ਜੰਡਿਆਲਾ ਗੁਰੂ, 4 ਮਈ (ਪ੍ਰਮਿੰਦਰ ਸਿੰਘ ਜੋਸਨ)-ਪੰਜਾਬ ਦੇ ਮੌਜੂਦਾ ਪੰਥਕ ਹਾਲਾਤਾਂ 'ਤੇ ਗੰਭੀਰ ਚਿੰਤਾ ਜਤਾਉਂਦੇ ਹੋਏ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਦੇ ਪ੍ਰਧਾਨ ਦਲਜਿੰਦਰ ਬੀਰ ਸਿੰਘ ਵਿਰਕ ਨੇ ਕਿਹਾ ਕਿ ਅੱਜ ਪੰਥ ਨਾਲ ਜੁੜੇ ਮੁੱਖ ਮੁੱਦੇ ਲਗਾਤਾਰ ਅਣਡਿੱਠੇ ਕੀਤੇ ਜਾ ਰਹੇ ਹਨ, ਜੋ ਕਿ ਸੂਬੇ ਦੇ ਭਵਿੱਖ ਲਈ ਚੰਗਾ ਸੰਕੇਤ ਨਹੀਂ ਅਤੇ ਚਾਹੇ ਬੇਅਦਬੀ ਦੇ ਮਾਮਲੇ ਹੋਣ, ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਹੋਵੇ ਜਾਂ ਸਿੱਖ ਸੰਸਥਾਵਾਂ ਦੀ ਖੁਦ ਮੁਖਤਿਆਰੀ ਹਰ ਇਕ ਮਾਮਲੇ 'ਚ ਲੋਕਾਂ ਨੂੰ ਸਿਰਫ਼ ਵਾਅਦੇ ਹੀ ਮਿਲੇ ਹਨ, ਅਮਲੀ ਕਾਰਵਾਈ ਅਜੇ ਵੀ ਦੂਰ ਦਿਸਦੀ ਹੈ | ਉਨ੍ਹਾਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਪੰਜਾਬ ਦੀ ਰਾਜਨੀਤੀ 'ਚ ਪੰਥਕ ਮੁੱਦਿਆਂ ਨੂੰ ਸਿਰਫ਼ ਚੋਣੀ ਹਥਿਆਰ ਵਜੋਂ ਵਰਤਿਆ ਗਿਆ ਹੈ ਤੇ ਜਦੋਂ ਵੀ ਚੋਣਾਂ ਨੇੜੇ ਆਉਂਦੀਆਂ ਹਨ, ਇਹ ਮੁੱਦੇ ਉੱਭਾਰੇ ਜਾਂਦੇ ਹਨ, ਪਰ ਚੋਣਾਂ ਖਤਮ ਹੋਣ ਤੋਂ ਬਾਅਦ ਇਨ੍ਹਾਂ 'ਤੇ ਗੰਭੀਰਤਾ ਨਾਲ ਕੋਈ ਕੰਮ ਨਹੀਂ ਹੁੰਦਾ | ਉਨ੍ਹਾਂ ਨੇ ਸਾਰੀਆਂ ਪੰਥਕ ਤੇ ਸਮਾਜਿਕ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਅੰਤਰ-ਵਿਰੋਧ ਭੁਲਾ ਕੇ ਇਕੱਠੇ ਹੋਣ ਅਤੇ ਸਾਂਝੀ ਰਣਨੀਤੀ ਤਿਆਰ ਕਰਨ | ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇ ਅਜੇ ਵੀ ਅਸੀਂ ਇਕੱਠੇ ਨਹੀਂ ਹੋਏ, ਤਾਂ ਆਉਣ ਵਾਲੇ ਸਮੇਂ 'ਚ ਹਾਲਾਤ ਹੋਰ ਵੀ ਗੰਭੀਰ ਹੋ ਸਕਦੇ ਹਨ | ਵਿਰਕ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਨੌਜਵਾਨਾਂ 'ਚ ਨਿਰਾਸ਼ਾ ਵਧ ਰਹੀ ਹੈ, ਕਿਉਂਕਿ ਉਨ੍ਹਾਂ ਨੂੰ ਨਾ ਤਾਂ ਰੁਜ਼ਗਾਰ ਦੇ ਮੌਕੇ ਮਿਲ ਰਹੇ ਹਨ ਅਤੇ ਨਾ ਹੀ ਸਹੀ ਦਿਸ਼ਾ |