ਅਟਾਰੀ, (ਅੰਮਿ੍ਤਸਰ) 4 ਅਪ੍ਰੈਲ (ਗੁਰਦੀਪ ਸਿੰਘ ਅਟਾਰੀ, ਰਾਜਿੰਦਰ ਸਿੰਘ ਰੂਬੀ)-ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਅਧੀਨ ਆਉਂਦੇ ਸਰਹੱਦੀ ਕਸਬਾ ਅਟਾਰੀ ਦੇ ਲੋਕਾਂ ਵਲੋਂ ਬੱਸ ਸਟੈਂਡ ਨਜ਼ਦੀਕ ਸ਼ਰਾਬ ਦਾ ਠੇਕਾ ਖੋਲ੍ਹੇ ਜਾਣ ਦਾ ਵਿਰੋਧ ਕੀਤਾ ਗਿਆ | ਕੁੱਲੀ ਯੂਨੀਅਨ ਦੇ ਪ੍ਰਧਾਨ ਮਾਈਕਲ ਦੀ ਅਗਵਾਈ ਹੇਠ ਇਕੱਠੇ ਹੋਏ ਮਹੱਲਾ ਵਾਸੀਆਂ ਨੇ ਕਿਹਾ ਕਿ ਮੁਹੱਲਾ ਪੁਰਾਣੀ ਅਨਾਜ ਮੰਡੀ ਵਿਚ ਸੈਂਕੜੇ ਲੋਕ ਵੱਸਦੇ ਹਨ ਜੋ ਕਿ ਗਰੀਬ ਪਰਿਵਾਰ ਨਾਲ ਸੰਬੰਧਿਤ ਹਨ | ਉਨ੍ਹਾਂ ਦੇ ਬੱਚਿਆਂ 'ਤੇ ਬੁਰਾ ਅਸਰ ਪੈ ਸਕਦਾ ਅਤੇ ਸ਼ਰਾਬ ਪੀਣ ਦੇ ਆਦੀ ਹੋ ਸਕਦੇ ਹਨ | ਉਨ੍ਹਾਂ ਕਿਹਾ ਕਿ ਸ਼ਰਾਬ ਦੇ ਠੇਕੇ ਦੇ ਨਾਲ ਸ਼ਰਾਬ ਪੀਣ ਵਾਲਾ ਅਹਾਤਾ ਵੀ ਖੋਲਿ੍ਹਆ ਜਾ ਰਿਹਾ ਹੈ ਜੋ ਕਿ ਅਤੀ ਨਿੰਦਣਯੋਗ ਹੈ | ਔਰਤਾਂ ਨੇ ਕਿਹਾ ਕਿ ਇਸ ਮਹੱਲੇ ਦੇ ਨਜ਼ਦੀਕ ਹੀ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ, ਨਿਊ ਐਂਜਲਸ ਪਬਲਿਕ ਸਕੂਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਟਾਰੀ, ਸਰਕਾਰੀ ਹਾਈ ਸਕੂਲ ਲੜਕੀਆਂ, ਬਾਜ਼ਾਰ ਅਟਾਰੀ, ਚਰਚ ਸੰਤ ਮੈਰੀ ਕੈਥੋਲਿਕ ਅਤੇ ਅੰਤਰਰਾਸ਼ਟਰੀ ਅਟਾਰੀ ਰੇਲਵੇ ਸਟੇਸ਼ਨ ਵੀ ਨਜ਼ਦੀਕ ਪੈਂਦਾ ਹੈ | ਉਨ੍ਹਾਂ ਨੂੰ ਉੱਕਤ ਸਕੂਲਾਂ ਵਿੱਚ ਬੱਚੇ-ਬੱਚੀਆਂ ਛੱਡਣ ਅਤੇ ਲੈਣ ਆਉਣਾ-ਜਾਣਾ ਪੈਂਦਾ ਹੈ | ਉਨ੍ਹਾਂ ਕਿਹਾ ਕਿ ਕੌਮਾਂਤਰੀ ਅਟਾਰੀ ਰੇਲਵੇ ਸਟੇਸ਼ਨ ਤੋਂ ਡੀਐਮਯੂ ਰੇਲ ਗੱਡੀ ਅਟਾਰੀ ਤੋਂ ਅੰਮਿ੍ਤਸਰ ਆਉਂਦੀ ਜਾਂਦੀ ਹੈ, ਜਿਸ ਵਿਚ ਰੋਜ਼ਾਨਾ ਸੈਂਕੜੇ ਔਰਤਾਂ-ਮਰਦ ਸਫਰ ਕਰਦੇ ਹਨ, ਨੂੰ ਇਸ ਰਸਤੇ ਉਪਰੋਂ ਲੰਘ ਕੇ ਹੀ ਜਾਣਾ ਪੈਂਦਾ ਹੈ | ਸ਼ਰਾਬ ਦਾ ਠੇਕਾ ਅਤੇ ਸ਼ਰਾਬ ਪੀਣ ਵਾਲਾ ਅਹਾਤਾ ਖੁੱਲ੍ਹਣ ਨਾਲ ਉਨ੍ਹਾਂ ਦਾ ਜਿਉਣਾ ਮੁਸ਼ਕਿਲ ਹੋ ਜਾਵੇਗਾ | ਸ਼ਰਾਬ ਦਾ ਠੇਕਾ ਖੁੱਲ੍ਹਣ ਵਾਲੇ ਸਥਾਨ ਦੇ ਨਜ਼ਦੀਕ ਹੀ ਗੁਰਦੁਆਰਾ ਸਾਹਿਬ ਕਲਿਆਣਸਰ ਨੀਲਧਾਰੀ ਅਟਾਰੀ ਹੈ ਜਿਸ ਕਾਰਨ ਸੰਗਤਾਂ ਵਲੋਂ ਵੀ ਠੇਕਾ ਖੋਲ੍ਹਣ ਦਾ ਵਿਰੋਧ ਕੀਤਾ ਗਿਆ ਹੈ | ਮੁਹੱਲਾ ਪੁਰਾਣੀ ਦਾਣਾ ਮੰਡੀ ਅਟਾਰੀ ਅਤੇ ਨਜ਼ਦੀਕ ਵੱਸਦੇ ਘਰਾਂ ਦੇ ਮੁਹਤਬਰ ਵਿਅਕਤੀਆਂ ਵਲੋਂ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਇੱਥੇ ਠੇਕਾ ਅਤੇ ਸ਼ਰਾਬ ਪੀਣ ਵਾਲਾ ਅਹਾਤਾ ਨਾ ਖੋਲਿ੍ਹਆ ਜਾਵੇ ਨਹੀਂ ਤਾਂ ਸੰਘਰਸ਼ ਹੋਰ ਤਿੱਖਾ ਕਰ ਦਿੱਤਾ ਜਾਵੇਗਾ | ਪ੍ਰਧਾਨ ਮਾਈਕਲ ਨੇ ਕਿਹਾ ਕਿ ਸ਼ਰਾਬ ਦਾ ਠੇਕਾ ਅਤੇ ਅਹਾਤਾ ਨਾ ਖੋਲ੍ਹਣ ਸਬੰਧੀ ਜ਼ਿਲ੍ਹਾ ਅੰਮਿ੍ਤਸਰ ਦੇ ਡਿਪਟੀ ਕਮਿਸ਼ਨਰ, ਐਕਸਾਈਜ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਸੰਬੰਧਤ ਪੁਲਿਸ ਥਾਣਾ ਘਰਿੰਡਾ ਨੂੰ ਲਿਖਤੀ ਦਰਖਾਸਤਾਂ ਵੀ ਦੇ ਦਿੱਤੀਆਂ ਗਈਆਂ ਹਨ |
ਕਸਬਾ ਅਟਾਰੀ ਵਾਸੀਆਂ ਨੇ ਛੋਟਾ ਬੱਸ ਅੱਡੇ ਨਜ਼ਦੀਕ ਸ਼ਰਾਬ ਦਾ ਠੇਕਾ ਖੋਲ੍ਹਣ ਦਾ ਕੀਤਾ ਵਿਰੋਧ <br/>
ਅਜੀਤ ਡੈਸਕ
05-04-2026