ਅਟਾਰੀ, 9 ਅਪ੍ਰੈਲ (ਗੁਰਦੀਪ ਸਿੰਘ ਅਟਾਰੀ/ਰਾਜਿੰਦਰ ਸਿੰਘ ਰੂਬੀ)-ਭਾਰਤ-ਪਾਕਿਸਤਾਨ ਕੌਮਾਂਤਰੀ ਅਟਾਰੀ ਹਾਈਵੇ 'ਤੇ ਸਥਿਤ ਸਰਹੱਦੀ ਅਨਾਜ ਮੰਡੀ ਅਟਾਰੀ ਦੇ ਆੜ੍ਹਤੀਆ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਜੋਗਿੰਦਰ ਸਿੰਘ ਰਾਣਾ ਅਤੇ ਆੜ੍ਹਤੀਆਂ ਵਲੋਂ ਪੰਜਾਬ ਸਰਕਾਰ ਨੂੰ ਪੁਰਜੋਰ ਅਪੀਲ ਕੀਤੀ ਗਈ ਹੈ ਕਿ ਉਨ੍ਹਾਂ ਦੀਆਂ ਹੱਕੀ ਮੰਗਾਂ ਵੱਲ ਖਾਸ ਧਿਆਨ ਦਿੱਤਾ ਜਾਵੇ ਤਾਂ ਜੋ ਉਨ੍ਹਾਂ ਦੀਆਂ ਮੁਸ਼ਕਿਲਾਂ ਹੱਲ ਹੋ ਸਕਣ | ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਜਦੋਂ ਦਾ ਕਿਰਾਇਆ ਕਿਲੋਮੀਟਰ ਦੇ ਹਿਸਾਬ ਨਾਲ ਕਰ ਦਿੱਤਾ ਗਿਆ ਤਾਂ ਟੈਂਡਰ ਕਾਰਾਂ ਨੇ ਟੈਂਡਰ ਘੱਟ ਰੇਟ 'ਤੇ ਕਹਿ ਕੇ ਆੜ੍ਹਤੀਆਂ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ | ਉਹ ਆੜ੍ਹਤੀਆਂ ਕੋਲੋਂ ਮਨਮਰਜੀ ਨਾਲ ਪੈਸੇ ਲੈ ਰਹੇ ਹਨ | ਉਨ੍ਹਾਂ ਵਲੋਂ ਕਿਹਾ ਜਾਂਦਾ ਹੈ ਕਿ ਸਰਕਾਰੀ ਰੇਟ ਬਹੁਤ ਘੱਟ ਹਨ ਅਤੇ ਖਰਚੇ ਵੱਧ ਜਿਸ ਕਾਰਨ ਤੇਲ ਵੀ ਪੱਲਿਓਾ ਪਾਉਣਾ ਪੈਂਦਾ ਹੈ | ਉਨ੍ਹਾਂ ਨੇ ਟਰੱਕਾਂ ਦੀਆਂ ਕਿਸ਼ਤਾਂ ਵੀ ਜਮ੍ਹਾਂ ਕਰਵਾਉਣੀਆਂ ਹੁੰਦੀਆਂ ਹਨ | ਆੜਤੀਆਂ ਨੇ ਜੇ ਫਸਲ ਦੀ ਢੋਆ-ਢੁਆਈ ਕਰਵਾਉਣੀ ਹੈ ਤਾਂ ਉਹ ਕੁਝ ਪੈਸੇ ਹੋਰ ਆਪਣੇ ਕੋਲੋਂ ਦੇਣ | ਇਸ ਕਾਰਨ ਉਨ੍ਹਾਂ ਨੂੰ ਮਜਬੂਰਨ ਪੈਸੇ ਹੋਰ ਦੇਣੇ ਪੈਂਦੇ ਹਨ | ਉਨ੍ਹਾਂ ਦੱਸਿਆ ਕਿ ਪਿਛਲੇ ਕੁਝ ਸਾਲਾਂ ਤੋਂ ਸਾਰੇ ਟੈਂਡਰਕਾਰਾਂ ਵਲੋਂ ਸਲਾਹ ਕੀਤੀ ਗਈ ਹੈ ਕਿ ਅਟਾਰੀ ਦਾਣਾ ਮੰਡੀ ਦਾ ਟੈਂਡਰ ਨਾ ਪਾਇਆ ਜਾਵੇ | ਉਹ ਮੰਡੀ ਅਟਾਰੀ ਵਿਚ ਟੈਂਡਰ ਹੀ ਨਹੀਂ ਪਾਉਂਦੇ | ਜੋਗਿੰਦਰ ਸਿੰਘ ਰਾਣਾ ਨੇ ਗੱਲਬਾਤ ਕਰਦੇ ਕਿਹਾ ਕਿ ਸਰਕਾਰ ਆੜਤੀਆਂ 'ਤੇ ਦਬਾ ਬਣਾ ਰਹੀ ਹੈ | ਅਫਸਰਾਂ ਦੇ ਸਖਤ ਰਵੱਈਏ ਕਾਰਨ ਟੈਂਡਰ ਆੜ੍ਹਤੀਆਂ ਦੇ ਖਾਤੇ ਪਾ ਦਿੱਤਾ ਜਾਂਦਾ | ਜਿਸ ਵਲੋਂ ਟੈਂਡਰ ਲਿਆ ਗਿਆ, ਉਹ ਆੜ੍ਹਤੀ ਵੀ ਟਰੱਕ ਯੂਨੀਅਨ ਦੇ ਮੈਂਬਰ ਹਨ, ਇਸ ਕਾਰਨ ਆੜ੍ਹਤੀਆਂ ਨੂੰ ਵੱਡੀ ਪ੍ਰੇਸ਼ਾਨੀ ਝੱਲਣੀ ਪਈ ਕਿਉਂਕਿ ਜੋ ਟਰੱਕਾਂ ਵਾਲਿਆਂ ਮੰਗਿਆ ਉਹ ਹੀ ਆੜ੍ਹਤੀਆਂ ਨੂੰ ਦੇਣਾ ਪਿਆ | ਉਨ੍ਹਾਂ ਕਿਹਾ ਕਿ ਆੜ੍ਹਤੀਆਂ ਦੀ ਸਰਕਾਰ ਅੱਗੇ ਬੇਨਤੀ ਹੈ ਕਿ ਟੈਂਡਰਕਾਰ ਅਟਾਰੀ ਦਾਣਾ ਮੰਡੀ ਦਾ ਟੈਂਡਰ ਨਹੀਂ ਪਾਉਂਦੇ | ਰਾਣਾ ਨੇ ਕਿਹਾ ਕਿ ਉਨ੍ਹਾਂ ਵਿਚ ਕੁਝ ਆੜ੍ਹਤੀ ਹਨ ਜੋ ਟਰੱਕ ਯੂਨੀਅਨ ਦੇ ਮੈਂਬਰ ਹਨ, ਜਿਨ੍ਹਾਂ ਵਲੋਂ ਟੈਂਡਰ ਆੜਤੀਆਂ ਦੇ ਨਾਮ ਲੈ ਕੇ ਸਾਰੀ ਮੰਡੀ ਨਾਲ ਧੋਖਾ ਕੀਤਾ ਜਾਂਦਾ | ਰਾਣਾ ਨੇ ਪੰਜਾਬ ਸਰਕਾਰ ਅੱਗੇ ਬੇਨਤੀ ਕੀਤੀ ਕਿ ਸਮੂਹ ਆੜ੍ਹਤੀਆਂ ਦੇ ਇਸ ਮਸਲੇ ਵੱਲ ਖਾਸ ਧਿਆਨ ਦਿੱਤਾ ਜਾਵੇ ਤਾਂ ਜੋ ਆੜ©ਤੀਆਂ ਨੂੰ ਲੁੱਟ ਤੋਂ ਬਚਾਇਆ ਜਾ ਸਕੇ | ਅਖੀਰ 'ਚ ਉਨ੍ਹਾਂ ਕਿਹਾ ਕਿ ਢੋਆ ਢੁਆਈ ਦਾ ਕੰਮ ਪੱਕੇ ਤੌਰ 'ਤੇ ਆੜ੍ਹਤੀਆਂ ਨੂੰ ਦਿੱਤਾ ਜਾਵੇ, ਹਰ ਆੜ੍ਹਤੀ ਆਪਣੇ ਆਪਣੇ ਮਾਲ ਦੀ ਢੋਆ-ਢੁਆਈ ਕਰਵਾਵੇ ਤਾਂ ਜੋ ਆੜਤੀ ਟੈਂਡਰ ਕਾਰਾਂ ਦੇ ਨਾਜਾਇਜ਼ ਖਰਚਿਆਂ ਤੋਂ ਬਚ ਸਕਣ | ਲਦਾਣ ਅਤੇ ਸਿਲਾਈ ਵਾਂਗ ਕਿਰਾਇਆ ਵੀ ਹਰ ਆੜਤੀ ਦੇ ਬਿੱਲ ਵਿਚ ਆਵੇ ਤਾਂ ਜੋ ਫਸਲ ਦਾ ਕੰਮ ਸੁਚਾਰੂ ਤਰੀਕੇ ਨਾਲ ਨੇਪਰੇ ਚੜ੍ਹ ਸਕੇ |