ਬਾਬਾ ਬਕਾਲਾ ਸਾਹਿਬ, 25 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)-ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਮੀਤ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ 'ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਾਨੂੰਨ' ਨੂੰ ਲੈ ਕੇ ਪੈਦਾ ਹੋਏ ਹਾਲਾਤਾਂ 'ਤੇ ਚਿੰਤਾ ਪ੍ਰਗਟ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਇਕ ਵਿਸ਼ੇਸ਼ ਤੇ ਅਹਿਮ ਪੱਤਰ ਲਿਖਿਆ ਹੈ | ਇਸ ਪੱਤਰ ਰਾਹੀਂ ਉਨ੍ਹਾਂ ਪ੍ਰਧਾਨ ਸਾਹਿਬ ਦਾ ਧਿਆਨ ਇਸ ਗੱਲ ਵੱਲ ਦਿਵਾਇਆ ਹੈ ਕਿ ਗੁਰੂ ਸਾਹਿਬ ਦੇ ਸਤਿਕਾਰ ਵਰਗਾ ਅਤਿ ਸੰਵੇਦਨਸ਼ੀਲ ਮਸਲਾ ਵੱਖ-ਵੱਖ ਧਿਰਾਂ ਲਈ ਵੋਟ ਰਾਜਨੀਤੀ ਦਾ ਸਾਧਨ ਬਣਦਾ ਜਾ ਰਿਹਾ ਹੈ, ਜਿਸ ਕਾਰਨ ਕੌਮ ਦੇ ਅੰਦਰੂਨੀ ਵਾਕਫ਼ੇ ਤੇ ਏਕਤਾ ਵਿਚ ਇਕ ਬਹੁਤ ਵੱਡੀ ਦਰਾਰ ਪੈਣ ਦਾ ਖ਼ਦਸ਼ਾ ਹੈ | ਉਨ੍ਹਾਂ ਪੱਤਰ ਵਿਚ ਮੰਗ ਕੀਤੀ ਹੈ ਕਿ ਕੌਮ ਵਿਚ ਪੈ ਰਹੀ ਇਸ ਦਰਾਰ ਅਤੇ ਖਾਨਾਜੰਗੀ ਨੂੰ ਰੋਕਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਰੰਤ ਇੱਕ ਸਾਂਝੀ ਕਮੇਟੀ ਦਾ ਗਠਨ ਕਰੇ, ਜਿਸ ਵਿਚ ਸਿੱਖ ਕਾਨੂੰਨਦਾਨ, ਵਿਦਵਾਨ ਅਤੇ ਸਾਰੀਆਂ ਪੰਥਕ ਜਥੇਬੰਦੀਆਂ ਦੇ ਨੁਮਾਇੰਦੇ ਸ਼ਾਮਲ ਹੋਣ, ਜੋ ਪੂਰੇ ਕਾਨੂੰਨ ਦੀ ਚੰਗੀ ਤਰ੍ਹਾਂ ਸਮੀਖਿਆ ਕਰਕੇ ਰਿਪੋਰਟ ਜਾਰੀ ਕਰੇ ਅਤੇ ਉਸ ਤੋਂ ਬਾਅਦ ਹੀ ਕੋਈ ਸਾਂਝਾ ਫੈਸਲਾ ਲਿਆ ਜਾਵੇ | ਸ. ਪੀਰ ਮੁਹੰਮਦ ਨੇ ਇਸ ਵਿਸ਼ੇਸ਼ ਪੱਤਰ ਦੇ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਪੂਰੇ ਪੰਜਾਬ ਅਤੇ ਦੇਸ਼ ਭਰ ਅੰਦਰ ਜਿੱਥੇ-ਜਿੱਥੇ ਵੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਪ੍ਰਕਾਸ਼ਮਾਨ ਹਨ ਜਾਂ ਸੁਖਆਸਨ ਅਸਥਾਨ ਬਣੇ ਹੋਏ ਹਨ, ਉਨ੍ਹਾਂ ਸਾਰੇ ਸਥਾਨਾਂ ਦੀ ਵਿਸ਼ੇਸ਼ ਜਾਂਚ-ਪੜਤਾਲ ਕਰਵਾਉਣ ਦੀ ਪੁਰਜ਼ੋਰ ਅਪੀਲ ਕੀਤੀ ਹੈ | ਉਨ੍ਹਾਂ ਪੱਤਰ ਵਿੱਚ ਲਿਖਿਆ ਹੈ ਕਿ ਇਸ ਪੜਤਾਲ ਰਾਹੀਂ ਇਹ ਯਕੀਨੀ ਬਣਾਇਆ ਜਾਵੇ ਕਿ ਹਰ ਗੁਰੂ ਘਰ ਵਿਚ ਸਥਾਨਕ ਪੱਧਰ 'ਤੇ ਪਹਿਰੇਦਾਰ ਕਮੇਟੀਆਂ ਗਠਿਤ ਹੋਣ ਤੇ ਸੁਰੱਖਿਆ ਲਈ ਚੌਵੀ ਘੰਟੇ ਤੀਜੀ ਅੱਖ ਯਾਨੀ ਗੁਪਤ ਚੱਲਣ ਵਾਲੇ ਕੈਮਰਿਆਂ ਦੇ ਪੁਖ਼ਤਾ ਪ੍ਰਬੰਧ ਮੌਜੂਦ ਹੋਣ | ਉਨ੍ਹਾਂ ਦੁਖੀ ਹਿਰਦੇ ਨਾਲ ਪ੍ਰਧਾਨ ਧਾਮੀ ਜੀ ਦੇ ਸਾਹਮਣੇ ਇਹ ਹਕੀਕਤ ਵੀ ਰੱਖੀ ਹੈ ਕਿ ਹੁਣ ਤੱਕ ਜਿੱਥੇ ਵੀ ਬੇਅਦਬੀ ਦੀਆਂ ਮੰਦਭਾਗੀਆਂ ਘਟਨਾਵਾਂ ਵਾਪਰੀਆਂ ਹਨ, ਉੱਥੇ ਪਾਵਨ ਸਰੂਪਾਂ ਵਾਲੇ ਅਸਥਾਨ ਬਿਲਕੁਲ ਸੁੰਨੇ ਸਨ | ਇਸ ਲਈ ਘਟਨਾ ਵਾਪਰਨ ਤੋਂ ਬਾਅਦ ਸਿਆਸੀ ਰੋਟੀਆਂ ਸੇਕਣ ਅਤੇ ਬਿਆਨਬਾਜ਼ੀ ਕਰਨ ਦੀ ਬਜਾਏ, ਘਟਨਾਵਾਂ ਨੂੰ ਵਾਪਰਨ ਤੋਂ ਰੋਕਣ ਲਈ ਪਹਿਲਾਂ ਹੀ ਸੁਰੱਖਿਆ ਪ੍ਰਬੰਧਾਂ ਵੱਲ ਸਭ ਤੋਂ ਜਿਆਦਾ ਧਿਆਨ ਦਿੱਤਾ ਜਾਵੇ | ਉਨ੍ਹਾਂ ਆਸ ਪ੍ਰਗਟਾਈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਇਸ ਸੰਵੇਦਨਸ਼ੀਲ ਮੁੱਦੇ ਨੂੰ ਸਿਆਸੀ ਲੀਡਰਾਂ ਦੀ ਵੋਟ ਰਾਜਨੀਤੀ ਦੀ ਭੇਟ ਚੜ੍ਹਨ ਤੋਂ ਬਚਾਉਣ ਲਈ ਇਨ੍ਹਾਂ ਸੁਝਾਵਾਂ 'ਤੇ ਤੁਰੰਤ ਯੋਗ ਕਾਰਵਾਈ ਅਮਲ 'ਚ ਲਿਆਉਣਗੇ |