ਅਟਾਰੀ, 14 ਮਈ (ਗੁਰਦੀਪ ਸਿੰਘ ਅਟਾਰੀ, ਰਾਜਿੰਦਰ ਸਿੰਘ ਰੂਬੀ)-ਸਰਹੱਦੀ ਇਲਾਕੇ ਵਿਚ ਸਥਿਤ ਗ੍ਰੇਟ ਇੰਡੀਆ ਪ੍ਰੈਜੀਡੈਂਸੀ ਸਕੂਲ ਛਿੱਡਣ, ਅੰਮਿ੍ਤਸਰ ਦੇ ਵਿਦਿਆਰਥੀਆਂ ਨੇ 12ਵੀਂ ਜਮਾਤ ਦੀਆਂ ਸੀ. ਬੀ. ਐੱਸ. ਈ. ਪ੍ਰੀਖਿਆਵਾਂ ਵਿਚ ਸ਼ਾਨਦਾਰ 100% ਨਤੀਜਾ ਹਾਸਿਲ ਕਰਕੇ ਇਕ ਵਾਰ ਫਿਰ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ | ਸਕੂਲ ਆਪਣੇ ਹੋਣਹਾਰ ਵਿਦਿਆਰਥੀਆਂ ਦੀ ਕਾਮਯਾਬੀ 'ਤੇ ਬਹੁਤ ਮਾਣ ਮਹਿਸੂਸ ਕਰਦਾ ਹੈ | ਸਕੂਲ ਦੇ ਚੇਅਰਪਰਸਨ ਡਾ. ਅਰੀਦਮਨ ਸਿੰਘ ਮਾਹਲ ਅਤੇ ਮੈਡਮ ਡਾ. ਸੁਖਬੀਰ ਕੌਰ ਮਾਹਲ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਇਸ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ | ਉਨ੍ਹਾਂ ਕਿਹਾ ਸਾਨੂੰ ਆਪਣੇ ਵਿਦਿਆਰਥੀਆਂ ਅਤੇ ਅਧਿਆਪਕਾਂ 'ਤੇ ਬਹੁਤ ਮਾਣ ਹੈ | ਇਹ ਨਤੀਜਾ ਉਨ੍ਹਾਂ ਦੀ ਲਗਾਤਾਰ ਮਿਹਨਤ, ਲਗਨ ਅਤੇ ਸਮਰਪਣ ਦਾ ਨਤੀਜਾ | ਵਿਦਿਆਰਥੀਆਂ ਨੇ ਨਾ ਸਿਰਫ਼ ਆਪਣੇ ਮਾਪਿਆਂ ਦਾ ਸਗੋਂ ਸਕੂਲ ਅਤੇ ਅਧਿਆਪਕਾਂ ਦਾ ਵੀ ਮਾਣ ਵਧਾਇਆ | ਜਿੱਥੇ ਅਸੀਂ ਵਿਦਿਆਰਥੀਆਂ ਦੇ ਬਿਹਤਰੀਨ ਭਵਿੱਖ ਲਈ ਅਰਦਾਸ ਕਰਦੇ ਹਾਂ ਉਥੇ ਹੀ ਆਉਣ ਵਾਲੇ ਸਮੇਂ ਵਿਚ ਵੀ ਇਸੇ ਤਰ੍ਹਾਂ ਦੇ ਸ਼ਾਨਦਾਰ ਨਤੀਜਿਆਂ ਦੀ ਆਸ ਕਰਦੇ ਹਾਂ | ਸਕੂਲ ਦੇ ਇਨ੍ਹਾਂ ਹੋਣਹਾਰ ਵਿਦਿਆਰਥੀਆਂ, ਵਿਸ਼ੇਸ਼ ਕਰਕੇ ਪਹਿਲਾ, ਦੂਜਾ ਸਥਾਨ ਪ੍ਰਾਪਤ ਕਰਨ ਵਾਲੇ ਨਵਰੋਜ ਕੌਰ, ਅਰਿਸ਼ਪ੍ਰੀਤ ਕੌਰ, ਮਨਜੋਤ ਸਿੰਘ, ਰਣਜੋਧ ਸਿੰਘ, ਯੁਵਰਾਜ ਸਿੰਘ ਅਤੇ ਹਰਮਨ ਸਿੰਘ ਨੂੰ ਵਧਾਈ ਦਿੰਦੇ ਹੋਏ ਸਕੂਲ ਦੇ ਡਾਇਰੈਕਟਰ ਕੰਵਲਜੀਤ ਸਿੰਘ ਖੋਖਰ ਅਤੇ ਪਿ੍ੰ: ਰਮਨਦੀਪ ਕੌਰ ਨੇ ਕਿਹਾ ਕਿ ਸਾਰੇ ਵਿਦਿਆਰਥੀਆਂ ਅਤੇ ਵਿਸ਼ੇਸ਼ ਤੌਰ 'ਤੇ ਵੱਡੀਆਂ ਮੱਲਾਂ ਮਾਰਨ ਅਤੇ ਪਹਿਲੀਆਂ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੀਆਂ ਲੜਕੀਆਂ ਨੂੰ ਇੰਨਾਂ ਵਧੀਆ ਪ੍ਰਦਰਸ਼ਨ ਕਰਦੇ ਦੇਖਣਾ ਪੂਰੇ ਸਕੂਲ ਅਤੇ ਇਲਾਕੇ ਲਈ ਮਾਣ ਵਾਲੀ ਗੱਲ ਹੈ | ਸਕੂਲ ਦੇ ਪ੍ਰਬੰਧਕ ਪਹਿਲਾਂ ਦੀ ਤਰ੍ਹਾਂ ਹੀ ਅੱਗੇ ਤੋਂ ਵੀ ਲੜਕੀਆਂ ਲਈ ਹਰ ਸਹੂਲਤ ਅਤੇ ਸਹਾਇਤਾ ਮੁਹੱਈਆ ਕਰਨ ਲਈ ਵਚਨਬੱਧ ਹਨ |