ਅਜਨਾਲਾ/ਰਮਦਾਸ 4 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ, ਜਸਵੰਤ ਸਿੰਘ ਵਾਹਲਾ)-ਆਮ ਆਦਮੀ ਪਾਰਟੀ ਦੀਆਂ ਚਾਰ ਸਾਲਾਂ ਦੀਆਂ ਪ੍ਰਾਪਤੀਆਂ ਪ੍ਰਤੀ ਲੋਕਾਂ ਨੂੰ ਜਾਣੂ ਕਰਵਾਉਣ ਲਈ ਸ਼ੁਰੂ ਕੀਤੀ ਗਈ ਮੁਹਿੰਮ 'ਸ਼ਾਨਦਾਰ ਚਾਰ ਸਾਲ ਭਗਵੰਤ ਮਾਨ ਨਾਲ' ਤਹਿਤ ਅੱਜ ਹਲਕਾ ਅਜਨਾਲਾ ਦੇ ਵਿਧਾਇਕ ਤੇ ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਬੁਲਾਰੇ ਕੁਲਦੀਪ ਸਿੰਘ ਧਾਲੀਵਾਲ ਵਲੋਂ ਪਿੰਡ ਕੋਟ ਗੁਰਬਖਸ਼ ਵਿਖੇ ਸਰਪੰਚ ਸੰਤੋਖ ਸਿੰਘ ਜੌਹਲ ਦੇ ਗ੍ਰਹਿ ਵਿਖੇ 'ਜਨ ਸੰਵਾਦ' ਮੀਟਿੰਗ ਕੀਤੀ ਗਈ, ਜਿਸ ਦੌਰਾਨ ਉਨ੍ਹਾਂ ਹਾਜ਼ਰ ਪਿੰਡ ਵਾਸੀਆਂ ਨੂੰ ਸਰਕਾਰ ਦੀਆਂ ਚਾਰ ਸਾਲਾਂ ਦੀਆਂ ਪ੍ਰਾਪਤੀਆਂ ਅਤੇ ਪੂਰੀਆਂ ਕੀਤੀਆਂ ਗਈਆਂ ਗਰੰਟੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ |ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਰਾਜ ਸਭਾ ਮੈਂਬਰ ਰਾਘਵ ਚੱਢਾ 'ਤੇ ਤਿੱਖੇ ਨਿਸ਼ਾਨੇ ਸਾਧਦਿਆਂ ਕਿਹਾ ਕਿ ਪੰਜਾਬ ਵਾਸੀਆਂ ਨੇ ਵੋਟਾਂ ਪਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਸੀ ਤੇ ਇਸੇ ਕਰਕੇ ਹੀ ਉਹ ਪੰਜਾਬ ਤੋਂ ਰਾਜ ਸਭਾ ਮੈਂਬਰ ਬਣੇ ਸਨ ਪਰ ਦੁੱਖ ਦੀ ਗੱਲ ਹੈ ਕਿ ਉਨ੍ਹਾਂ ਪੰਜਾਬ ਦੇ ਮੁੱਦਿਆਂ ਦੀ ਬਜਾਏ ਹਵਾਈ ਅੱਡਿਆਂ ਤੇ ਸਮੋਸਿਆਂ ਅਤੇ ਕੌਫੀ ਦੇ ਰੇਟਾਂ ਸੰਬੰਧੀ ਗੱਲਾਂ ਬਾਤਾਂ ਕਰਕੇ ਪੰਜਾਬ ਨਾਲ ਵਿਸ਼ਵਾਸਘਾਤ ਕੀਤਾ ਹੈ | ਉਨ੍ਹਾਂ ਕਿਹਾ ਕਿ ਅੱਜ ਅਸੀਂ ਉਸ ਪਿੰਡ ਵਿਚ ਖੜ੍ਹੇ ਹਾਂ ਜਿੱਥੇ ਅਗਸਤ ਮਹੀਨੇ ਵਿਚ ਆਏ ਭਿਆਨਕ ਹੜਾਂ ਦੌਰਾਨ ਸਭ ਤੋਂ ਵੱਧ ਨੁਕਸਾਨ ਹੋਇਆ ਸੀ ਤੇ ਇਸ ਪਿੰਡ ਵਿਚ ਲਗਭਗ 7-7 ਫੁੱਟ ਤੋਂ ਵੱਧ ਪਾਣੀ ਸੀ , ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਇਲਾਵਾ ਦੇਸ਼ ਦੇ ਹੋਰਨਾਂ ਕਈ ਰਾਜਾਂ ਤੋਂ ਲੋਕ ਹੜ੍ਹ ਪੀੜਤਾਂ ਦੀ ਮਦਦ ਲਈ ਇੱਥੇ ਪਹੁੰਚੇ ਸਨ ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਪੰਜਾਬ ਤੋਂ ਚੁਣ ਕੇ ਗਏ ਨੌਜਵਾਨ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਪੈਰ ਤੱਕ ਨਹੀਂ ਪਾਇਆ ਜਦਕਿ ਰਾਘਵ ਚੱਢਾ ਨੂੰ ਚਾਹੀਦਾ ਤਾਂ ਇਹ ਸੀ ਕਿ ਇਨ੍ਹਾਂ ਪਿੰਡਾਂ ਵਿਚ ਆ ਕੇ ਲੋਕਾਂ ਦਾ ਹਾਲ ਜਾਣਦੇ ਅਤੇ ਰਾਜ ਸਭਾ ਵਿਚ ਹੜ੍ਹ ਪੀੜਤਾਂ ਦੀ ਆਵਾਜ਼ ਬਣ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲੋਂ 1600 ਕਰੋੜ ਰੁਪਏ ਹੜ੍ਹ ਪੀੜਤਾਂ ਲਈ ਮੁਆਵਜ਼ਾ ਰਾਸ਼ੀ ਜਾਰੀ ਕਰਵਾਉਣ ਦੀ ਆਵਾਜ਼ ਰਾਜ ਸਭਾ ਵਿਚ ਬੁਲੰਦ ਕਰਦੇ | ਇਸ ਮੌਕੇ ਬਲਾਕ ਸੰਮਤੀ ਰਮਦਾਸ ਦੇ ਚੇਅਰਮੈਨ ਪਿ੍ਥੀਪਾਲ ਸਿੰਘ ਘੋਨੇਵਾਲਾ, ਸਾਬਕਾ ਚੇਅਰਮੈਨ ਬਲਦੇਵ ਸਿੰਘ ਬੱਬੂ ਚੇਤਨਪੁਰਾ, ਸਰਪੰਚ ਸੰਤੋਖ ਸਿੰਘ ਜੌਹਲ, ਪਰਗਟ ਸਿੰਘ ਰਮਦਾਸ, ਬਲਾਕ ਪ੍ਰਧਾਨ ਸੰਦੀਪ ਸਿੰਘ ਖਹਿਰਾ, ਕੌਂਸਲਰ ਦਿਨੇਸ਼ ਸੋਨੀ, ਸਾਬਕਾ ਬਲਾਕ ਸੰਮਤੀ ਮੈਂਬਰ ਜਥੇਦਾਰ ਗੁਰਮੁਖ ਸਿੰਘ, ਅਵਤਾਰ ਸਿੰਘ ਬੱਲ, ਮੈਂਬਰ ਪੰਚਾਇਤ ਵਿਜੇ ਕੁਮਾਰ, ਸੁਖਜੀਤ ਸਿੰਘ, ਮੰਗਲ ਦਾਸ, ਕੁਲਜੀਤ ਸਿੰਘ, ਮਾਸਟਰ ਮੇਜਰ ਸਿੰਘ, ਭੁਪਿੰਦਰ ਸਿੰਘ, ਬਾਬਾ ਰਾਜਬੀਰ ਸਿੰਘ, ਪ੍ਰਧਾਨ ਰਵੀ ਕੁਮਾਰ, ਜੁਝਾਰ ਸਿੰਘ ਰੰਧਾਵਾ, ਲਵ ਬੱਲ, ਪਵਿੱਤਰ ਸਿੰਘ, ਜਗਰੂਪ ਸਿੰਘ, ਹਰਸੇਵਕ ਸਿੰਘ, ਜਗਤਾਰ ਸਿੰਘ ਬੱਲ, ਕੰਸ ਰਾਜ, ਦੀਪਕ ਕੁਮਾਰ ਡੀਪੂ ਵਾਲਾ, ਬਲਾਕ ਪ੍ਰਧਾਨ ਅਮਰੀਕ ਸਿੰਘ ਢਿੱਲੋਂ, ਸੁਰਜੀਤ ਸਿੰਘ ਪੰਨੂ, ਅਤੇ ਪਵਨ ਬਾਉਲੀ ਆਦਿ ਹਾਜ਼ਰ ਸਨ |