ਜਗਦੇਵ ਕਲਾਂ, 25 ਮਈ (ਸ਼ਰਨਜੀਤ ਸਿੰਘ ਗਿੱਲ)-ਕਿ੍ਸ਼ੀ ਵਿਗਿਆਨ ਕੇਂਦਰ ਅੰਮਿ੍ਤਸਰ ਵਲੋਂ ਖੇਤੀਬਾੜੀ ਵਿਭਾਗ ਦੇ ਸਹਿਯੋਗ ਨਾਲ ਪਿੰਡ ਮੱਲੂਨੰਗਲ ਵਿਚ ਖਾਦਾਂ ਦੀ ਸੰਤੁਲਿਤ ਵਰਤੋਂ ਅਤੇ ਝੋਨੇ ਦੀਆਂ ਪ੍ਰਮਾਣਿਤ ਕਿਸਮਾਂ ਬਾਰੇ ਸਹਾਇਕ ਡਾਇਰੈਕਟਰ ਡਾ. ਬਿਕਰਮਜੀਤ ਸਿੰਘ ਦੀ ਅਗਵਾਈ ਹੇਠ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਮੌਕੇ ਡਾ. ਰਮਿੰਦਰ ਕੌਰ, ਫਸਲ ਵਿਗਿਆਨੀ ਨੇ ਕਿਸਾਨਾਂ ਨੂੰ ਦੱਸਿਆ ਕਿ ਪੂਰੇ ਭਾਰਤ ਵਿਚ ਕੁਝ ਜ਼ਿਲ੍ਹੇ ਖ਼ਾਦਾਂ ਦੀ ਸਭ ਤੋਂ ਵੱਧ ਦੁਰਵਰਤੋਂ ਕਰ ਰਹੇ ਹਨ, ਜਿਨ੍ਹਾਂ ਵਿਚ ਅੰਮਿ੍ਤਸਰ ਜ਼ਿਲ੍ਹਾ ਵੀ ਸ਼ਾਮਲ ਹੈ | ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਯੂਰੀਆ ਖਾਦ ਦੀ ਵਰਤੋਂ ਸੰਯਮ ਨਾਲ ਕੀਤੀ ਜਾਵੇ | ਯੂਰੀਆ ਦੀ ਵਰਤੋਂ ਘਟਾਉਣ ਲਈ ਕਿਸਾਨ ਹਰੀ ਖਾਦ ਅਤੇ ਜੈਵਿਕ ਖਾਦਾਂ ਦੀ ਵਰਤੋਂ ਕਰ ਸਕਦੇ ਹਨ | ਉਨ੍ਹਾਂ ਦੱਸਿਆ ਕਿ ਖਾਦਾਂ ਦੀ ਬੇਲੋੜੀ ਵਰਤੋਂ ਕਾਰਨ ਫਸਲਾਂ ਵਿਚ ਬਿਮਾਰੀਆਂ ਦਾ ਵਾਧਾ ਹੋ ਰਿਹਾ ਹੈ ਅਤੇ ਉਤਪਾਦਾਂ ਦੀ ਕੁਆਲਿਟੀ ਵੀ ਪ੍ਰਭਾਵਿਤ ਹੋ ਰਹੀ ਹੈ | ਇਸ ਲਈ ਲੋੜ ਹੈ ਕਿ ਖਾਦਾਂ ਦੀ ਵਰਤੋਂ ਮਿੱਟੀ ਦੀ ਜਾਂਚ ਅਤੇ ਫਸਲ ਦੀ ਲੋੜ ਅਨੁਸਾਰ ਹੀ ਕੀਤੀ ਜਾਵੇ | ਖੇਤੀਬਾੜੀ ਅਫਸਰ ਡਾ. ਸਤਿੰਦਰਬੀਰ ਸਿੰਘ, ਨੇ ਕਿਸਾਨਾਂ ਨੂੰ ਝੋਨੇ ਦੀਆਂ ਪ੍ਰਮਾਣਿਤ ਕਿਸਮਾਂ ਦੀ ਬਿਜਾਈ ਕਰਨ ਲਈ ਪ੍ਰੇਰਿਤ ਕੀਤਾ ਤਾਂ ਜੋ ਵੱਧ ਉਤਪਾਦਨ ਹਾਸਲ ਕੀਤਾ ਜਾ ਸਕੇ ਤੇ ਬਿਮਾਰੀਆਂ ਤੋਂ ਬਚਾਅ ਹੋ ਸਕੇ | ਉਨਾਂ ਝੋਨੇ ਵਿਚ ਆਉਣ ਵਾਲੇ ਬੌਣੇ ਰੋਗ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ | ਕਿਸਾਨਾਂ ਨੇ ਆਪਣੇ ਸਵਾਲ ਮਾਹਿਰਾਂ ਨਾਲ ਸਾਂਝੇ ਕੀਤੇ ਅਤੇ ਯਕੀਨ ਦਿਵਾਇਆ ਕਿ ਉਹ ਖਾਦਾਂ ਦੀ ਵਰਤੋਂ ਸਹੀ ਅਤੇ ਸੰਤੁਲਿਤ ਢੰਗ ਨਾਲ ਕਰਨਗੇ | ਕੈਂਪ ਦੇ ਅਖ਼ੀਰ ਵਿਚ ਖੇਤੀਬਾੜੀ ਪਸਾਰ ਅਫਸਰ ਤਜਿੰਦਰ ਸਿੰਘ ਵਲੋਂ ਆਏ ਹੋਏ ਸਾਰੇ ਕਿਸਾਨਾਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ |