ਮਜੀਠਾ, 16 ਮਈ (ਮਨਿੰਦਰ ਸਿੰਘ ਸੋਖੀ)-ਨਗਰ ਕੌਂਸਲ ਚੋਣਾਂ ਦੇ ਅੱਜ ਆਖਰੀ ਦਿਨ ਨਗਰ ਕੌਂਸਲ ਮਜੀਠਾ ਵਾਸਤੇ ਅੱਜ ਵੱਖ-ਵੱਖ ਸਿਆਸੀ ਪਾਰਟੀਆਂ ਦੇ 42 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ | ਇਸ ਤਰ੍ਹਾਂ ਕੁਲ ਮਿਲਾ ਕੇ 82 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਾਏ | ਜਾਣਕਾਰੀ ਦਿੰਦੇ ਹੋਏ ਰਿਟਰਨਿੰਗ ਅਫਸਰ ਕਮ ਐੱਸ.ਡੀ.ਐੱਮ. ਮਜੀਠਾ ਰਜਨੀਸ਼ ਅਰੋੜਾ ਨੇ ਦੱਸਿਆ ਕਿ ਚੋਣਾਂ ਦਾ ਪਹਿਲਾ ਪੜ੍ਹਾਅ ਅੱਜ ਖਤਮ ਹੋ ਗਿਆ ਹੈ | ਅਗਲੇ ਪੜਾਅ ਤਹਿਤ ਇਨ੍ਹਾਂ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਦਾ ਦਿਨ 18 ਮਈ ਹੈ ਅਤੇ 19 ਮਈ ਨੂੰ ਇਨ੍ਹਾਂ ਪੱਤਰਾਂ ਦੀ 3 ਵਜੇ ਤੱਕ ਵਾਪਸੀ ਹੋਵੇਗੀ ਅਤੇ ਚੋਣ ਨਿਸ਼ਾਨ ਅਲਾਟ ਕੀਤੇ ਜਾਣਗੇ | ਵੋਟਾਂ ਪਾਉਣ ਦੀ ਮਿਤੀ 26 ਮਈ ਹੈ ਅਤੇ ਇਨ੍ਹਾਂ ਵੋਟਾਂ ਦੀ ਗਿਣਤੀ 29 ਮਈ ਨੂੰ ਹੋਵੇਗੀ | ਗਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਨਗਰ ਕੌਂਸਲ ਮਜੀਠਾ ਵਿਚ ਕੁਲ 13 ਵਾਰਡਾਂ ਵਾਸਤੇ 13 ਪੋਲਿੰਗ ਬੂਥ ਬਣਾਏ ਹਨ, ਕੁਲ ਵੋਟਰ 13319 ਹਨ ਜਿਨ੍ਹਾਂ ਵਿਚੋਂ ਪੁਰਸ਼ ਵੋਟਰ 6585 ਅਤੇ ਮਹਿਲਾ ਵੋਟਰ 6734 ਹਨ | ਉਨ੍ਹਾਂ ਕਿਹਾ ਕਿ ਨਗਰ ਕੌਸਲ ਦੀਆਂ ਚੋਣਾਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਬਿਲਕੁਲ ਪਾਰਦਰਸ਼ੀ ਢੰਗ ਨਾਲ ਬਿਨ੍ਹਾਂ ਕਿਸੇ ਪੱਖਪਾਤ ਕਰਾਈਆਂ ਜਾਣਗੀਆਂ | ਇਸ ਦੌਰਾਨ ਅਮਨ ਤੇ ਕਾਨੂੰਨ ਦੀ ਸਥਿਤੀ ਤੇ ਕੰਟਰੋਲ ਰੱਖਣ ਵਾਸਤੇ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਹਨ ਕਿਸੇ ਵੀ ਸ਼ਰਾਰਤੀ ਅਨੁਸਾਰ ਨੂੰ ਚੋਣ ਅਮਲ ਵਿਚ ਖਲਲ ਨਹੀਂ ਪਾਉਣ ਦਿੱਤਾ ਜਾਵੇਗਾ | ਉਨ੍ਹਾਂ ਨੇ ਗੁੰਮਰਾਹਕੁੰਨ ਪ੍ਰਚਾਰ ਅਤੇ ਅਫਵਾਹਾਂ ਤੇ ਯਕੀਨ ਨਾਂ ਕਰਨ ਲਈ ਕਿਹਾ | ਉਨ੍ਹਾਂ ਨੇ ਅਮਨ ਪਸੰਦ ਸ਼ਹਿਰੀਆਂ ਨੂੰ ਬਿਨਾਂ ਕਿਸੇ ਖੌਫ ਆਪਣੇ ਵੋਟ ਦਾ ਇਸਤੇਮਾਲ ਕਰਨ ਲਈ ਕਿਹਾ |