ਗੱਗੋਮਾਹਲ/ਅਜਨਾਲਾ, 25 ਮਈ (ਬਲਵਿੰਦਰ ਸਿੰਘ ਸੰਧੂ, ਗੁਰਪ੍ਰੀਤ ਸਿੰਘ ਢਿੱਲੋਂ)-ਨਗਰ ਕੌਂਸਲ ਰਮਦਾਸ ਦੀਆਂ ਚੋਣਾਂ ਲਈ ਪੋਲਿੰਗ ਪਾਰਟੀਆਂ ਪਹੁੰਚ ਚੁੱਕੀਆਂ ਹਨ, ਕੱਲ੍ਹ 26 ਮਈ ਨੂੰ 11 ਵਾਰਡਾਂ ਦੇ ਕੌਂਸਲਰਾਂ ਲਈ 4407 ਵੋਟਰ ਆਪਣੇ ਮੱਤ ਦਾ ਦਾਨ ਕਰਨਗੇ | ਪਿਛਲੇ ਦਿਨਾਂ ਤੋਂ 'ਆਪ' ਉਮੀਦਵਾਰਾਂ ਲਈ ਹਲਕਾ ਵਿਧਾਇਕ ਤੇ 'ਆਪ' ਦੇ ਸੂਬਾ ਬੁਲਾਰੇ ਕੁਲਦੀਪ ਸਿੰਘ ਧਾਲੀਵਾਲ, ਭਾਜਪਾ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਤੇ ਸਾਬਕਾ ਪਾਰਲੀਮਾਨੀ ਸਕੱਤਰ ਬੋਨੀ ਅਮਰਪਾਲ ਸਿੰਘ ਅਜਨਾਲਾ, ਕਾਂਗਰਸ ਦੇ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜੋਧ ਸਿੰਘ ਸਮਰਾ ਵਲੋਂ ਭਾਰੀ ਤਪਸ਼ ਵਿਚ ਆਪਣੇ ਉਮੀਦਵਾਰਾਂ ਦੀ ਜਿੱਤ ਲਈ ਸਾਥਿਆਂ ਨਾਲ ਖੂਬ ਪਸੀਨਾ ਵਹਾਇਆ ਤੇ ਕਸਬਾ ਰਮਦਾਸ ਦੇ ਘਰ-ਘਰ ਪਹੁੰਚ ਤੇ ਵੋਟਰਾਂ ਨਾਲ ਰਾਬਤਾ ਕੀਤਾ | ਅੱਜ ਐੱਸ. ਡੀ. ਐੱਮ. ਅਜਨਾਲਾ ਚਾਰੂਮਿਤਾ ਵਲੋਂ ਪੋਲਿੰਗ ਬੂਥਾਂ ਦਾ ਨਿਰੀਖਣ ਕੀਤਾ ਗਿਆ ਤੇ ਪੋਲਿੰਗ ਪਾਰਟੀਆਂ ਨੂੰ ਨਿਰਪੱਖ ਚੋਣ ਲਈ ਹਦਾਇਤਾਂ ਜਾਰੀ ਕੀਤੀਆਂ | ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਵਲੋਂ ਐੱਸ. ਪੀ. ਡੀ. ਅਦਿੱਤਿਆ ਵਾਰੀਅਰ ਦੀ ਅਗਵਾਈ ਹੇਠ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਹਨ ਤਾਂ ਜੋ ਚੋਣ ਨੂੰ ਅਮਨ ਅਮਾਨ ਨਾਲ ਨੇਪਰੇ ਚੜਾਇਆ ਜਾ ਸਕੇ | ਉਨ੍ਹਾਂ ਨਾਲ ਡੀ. ਐੱਸ. ਪੀ. ਅਜਨਾਲਾ ਗੁਰਦੀਪ ਸਿੰਘ ਸੰਧੂ, ਡੀ. ਐੱਸ. ਪੀ. ਇੰਦਰਜੀਤ ਸਿੰਘ ਖੁੱਦ ਸੁਰੱਖਿਆ ਪ੍ਰਬੰਧਾਂ ਦੀ ਨਿਗਰਾਨੀ ਕਰ ਰਹੇ ਹਨ | ਪੁਲਿਸ ਪ੍ਰਸ਼ਾਸਨ ਵਲੋਂ ਅੱਜ ਹੀ ਕਸਬੇ ਨੂੰ ਪੂਰੀ ਤਰ੍ਹਾ ਘੇਰੇ ਵਿਚ ਲੈ ਲਿਆ ਗਿਆ ਹੈ ਤਾਂ ਜੋ ਕੋਈ ਵੀ ਸ਼ਰਾਰਤੀ ਅਨਸਰ ਚੋਣਾਂ ਵਿਚ ਵਿਘਨ ਪਾਉਣ ਦੀ ਹਿੰਮਤ ਨਾ ਕਰ ਸਕੇ | ਅਧਿਕਾਰੀਆਂ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵੋਟ ਦਾ ਇਸਤੇਮਾਲ ਬਿਨਾ ਕਿਸੇ ਡਰ ਭੈਅ ਦੇ ਕਰਨ | ਪੁਲਿਸ ਪ੍ਰਸ਼ਾਸਨ ਵਲੋਂ 4, 5, 10 ਬੂਥ ਨੂੰ ਸੰਵੇਦਨਸ਼ੀਲ ਐਲਾਨਿਆ ਗਿਆ ਹੈ ਜਿੱਥੇ ਸੁਰੱਖਿਆ ਦੇ ਵਾਧੂ ਪ੍ਰਬੰਧ ਕੀਤੇ ਗਏ ਹਨ | 26 ਮਈ ਨੂੰ ਸਵੇੇਰੇ 8 ਤੋਂ 5 ਵਜੇ ਤੱਕ ਵੋਟਾਂ ਪਾਈਆਂ ਜਾ ਸਕਣਗੀਆਂ ਤੇ ਇਨ੍ਹਾਂ ਦੀ ਗਿਣਤੀ 29 ਮਈ ਨੂੰ ਡਿਗਰੀ ਕਾਲਜ ਅਜਨਾਲਾ ਵਿਖੇ ਹੋਵੇਗੀ |