ਜੰਡਿਆਲਾ ਗੁਰੂ, 15 ਅਪ੍ਰੈਲ (ਪ੍ਰਮਿੰਦਰ ਸਿੰਘ ਜੋਸਨ)-ਬੀਤੀ ਰਾਤ ਜੰਡਿਆਲਾ ਗੁਰੂ ਦੀ ਵੈਰੋਵਾਲ ਰੋਡ 'ਤੇ ਇੱਕ ਕਰਿਆਨਾ ਸਟੋਰ ਵਾਲੇ ਵਲੋਂ ਪੈਸੇ ਦੇ ਲੈਣ ਦੇਣ ਕਰਕੇ ਹੋਈ ਤਕਰਾਰ ਉਪਰੰਤ ਪਿਓ ਪੁੱਤ ਦੇ ਗੋਲੀਆਂ ਮਾਰ ਕੇ ਉਨ੍ਹਾਂ ਨੂੰ ਫੱਟੜ ਕਰ ਦਿੱਤੇ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਜੰਡਿਆਲਾ ਗੁਰੂ ਦੀ ਵੈਰੋਵਾਲ ਰੋਡ 'ਤੇ ਰਹਿੰਦੇ ਬਲਵਿੰਦਰ ਸਿੰਘ ਨੇ ਸਰਲੀ ਕਰਿਆਨਾ ਸਟੋਰ ਵੈਰੋਵਾਲ ਰੋਡ ਜੰਡਿਆਲਾ ਗੁਰੂ ਤੋਂ ਕਰਿਆਨੇ ਦਾ ਸਾਮਾਨ ਉਧਾਰ ਲਿਆ ਸੀ ਅਤੇ ਪੈਸੇ ਦਾ ਲੈਣ-ਦੇਣ ਹੋਣ ਕਰਕੇ ਕਰਿਆਨਾ ਸਟੋਰ ਵਾਲਾ ਬਲਵਿੰਦਰ ਸਿੰਘ ਕੋਲ ਪੈਸੇ ਲੈਣ ਲਈ ਗਿਆ ਤਾਂ ਉੱਥੇ ਇਨ੍ਹਾਂ ਦੀ ਪੈਸੇ ਦੇ ਲੈਣ ਦੇਣ ਕਰਕੇ ਤਕਰਾਰ ਹੋ ਗਈ ਅਤੇ ਸਰਲੀ ਕਰਿਆਨਾ ਸਟੋਰ ਵਾਲੇ ਨੇ ਗੋਲੀਆਂ ਚਲਾ ਦਿੱਤੀਆਂ ਜੋ ਕਿ ਬਲਵਿੰਦਰ ਸਿੰਘ ਅਤੇ ਉਸ ਦੇ ਪੁੱਤਰ ਅਵਤਾਰ ਸਿੰਘ ਦੇ ਵੱਜੀਆਂ ਜਿਨ੍ਹਾਂ ਨੂੰ ਤੁਰੰਤ ਕਮਿਊਨਿਟੀ ਹੈਲਥ ਸੈਂਟਰ ਮਾਨਾਂਵਾਲਾ ਵਿਖੇ ਦਾਖਲ ਕਰਾਇਆ ਗਿਆ ਜਿੱਥੇ ਜ਼ੇਰੇ ਇਲਾਜ ਸਨ | ਜਾਣਕਾਰੀ ਮਿਲੀ ਹੈ ਕਿ ਹੁਣ ਉਹ ਇੱਕ ਨਿੱਜੀ ਹਸਪਤਾਲ ਵਿਖੇ ਜ਼ੇਰੇ ਇਲਾਜ ਹਨ | ਹਸਪਤਾਲ ਵਿਖੇ ਜ਼ੇਰੇ ਇਲਾਜ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਗੁਰੂ ਘਰ ਦੀ ਸੇਵਾ ਕਰਦੇ ਹਨ ਅਤੇ ਗੁਰੂ ਘਰ ਦੀ ਇਮਾਰਤ ਬਣਾ ਰਹੇ ਹਨ ਅਤੇ ਉਨ੍ਹਾਂ ਵਲੋਂ ਸਰਲੀ ਕਰਿਆਨਾ ਸਟੋਰ ਵਾਲਿਆਂ ਦੀ ਕੁਝ ਰਕਮ ਦੇਣ ਵਾਲੀ ਰਹਿੰਦੀ ਸੀ ਅਤੇ ਉਨ੍ਹਾਂ ਨਾਲ 10 ਤਰੀਕ ਨੂੰ ਦੇਣ ਦਾ ਵਾਅਦਾ ਕੀਤਾ ਸੀ ਜੋ ਕਿ ਅਸੀਂ ਨਹੀਂ ਦੇ ਸਕੇ ਅਤੇ ਅਸੀਂ ਉਨ੍ਹਾਂ ਨੂੰ ਕਿਹਾ ਕਿ ਅਸੀਂ ਜਲਦੀ ਹੀ ਤੁਹਾਡੇ ਪੈਸੇ ਦੇ ਦੇਵਾਂਗੇ ਪਰ ਕਰਿਆਨਾ ਸਟੋਰ ਵਾਲੇ ਕੁਝ ਆਦਮੀ ਨਾਲ ਲੈ ਕੇ ਆਏ ਅਤੇ ਉਹ ਸਾਡੇ ਘਰ ਦਾ ਸਾਮਾਨ ਚੁੱਕ ਕੇ ਲੈ ਕੇ ਜਾਣ ਲੱਗੇ ਤਾਂ ਅਸੀਂ ਉਨ੍ਹਾਂ ਨੂੰ ਰੋਕਿਆ ਅਤੇ ਉਨ੍ਹਾਂ ਨੇ ਸਾਡੇ 'ਤੇ ਫਾਇਰਿੰਗ ਕਰ ਦਿੱਤੀ ਜੋ ਕਿ ਘਰ ਦੇ ਮਾਲਕ ਬਲਵਿੰਦਰ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਨੂੰ ਗੋਲੀਆਂ ਵੱਜੀਆਂ | ਥਾਣਾ ਜੰਡਿਆਲਾ ਗੁਰੂ ਦੇ ਐੱਸ. ਐੱਚ. ਓ. ਹਰਪਾਲ ਸਿੰਘ ਨੇ ਦੱਸਿਆ ਕਿ ਬਲਵਿੰਦਰ ਸਿੰਘ ਵਾਸੀ ਵੈਰੋਵਾਲ ਰੋਡ ਜੰਡਿਆਲਾ ਗੁਰੂ ਦੇ ਪੱਟ 'ਚ ਅਤੇ ਉਨ੍ਹਾਂ ਦੇ ਪੁੱਤਰ ਅਵਤਾਰ ਸਿੰਘ ਦੀ ਬਾਂਹ ਵਿਚ ਗੋਲੀ ਵੱਜੀ ਹੈ ਜਿਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ | ਉਨ੍ਹਾਂ ਦੱਸਿਆ ਕਿ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਤਾਂ ਥਾਣਾ ਜੰਡਿਆਲਾ ਗੁਰੂ ਦੇ ਐੱਸ. ਐੱਚ. ਓ. ਹਰਪਾਲ ਸਿੰਘ ਨੇ ਦੱਸਿਆ ਕਿ ਇਸ ਸੰਬੰਧ ਵਿਚ ਦੋ ਮੁੱਖ ਦੋਸ਼ੀ ਬਿਕਰਮਜੀਤ ਉਰਫ ਭਪਿੰਦਰ ਕੁਮਾਰ ਉਰਫ ਕਾਕਾ ਅਤੇ ਲਵਪ੍ਰੀਤ ਸਿੰਘ ਉਰਫ ਲਵ ਨੂੰ 45 ਬੋਰ ਦੇ ਪਿਸਟਲ, ਚਾਰ ਗੋਲੀਆਂ ਦੋ ਮੈਗਜ਼ੀਨ ਸਮੇਤ ਗਿ੍ਫਤਾਰ ਕਰ ਲਿਆ ਗਿਆ ਅਤੇ ਉਨ੍ਹਾਂ ਕੋਲੋਂ ਘਟਨਾ ਵੇਲੇ ਵਰਤੀ ਗਈ ਅਸਟੀਮ ਕਾਰ ਵੀ ਪੁਲਿਸ ਵਲੋਂ ਬਰਾਮਦ ਕਰਕੇ ਇਸ ਘਟਨਾ ਦੇ ਦੋਸ਼ੀਆਂ ਨੂੰ 15 ਘੰਟਿਆਂ ਦੇ ਵਿਚ-ਵਿਚ ਗਿ੍ਫਤਾਰ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ | ਉਨ੍ਹਾਂ ਕਿਹਾ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਅਜਿਹੇ ਦੋਸ਼ੀਆਂ ਨੂੰ ਸਖਤੀ ਨਾਲ ਠੱਲ ਪਾਈ ਜਾਵੇਗੀ ਅਤੇ ਅਮਨ ਸ਼ਾਂਤੀ ਨੂੰ ਹਰ ਹਾਲਤ ਵਿਚ ਬਰਕਰਾਰ ਰੱਖਿਆ ਜਾਵੇਗਾ |