ਰਾਮ ਤੀਰਥ, 11 ਅਪ੍ਰੈਲ (ਧਰਵਿੰਦਰ ਸਿੰਘ ਔਲਖ)-ਸਿਡਾਨਾ ਇੰਟਰਨੈਸ਼ਨਲ ਸਕੂਲ ਖਿਆਲਾ ਖੁਰਦ ਵਿਖੇ ਸੀ.ਬੀ.ਐੱਸ.ਈ. ਵਲੋਂ ਇਕ ਦਿਨ ਦਾ ਸਮਰੱਥਾ ਨਿਰਮਾਣ ਪ੍ਰੋਗਰਾਮ (ਆਮ) ਕਰਵਾਇਆ | ਇਸ ਵਰਕਸ਼ਾਪ ਦਾ ਵਿਸ਼ਾ 'ਮਾਨਸਿਕ ਸਿਹਤ ਅਤੇ ਤੰਦਰੁਸਤੀ' ਸੀ, ਜਿਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਅਤੇ ਅਧਿਆਪਕਾਂ ਵਿਚ ਮਾਨਸਿਕ ਸਿਹਤ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ | ਇਸ ਪ੍ਰੋਗਰਾਮ ਵਿਚ ਵੱਖ-ਵੱਖ ਸਕੂਲਾਂ ਤੋਂ ਆਏ ਅਧਿਆਪਕਾਂ ਨੇ ਉਤਸ਼ਾਹ ਨਾਲ ਭਾਗ ਲਿਆ, ਜਿਸ ਨਾਲ ਸਾਂਝੇ ਅਨੁਭਵਾਂ ਰਾਹੀਂ ਸਿਖਲਾਈ ਦਾ ਮਾਹੌਲ ਹੋਰ ਵੀ ਪ੍ਰਭਾਵਸ਼ਾਲੀ ਬਣਿਆ | ਇਸ ਪ੍ਰੋਗਰਾਮ ਵਿਚ ਦੋ ਪ੍ਰਸਿੱਧ ਰਿਸੋਰਸ ਪਰਸਨ ਡਾ. ਰਮਨ ਦੁਆ, ਪਿ੍ੰਸੀਪਲ, ਮਾਝਾ ਪਬਲਿਕ ਸਕੂਲ ਅਤੇ ਡਾ. ਰਿਤੂ ਖਨੇਜਾ, ਪਿ੍ੰਸੀਪਲ, ਜੀ.ਐਨ.ਡੀ. ਗਲੋਬਲ ਅਕੈਡਮੀ ਨੇ ਭਾਗ ਲਿਆ | ਉਨ੍ਹਾਂ ਵਲੋਂ ਅਧਿਆਪਕਾਂ ਨੂੰ ਵਿਦਿਆਰਥੀਆਂ ਦੀ ਭਾਵਨਾਤਮਕ ਭਲਾਈ ਲਈ ਵੱਖ-ਵੱਖ ਰਣਨੀਤੀਆਂ ਸਾਂਝੀਆਂ ਕੀਤੀਆਂ ਗਈਆਂ, ਜਿਵੇਂ ਕਿ ਪੜ੍ਹਾਈ ਦਾ ਦਬਾਅ, ਸਾਥੀਆਂ ਦਾ ਪ੍ਰਭਾਵ ਅਤੇ ਸਮਾਜਿਕ ਚੁਣੌਤੀਆਂ ਨਾਲ ਨਜਿੱਠਣ ਦੇ ਤਰੀਕੇ | ਸੈਸ਼ਨਾਂ ਵਿਚ ਵਿਦਿਆਰਥੀਆਂ ਦੇ ਸਮੂਹਿਕ ਵਿਕਾਸ ਵਿੱਚ ਮਾਨਸਿਕ ਸਿਹਤ ਦੀ ਮਹੱਤਤਾ ਅਤੇ ਅਧਿਆਪਕਾਂ ਦੀ ਅਹਿਮ ਭੂਮਿਕਾ 'ਤੇ ਖ਼ਾਸ ਜ਼ੋਰ ਦਿੱਤਾ ਗਿਆ | ਪਿ੍ੰਸੀਪਲ ਮੈਡਮ ਮਨਪ੍ਰੀਤ ਕੌਰ ਅਟਵਾਲ ਪੂਰੇ ਪ੍ਰੋਗਰਾਮ ਦੌਰਾਨ ਮੌਜੂਦ ਰਹੇ ਅਤੇ ਉਨ੍ਹਾਂ ਵਲੋਂ ਸਕੂਲਾਂ ਵਿਚ ਮਾਨਸਿਕ ਸਿਹਤ ਸੰਬੰਧੀ ਪਹਿਲਾਂ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਗਿਆ | ਅੰਤ ਵਿਚ ਡਾ. ਰਮਨ ਦੁਆ ਅਤੇ ਮਿਸ ਰਿਤੂ ਖਨੇਜਾ ਦਾ ਉਨ੍ਹਾਂ ਦੇ ਜਾਣਕਾਰੀ ਭਰਪੂਰ ਅਤੇ ਪ੍ਰੇਰਣਾਦਾਇਕ ਸੈਸ਼ਨਾਂ ਲਈ ਧੰਨਵਾਦ ਕੀਤਾ ਗਿਆ | ਇਸ ਮੌਕੇ ਡਾ. ਧਰਮਵੀਰ ਸਿੰਘ, ਐਡਵਾਈਜ਼ਰ, ਸਿਡਾਨਾ ਇੰਟਰਨੈਸ਼ਨਲ ਸਕੂਲ, ਡਾ. ਗੁਰਸੇਵਕ ਸਿੰਘ, ਮੁਖੀ ਸਿਡਾਨਾ ਇੰਸਟੀਚਿਊਟ ਆਫ ਐਜੂਕੇਸ਼ਨ, ਨਵਨੀਤ ਕੌਰ ਭੰਗੂ, ਭੂਪਿੰਦਰ ਸਿੰਘ, ਮੁਖੀ ਸਿਡਾਨਾ ਡਿਗਰੀ ਕਾਲਜ ਅਤੇ ਅਮਨਪ੍ਰੀਤ ਕੌਰ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ ਗਿਆ, ਜਿਨ੍ਹਾਂ ਨੇ ਆਪਣੀ ਮੌਜੂਦਗੀ ਅਤੇ ਮਾਰਗਦਰਸ਼ਨ ਨਾਲ ਪ੍ਰੋਗਰਾਮ ਨੂੰ ਸਫਲ ਬਣਾਇਆ | ਅੰਤ ਵਿੱਚ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਡਾ. ਜੀਵਨ ਜੋਤੀ ਸਿਡਾਨਾ ਵੱਲੋਂ ਸਾਰੇ ਵਿਸ਼ੇਸ਼ ਗਿਆਨ ਅਤੇ ਭਾਗੀਦਾਰਾਂ ਦਾ ਧੰਨਵਾਦ ਕੀਤਾ ਗਿਆ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਸਿਖਲਾਈ ਪ੍ਰੋਗਰਾਮ ਕਰਵਾਉਣ ਦਾ ਭਰੋਸਾ ਦਿੱਤਾ ਗਿਆ |