨ ਪਾਰਟੀ ਦੇ ਨਵ-ਨਿਯੁਕਤ ਜ਼ਿਲ੍ਹਾ ਅੰਮਿ੍ਤਸਰ ਦੇਹਾਤੀ ਦੇ ਪ੍ਰਧਾਨ ਤੇ ਮੁੱਖ ਬੁਲਾਰੇ ਜਸਕਰਨ ਸਿੰਘ ਰਿਆੜ ਅਤੇ ਕਾਰਜਕਾਰੀ ਕਮੇਟੀ ਦੇ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ |ਇਸ ਮੌਕੇ ਗੱਲਬਾਤ ਕਰਦਿਆਂ ਮੁੱਖ ਆਗੂ ਚਰਨਜੀਤ ਸਿੰਘ ਗਾਲਿਬ ਨੇ ਕਿਹਾ ਕਿ ਪਾਰਟੀ ਵਲੋਂ ਨਵੀਂ ਟੀਮ ਦੀ ਨਿਯੁਕਤੀ ਨਾਲ ਜ਼ਿਲ੍ਹੇ ਵਿਚ ਸੰਗਠਨ ਹੋਰ ਮਜ਼ਬੂਤ ਹੋਵੇਗਾ ਅਤੇ ਆਉਂਦੇ ਦਿਨਾਂ ਦੌਰਾਨ ਹਲਕਾ ਅਜਨਾਲਾ ਅੰਦਰ ਪਾਰਟੀ ਨੂੰ ਹੋਰ ਮਜਬੂਤ ਕਰਨ ਲਈ ਜ਼ੋਰਦਾਰ ਉਪਰਾਲੇ ਕੀਤੇ ਜਾਣਗੇ | ਇਸ ਦੌਰਾਨ ਗੱਲਬਾਤ ਕਰਦਿਆਂ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਦੇ ਪ੍ਰਧਾਨ ਜਸਕਰਨ ਸਿੰਘ ਰਿਆੜ ਨੇ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ, ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ ਅਤੇ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਭਾਈ ਅੰਮਿ੍ਤਪਾਲ ਸਿੰਘ ਦੀ ਸੋਚ ਨੂੰ ਅੱਗੇ ਲਿਜਾਂਦਿਆਂ ਵੱਧ ਤੋਂ ਵੱਧ ਨੌਜਵਾਨਾਂ ਨੂੰ ਪਾਰਟੀ ਨਾਲ ਜੋੜਿਆ ਜਾਵੇਗਾ | ਪੰਜਾਬ ਦੀ ਮੌਜੂਦਾ ਸੱਤਾ ਧਿਰ ਆਮ ਆਦਮੀ ਪਾਰਟੀ 'ਤੇ ਵਰ੍ਹਦਿਆਂ ਪ੍ਰਧਾਨ ਜਸਕਰਨ ਸਿੰਘ ਰਿਆੜ ਨੇ ਕਿਹਾ ਕਿ ਪੰਜਾਬ ਵਿੱਚੋਂ ਨਸ਼ਿਆਂ ਦਾ ਮੁਕੰਮਲ ਖ਼ਾਤਮਾ ਕਰਨ ਤੋਂ ਇਲਾਵਾ ਹੋਰ ਕਈ ਤਰ੍ਹਾਂ ਦੇ ਵਾਅਦੇ ਕਰਕੇ ਸੱਤਾ ਵਿਚ ਆਈ ਇਸ ਪਾਰਟੀ ਤੋਂ ਪੰਜਾਬ ਦੇ ਲੋਕ ਪੂਰੀ ਤਰ੍ਹਾਂ ਨਿਰਾਸ਼ ਹਨ ਤੇ ਇਸ ਨੂੰ ਸਿਆਸੀ ਪਿੜ ਤੋਂ ਲਾਂਭੇ ਕਰਨ ਲਈ ਸਹੀ ਸਮੇਂ ਦੀ ਉਡੀਕ ਕਰ ਰਹੇ ਹਨ | ਇਸ ਮੌਕੇ ਮੁੱਖ ਆਗੂ ਚਰਨਜੀਤ ਸਿੰਘ ਗਾਲਿਬ ਵਲੋਂ ਪ੍ਰਧਾਨ ਜਸਕਰਨ ਸਿੰਘ ਰਿਆੜ, ਕਾਰਜਕਾਰੀ ਮੈਂਬਰ ਕਮਲਜੀਤ ਸਿੰਘ ਝੰਡੇਰ, ਬਗੀਚਾ ਸਿੰਘ ਹਰੜ ਕਲਾਂ, ਫੌਜੀ ਜਗਜੀਤ ਸਿੰਘ ਲਹੌਰੀਆ ਅਤੇ ਨੰਬਰਦਾਰ ਰਾਜਵਿੰਦਰ ਸਿੰਘ ਨੂੰ ਗੁਰੂ ਘਰ ਦੀ ਬਖ਼ਸ਼ਿਸ਼ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਾਬਕਾ ਸਰਪੰਚ ਬਲਵਿੰਦਰ ਸਿੰਘ ਫੁੱਲੇਚੱਕ, ਹਿਕਮਤਜੀਤ ਸਿੰਘ ਗੋਲਡੀ, ਸਾਬਕਾ ਸਰਪੰਚ ਸੁਖਦੇਵ ਸਿੰਘ ਬੱਲੜਵਾਲ, ਨਵਦੀਪ ਸਿੰਘ ਨਿੱਝਰ ਅਜਨਾਲਾ, ਡਾ: ਪ੍ਰੇਮ ਸਿੰਘ ਡੱਲਾ ਰਾਜਪੂਤਾਂ ਅਤੇ ਸੱਜਣ ਸਿੰਘ ਆਦਿ ਹਾਜ਼ਰ ਸਨ |
ਚਰਨਜੀਤ ਸਿੰਘ ਗਾਲਬ ਵਲੋਂ ਅਕਾਲੀ ਦਲ ਵਾਰਿਸ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਜਸਕਰਨ ਸਿੰਘ ਰਿਆੜ ਤੇ ਕਾਰਜਕਾਰੀ ਮੈਂਬਰਾਂ ਨੂੰ ਕੀਤਾ ਸਨਮਾਨਿਤ
ਸਨਮਾਨ ਸਮਾਰੋਹ ਦੌਰਾਨ ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਅਜਨਾਲਾ ਦੇ ਮੁੱਖ ਆਗੂ ਚਰਨਜੀਤ ਸਿੰਘ ਗਾਲਬ ਜ਼ਿਲ੍ਹਾ ਦਿਹਾਤੀ ਪ੍ਰਧਾਨ ਤੇ ਮੁੱਖ ਬੁਲਾਰੇ ਜਸਕਰਨ ਸਿੰਘ ਰਿਆੜ ਅਤੇ ਕਾਰਜਕਾਰੀ ਮੈਂਬਰ ਕਮਲਜੀਤ ਸਿੰਘ ਝੰਡੇਰ, ਬਗੀਚਾ ਸਿੰਘ ਹਰੜ ਕਲਾਂ, ਫੌਜੀ ਜਗਜੀਤ ਸਿੰਘ ਲਹੌਰੀਆ ਅਤੇ ਨੰਬਰਦਾਰ ਰਾਜਵਿੰਦਰ ਸਿੰਘ ਨੂੰ ਸਨਮਾਨਿਤ ਕਰਦੇ ਹੋਏ, ਨਾਲ ਖੜੇ ਸਾਬਕਾ ਸਰਪੰਚ ਬਲਵਿੰਦਰ ਸਿੰਘ ਫੁੱਲੇਚੱਕ ਤੇ ਹੋਰ ਆਗੂ | ਤਸਵੀਰ : ਗੁਰਪ੍ਰੀਤ ਸਿੰਘ ਢਿੱਲੋਂ<br/>
05-04-2026