ਟਾਹਲੀ ਸਾਹਿਬ, 26 ਅਪ੍ਰੈਲ (ਵਿਨੋਦ ਭੀਲੋਵਾਲ)-ਹਲਕਾ ਮਜੀਠਾ ਦੇ ਇਤਿਹਾਸਕ ਕਸਬਾ ਉਦੋਕੇ ਕਲਾਂ ਦੇ 220 ਕੇ. ਵੀ. ਬਿਜਲੀ ਘਰ ਦੇ ਅਧੀਨ ਆਉਂਦੇ 29 ਪਿੰਡਾਂ ਦੇ ਲੋਕ ਬਿਜਲੀ ਦੇ ਅਣਐਲਾਨੇ ਕੱਟਾਂ ਕਾਰਨ ਹਾਲੋ-ਬੇਹਾਲ ਹੋ ਰਹੇ ਹਨ | ਪਿੰਡਾਂ 'ਚ ਸਵੇਰ ਤੋਂ ਲੈ ਕੇ ਦੇਰ ਰਾਤ ਤੱਕ ਬਿਜਲੀ ਬੰਦ ਰਹਿਣ ਕਰਕੇ ਹਾਹਾਕਾਰ ਮੱਚੀ ਹੋਈ ਹੈ ਲੋਕ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਹਨ | ਜੋ ਸਿਲਸਿਲਾ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਹੈ ਤੇ ਘੰਟਿਆਂ ਬੱਧੀ ਬਿਜਲੀ ਨਸੀਬ ਨਹੀਂ ਹੋ ਰਹੀ ਹੈ, ਜਿਸ ਨੂੰ ਲੈ ਕੇ ਪਿੰਡ ਉਦੋਕੇ ਕਲਾਂ ਤੇ ਨੇੜਲੇ ਕਈ ਪਿੰਡਾਂ ਦੇ ਬਜ਼ੁਰਗ, ਬੱਚੇ, ਔਰਤਾਂ, ਕਿਸਾਨਾਂ ਨੇ ਅੱਧੀ ਰਾਤ ਘਰਾਂ 'ਚੋਂ ਨਿਕਲ ਕੇ ਬਿਜਲੀ ਘਰ ਨੂੰ ਘੇਰ ਲਿਆ ਅਤੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ | ਇਸ ਮੌਕੇ ਸਥਾਨਕ ਲੋਕਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਗਰਮੀ 'ਚ ਤਪ ਰਿਹਾ ਹੈ, ਨਾ ਕੋਈ ਸੁਣਨ ਵਾਲਾ, ਨਾ ਕੋਈ ਵੇਖਣ ਵਾਲਾ ਹੈ | ਚਾਰ ਸਾਲਾਂ 'ਚ ਇਕ ਵੀ ਨਵਾਂ ਬਿਜਲੀ ਯੂਨਿਟ ਨਹੀਂ ਲੱਗਿਆ ਸਗੋਂ ਬਿਜਲੀ ਦੀ ਮੰਗ ਵਧ ਰਹੀ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਦੇ ਖਾਲੀ ਦਾਅਵੇ ਰਹਿ ਗਏ ਹਨ, ਕਿਸਾਨ ਹਨ੍ਹੇਰੇ 'ਚ ਹੈ ਘਰਾਂ ਵਿਚ ਮੁਸ਼ਕਲਾਂ, ਬੱਚੇ ਪ੍ਰੇਸ਼ਾਨ ਹਨ ਨਾ ਦਿਨੇ ਚੈਨ ਨਾ ਰਾਤ ਨੂੰ ਨੀਂਦ ਉਦਯੋਗਿਕ ਨੁਕਸਾਨ ਝੱਲ ਰਹੇ ਹਨ, ਕਿਸਾਨ ਮੁਸ਼ਕਿਲਾਂ 'ਚ ਹਰ ਪਾਸੇ ਬਲੈਕਆਉਟ ਹੈ | ਉਨ੍ਹਾਂ ਕਿਹਾ ਕਿ ਸਵੇਰੇ 10 ਵਜੇ ਤੋਂ 6 ਤੱਕ ਬੰਦ ਫਿਰ 6 ਤੋਂ ਸ਼ਾਮ 7 ਤੱਕ ਇਕ ਘੰਟਾ ਬਿਜਲੀ ਮਿਲਦੀ ਹੈ ਤੇ ਫਿਰ ਰਾਤ 10 ਵਜੇ ਤੋਂ 2 ਵਜੇ ਤੱਕ ਬੰਦ ਰਹਿੰਦੀ ਹੈ | ਗਰਮੀ ਦੀਆਂ ਲਹਿਰਾਂ ਦੌਰਾਨ ਬਿਜਲੀ ਦੀ ਵੱਡੀ ਕਟੌਤੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਜਾਰੀ ਨੋਟਿਸ) ਦੇਰ ਸ਼ਾਮ ਤੋਂ ਬਾਅਦ ਮੋਬਾਈਲ ਫੋਨਾਂ 'ਤੇ ਸੁਨੇਹੇ ਆਉਣ ਲੱਗ ਜਾਂਦੇ ਹਨ ਕਿ ਹੁਣ ਪਾਵਰ ਕੱਟ ਹੈ ਤੇ ਬਿਜਲੀ ਸਪਲਾਈ ਚਾਲੂ ਨਹੀਂ ਹੋ ਸਕਦੀ | ਇਸ ਤਰ੍ਹਾਂ ਕਸਬਾ ਟਾਹਲੀ ਸਾਹਿਬ, ਪਿੰਡ ਬੱਗਾ, ਖੈੜੇ ਬਾਲਾ ਚੱਕ, ਬੱਠੂਚੱਕ, ਸਿਆਲਕਾ, ਕਾਜੀਕੋਟ ਅਤੇ ਕਈ ਹੋਰ ਪਿੰਡਾਂ ਦੇ ਲੋਕ ਵੀ ਸੜਕਾਂ ਜਾਮ ਕਰਨ ਦੀਆਂ ਤਿਆਰੀਆਂ ਕਰ ਰਹੇ ਹਨ |