ਜੰਡਿਆਲਾ ਗੁਰੂ, 23 ਜਨਵਰੀ (ਪ੍ਰਮਿੰਦਰ ਸਿੰਘ ਜੋਸਨ)-ਨਗਰ ਕੌਂਸਲ ਜੰਡਿਆਲਾ ਗੁਰੂ ਦੀਆਂ 26 ਮਈ ਨੂੰ 15 ਵਾਰਡਾਂ 'ਚ ਹੋ ਰਹੀਆਂ ਚੋਣਾਂ ਵਿਚ ਸੱਤਾਧਾਰੀ ਪਾਰਟੀ ਵਲੋਂ ਕੀਤੀਆਂ ਜਾਣ ਵਾਲੀਆਂ ਧੱਕੇਸ਼ਾਹੀਆਂ ਦੀ ਸ਼ੰਕਾ ਨੂੰ ਮੁੱਖ ਰੱਖ ਕੇ ਕਾਂਗਰਸੀ ਉਮੀਦਵਾਰਾਂ ਵਲੋਂ ਪੰਜਾਬ ਹਰਿਆਣਾ ਹਾਈ ਕੋਰਟ 'ਚ ਪਾਈ ਗਈ ਰਿੱਟ ਪਟੀਸ਼ਨ 'ਤੇ ਫੈਸਲਾ ਦਿੰਦਿਆਂ ਪੰਜਾਬ ਹਰਿਆਣਾ ਹਾਈ ਕੋਰਟ ਨੇ ਜੰਡਿਆਲਾ ਗੁਰੂ ਨਗਰ ਕੌਂਸਲ ਚੋਣਾਂ ਨੂੰ ਸੀ. ਸੀ. ਟੀ. ਵੀ. ਕੈਮਰਿਆਂ ਦੀ ਨਿਗਰਾਨੀ ਹੇਠ ਕਰਾਉਣ ਦੇ ਹੁਕਮ ਜਾਰੀ ਕੀਤੇ ਹਨ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਦੇ ਪ੍ਰਧਾਨ ਤੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਜੋ ਜੰਡਿਆਲਾ ਗੁਰੂ 'ਚੋਂ 6 ਤੇ 9 ਵਾਰਡ ਦੀਆਂ ਸੀਟਾਂ ਨੂੰ ਬਿਨਾਂ ਮੁਕਾਬਲਾ ਜਿੱਤੀਆਂ ਦੱਸ ਰਹੇ ਹਨ ਜਦਕਿ ਇਹ ਸੀਟਾਂ ਉਨ੍ਹਾਂ ਨੇ ਜਿੱਤੀਆਂ ਨਹੀਂ ਸਗੋਂ ਧੱਕੇਸ਼ਾਹੀ ਨਾਲ ਲੁੱਟੀਆਂ ਹਨ | ਸੁਖਮਿੰਦਰ ਸਿੰਘ ਡੈਨੀ ਬੰਡਾਲਾ ਨੇ ਦੱਸਿਆ ਕਿ ਉਨ੍ਹਾਂ ਨੇ ਚੋਣਾਂ ਵਾਲੇ ਦਿਨ ਸੱਤਾਧਾਰੀ ਪਾਰਟੀ ਵਲੋਂ ਕੀਤੀਆਂ ਜਾਣ ਵਾਲੀਆਂ ਧੱਕੇਸ਼ਾਹੀਆਂ ਦੀ ਸ਼ੰਕਾ ਨੂੰ ਮੁੱਖ ਰੱਖਦਿਆਂ ਹੋਇਆਂ ਪੰਜਾਬ ਹਰਿਆਣਾ ਹਾਈ ਕੋਰਟ ਦਾ ਸਹਾਰਾ ਲਿਆ ਸੀ | ਉਨ੍ਹਾਂ ਦੱਸਿਆ ਕਿ ਸਤਾਧਾਰੀ ਪਾਰਟੀ ਨੇ ਆਪਣੇ ਹੀ ਮਹਿਕਮੇ ਦੇ ਇਕ ਅਧਿਕਾਰੀ ਨੂੰ ਅਸਿਸਟੈਂਟ ਰਿਟਰਨਿੰਗ ਅਫਸਰ ਲਵਾਇਆ ਸੀ ਜਦੋਕਿ ਅਦਾਲਤ ਨੇ ਉਸ ਦੀ ਥਾਂ ਨਾਇਬ ਤਹਿਸੀਲਦਾਰ ਜੰਡਿਆਲਾ ਗੁਰੂ ਅਕਵਿੰਦਰ ਕੌਰ ਨੂੰ ਅਸਿਸਟੈਂਟ ਰਿਟਰਨਿੰਗ ਅਫਸਰ ਨਿਯੁਕਤ ਕੀਤਾ ਗਿਆ ਹੈ | ਹਾਈਕੋਰਟ ਦੇ ਹੁਕਮ ਅਨੁਸਾਰ ਨਗਰ ਕੌਂਸਲ ਜੰਡਿਆਲਾ ਗੁਰੂ ਦੀਆਂ ਚੋਣਾਂ ਨੂੰ ਪਾਰਦਰਸ਼ੀ ਰੱਖਣ ਲਈ ਸਾਰੀ ਚੋਣ ਸੀ. ਸੀ. ਟੀ. ਵੀ. ਕੈਮਰਿਆਂ ਦੀ ਨਿਗਰਾਨੀ ਹੇਠ ਹੋਵੇਗੀ ਅਤੇ ਪੋਲਿੰਗ ਸਟੇਸ਼ਨ ਦੇ ਅੰਦਰ ਕੈਮਰੇ ਹੋਣਗੇ ਤੇ ਹੁਣ ਪੋਲਿੰਗ ਸਟੇਸ਼ਨ ਦੇ ਬਾਹਰ ਵੀ ਕੈਮਰੇ ਹੋਣਗੇ | ਆਪਣੇ ਹੁਕਮ ਵਿਚ ਪੰਜਾਬ ਹਰਿਆਣਾ ਹਾਈ ਕੋਰਟ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ ਸੈਂਟਰ ਦੇ ਅੰਦਰ ਵੀ ਸੀ. ਸੀ. ਟੀ. ਵੀ. ਕੈਮਰਿਆਂ ਦੀ ਨਿਗਰਾਨੀ ਹੇਠ ਹੋਵੇਗੀ ਤੇ ਉਸ ਦਾ ਰਿਕਾਰਡ ਇਕ ਸਾਲ ਤੱਕ ਸੰਭਾਲ ਕੇ ਰੱਖਣਾ ਹੋਵੇਗਾ ਤੇ ਜਿਸ ਕਮਰੇ ਵਿਚ ਬੈਲਟ ਪੇਪਰ ਰੱਖੇ ਜਾਣਗੇ ਉਹ ਵੀ ਸੀ. ਸੀ. ਟੀ. ਵੀ. ਕੈਮਰਿਆਂ ਦੀ ਨਿਗਰਾਨੀ ਹੇਠ ਹੋਵੇਗਾ | ਹੁਕਮ ਅਨੁਸਾਰ 26 ਮਈ ਨੂੰ ਜਦੋਂ ਪੋਲਿੰਗ ਸ਼ੁਰੂ ਹੋਵੇਗੀ ਅਤੇ ਸਾਰੇ ਕੈਮਰੇ ਚਲਦੇ ਹੋਣੇ ਚਾਹੀਦੇ ਹਨ ਅਤੇ ਜੇ ਕਿਤੇ ਕੋਈ ਕੈਮਰਾ ਨਹੀਂ ਚਲਦਾ ਪਾਇਆ ਗਿਆ ਤਾਂ ਉਥੇ ਪ੍ਰੀਜਾਈਡਿੰਗ ਅਫਸਰ ਜ਼ਿੰਮੇਵਾਰ ਹੋਵੇਗਾ ਤੇ ਉਸ ਵਿਰੁੱਧ ਰਾਜ ਚੋਣ ਕਮਿਸ਼ਨ ਐਕਸ਼ਨ ਲਵੇਗਾ |