ਜੇਠੂਵਾਲ, 4 ਅਪ੍ਰੈਲ (ਮਿੱਤਰਪਾਲ ਸਿੰਘ ਰੰਧਾਵਾ)-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਵਲੋਂ ਕਣਕ ਦੀ ਫਸਲ ਦੀ ਸਹੀ ਖ਼ਰੀਦ ਤੇ ਸਾਂਭ ਸੰਭਾਲ ਲਈ ਪੂਰੀ ਤਰ੍ਹਾਂ ਢੁਕਵੇਂ ਪ੍ਰਬੰਧ ਕੀਤੇ ਗਏ ਹਨ ਅਤੇ ਸਾਰੀਆਂ ਹੀ ਖ਼ਰੀਦ ਏਜੰਸੀਆਂ ਨੂੰ ਇੱਕ ਅਪ੍ਰੈਲ ਤੋਂ ਕਣਕ ਦੀ ਖਰੀਦ ਦੇ ਹੁਕਮ ਜਾਰੀ ਕੀਤੇ ਗਏ ਸਨ ਅਤੇ ਕਣਕ ਦੀ ਫਸਲ ਦਾ ਇਕ ਇਕ ਦਾਣਾ ਸਰਕਾਰ ਖਰੀਦੇਗੀ, ਜੇਕਰ ਕੋਈ ਸਰਕਾਰੀ ਅਧਿਕਾਰੀ ਕਣਕ ਦੀ ਖਰੀਦ ਸਮੇਂ ਕਿਸੇ ਵੀ ਕਿਸਾਨ ਨੂੰ ਖੱਜਲ ਖੁਆਰ ਕਰਦਾ ਹੈ ਤਾਂ ਉਸ ਵਿਰੁੱਧ ਢੁਕਵੀਂ ਕਾਰਵਾਈ ਕੀਤੀ ਜਾਵੇਗੀ | ਉਕਤ ਸ਼ਬਦਾਂ ਦਾ ਪ੍ਰਗਟਾਵਾ ਆਮ ਪਾਰਟੀ ਦੇ ਹਲਕਾ ਮਜੀਠਾ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਵਲੋਂ ਪਿੰਡ ਲੁੱਧੜ ਵਿਖੇ ਆਮ ਪਾਰਟੀ ਦੇ ਵਰਕਰਾਂ ਨਾਲ ਵਿਚਾਰ ਵਟਾਂਦਰਾ ਕਰਨ ਮੌਕੇ ਕੀਤਾ | ਉਨ੍ਹਾਂ ਨੇ ਆੜ੍ਹਤੀਆਂ ਅਤੇ ਸਰਕਾਰੀ ਏਜੰਸੀ ਨੂੰ ਕਿਹਾ ਕਿ ਆਪਸੀ ਤਾਲਮੇਲ ਬਣਾ ਕੇ ਹਰੇਕ ਮੰਡੀ ਵਿਚੋਂ ਕਿਸਾਨਾਂ ਦੀ ਕਣਕ ਦੀ ਪੂਰੀ ਤਰ੍ਹਾਂ ਖ਼ਰੀਦ ਕਰਨ | ਸ. ਗਿੱਲ ਨੇ ਕਿਹਾ ਕਿ ਕਿਸਾਨ ਵੀ ਕਣਕ ਦੀ ਫਸਲ ਨੂੰ ਪੂਰੀ ਤਰ੍ਹਾਂ ਸੁਕਾ ਕੇ ਮੰਡੀਆਂ ਵਿਚ ਲਿਆਉਣ ਤਾਂ ਕਿ ਕਿਸੇ ਵੀ ਕਿਸਾਨ ਨੂੰ ਮੰਡੀਆਂ ਵਿਚ ਕਿਸੇ ਵੀ ਤਰ੍ਹਾਂ ਦਾ ਖੱਜਲ ਖੁਆਰ ਹੋਣਾ ਨਾ ਪਵੇ ਅਤੇ ਮਜੀਠੇ ਹਲਕੇ 'ਚ ਪੈਂਦੀਆਂ ਮੰਡੀਆਂ ਵਿਚ ਵੀ ਕਣਕ ਦੀ ਸਰਕਾਰੀ ਖ਼ਰੀਦ ਦੇ ਪੂਰੀ ਤਰ੍ਹਾਂ ਪ੍ਰਬੰਧ ਮੁਕੰਮਲ ਹੋ ਚੁੱਕੇ ਹਨ ਅਤੇ ਸਰਕਾਰੀ ਏਜੰਸੀ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਹਨ ਅਤੇ ਆੜ੍ਹਤੀਏ ਵੀ ਸਰਕਾਰੀ ਅਧਿਕਾਰੀਆਂ ਨੂੰ ਖ਼ਰੀਦ ਕਰਨ ਸਮੇਂ ਪੂਰਾ ਸਹਿਯੋਗ ਦੇਣ ਜੇਕਰ ਕੋਈ ਵੀ ਅਧਿਕਾਰੀ ਸਰਕਾਰੀ ਖ਼ਰੀਦ ਕਰਨ ਸਮੇਂ ਅਣਗਹਿਲੀ ਵਰਤਦਾ ਹੈ ਤਾਂ ਉਸ ਵਿਰੁੱਧ ਵੀ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਕਿਸਾਨ ਵੀ ਪੂਰੀ ਤਰ੍ਹਾਂ ਸਰਕਾਰੀ ਅਧਿਕਾਰੀਆਂ ਨਾਲ ਤਾਲਮੇਲ ਬਣਾ ਕੇ ਰੱਖਣ ਤਾਂ ਕਿ ਕਿਸੇ ਵੀ ਕਿਸਾਨ ਨੂੰ ਕਿਸੇ ਵੀ ਤਰ੍ਹਾਂ ਦਾ ਮੰਡੀਆਂ ਵਿਚ ਸਾਹਮਣਾ ਨਾ ਕਰਨਾ ਪਵੇ | ਇਸ ਮੌਕੇ ਸਰਪੰਚ ਰਾਜ ਕੁਮਾਰ ਲੁੱਧੜ, ਡਾ. ਰਾਕੇਸ਼ ਕੁਮਾਰ, ਪੰਚ ਅੰਗਰੇਜ਼ਪਾਲ ਸਿੰਘ, ਜਸਵੰਤ ਸਿੰਘ ਜਪਾਨੀ, ਵਿਜੇ ਕੁਮਾਰ, ਕੁਲ ਭੂਸ਼ਣ ਕੁਮਾਰ, ਪੰਚ ਜਸਪ੍ਰੀਤ ਸਿੰਘ, ਬਲਜਿੰਦਰ ਸਿੰਘ, ਰਮੇਸ਼ ਕੁਮਾਰ, ਅਰਸ਼ਦੀਪ ਸਿੰਘ ਭੱਟੀ, ਰਣਜੀਤ ਸਿੰਘ ਰਾਣਾ, ਗੁਰਸਾਜਨ ਸਿੰਘ, ਗੁਰਵਿੰਦਰ ਸਿੰਘ, ਪਲਵਿੰਦਰ ਸਿੰਘ ਫੌਜੀ, ਬਲਵਿੰਦਰ ਸਿੰਘ, ਗੁਰਪ੍ਰੀਤ ਸਿੰਘ ਸਮੇਤ ਹੋਰ ਵਰਕਰ ਸ਼ਾਮਿਲ ਸਨ |