ਮਜੀਠਾ, 31 ਮਈ (ਸਹਿਮੀ, ਸੋਖੀ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਤੇ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਆਗੂ ਬਲਵਿੰਦਰ ਸਿੰਘ ਮੁਕਾਮ ਵਲੋਂ ਹੋਰ ਕਿਸਾਨ ਆਗੂਆਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਸਮੇਤ ਪੁਲਿਸ ਥਾਣਾ ਮਜੀਠਾ ਅੱਗੇ ਸਾਂਝੇ ਤੌਰ 'ਤੇ ਰੋਸ ਧਰਨਾ ਲਗਾਇਆ ਗਿਆ | ਇਹ ਰੋਸ ਧਰਨਾ ਪਿੰਡ ਸੋਹੀਆਂ ਕਲਾਂ ਦੇ ਕਿਸਾਨ ਤੇ ਯੂਥ ਅਕਾਲੀ ਆਗੂ ਜੋਬਨਪ੍ਰੀਤ ਸਿੰਘ ਨੂੰ ਅੱਜ ਉਸ ਦੇ ਘਰ ਸੋਹੀਆਂ ਕਲਾਂ ਤੋ ਪੁਲਿਸ ਵਲੋਂ ਲਿਆ ਕੇ ਉਸ ਉਪਰ ਚੋਰੀ ਦਾ ਮੁਕਦਮਾ ਦਰਜ ਕਰਨ ਦੇ ਵਿਰੋਧ ਵਿਚ ਲਗਾਇਆ ਗਿਆ | ਧਰਨੇ ਦੌਰਾਨ ਬਿਕਰਮ ਸਿੰਘ ਮਜੀਠੀਆ ਨੇ ਮਜੀਠਾ ਪੁਲਿਸ 'ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਨਗਰ ਕੌਂਸਲ ਚੋਣਾਂ ਦੌਰਾਨ 'ਆਪ' ਵਰਕਰਾਂ ਨਾਲ ਹੋਈ ਲੜਾਈ ਤੋਂ ਬਾਅਦ ਰਾਜਸੀ ਬਦਲੇ ਲੈਣ ਲਈ ਇਹ ਝੂਠਾ ਪਰਚਾ ਦਰਜ ਕੀਤਾ ਗਿਆ ਹੈ | ਮਜੀਠੀਆ ਨੇ ਇਹ ਵੀ ਖੁਲਾਸਾ ਕੀਤਾ ਕਿ ਥਾਣਾ ਮਜੀਠਾ ਵਿਖੇ ਨਵ-ਨਿਯੁਕਤ ਐੱਸ. ਐੱਚ. ਓ. ਨਰੇਸ਼ ਕੁਮਾਰ, ਜੋ ਪਹਿਲਾਂ ਵੀ ਵਿਵਾਦਾਂ ਵਿਚ ਰਿਹਾ ਹੈ, ਨੂੰ ਜਾਣ ਬੁਝ ਕੇ ਇੱਥੇ ਤਾਇਨਾਤ ਕੀਤਾ ਗਿਆ ਹੈ ਤਾਂ ਜੋ ਵਿਰੋਧੀਆਂ ਉਤੇ ਦਬਾਅ ਬਣਾਇਆ ਜਾ ਸਕੇ | ਉਨ੍ਹਾਂ ਦੱਸਿਆ ਕਿ ਜੋਬਨਪ੍ਰੀਤ ਸਿੰਘ ਨਗਰ ਕੌਂਸਲ ਚੋਣਾਂ ਦੌਰਾਨ ਦੋ ਨੰਬਰ ਵਾਰਡ ਤੋ ਸ਼੍ਰੋਮਣੀ ਅਕਾਲੀ ਦਲ ਦਾ ਪੋਲਿੰਗ ਏਜੰਟ ਸੀ ਅਤੇ ਉਸ ਨੂੰ ਨਿਸ਼ਾਨਾ ਬਣਾ ਕੇ ਚੈਨੀ ਚੋਰੀ ਦਾ ਝੂਠਾ ਮਾਮਲਾ ਦਰਜ ਕੀਤਾ ਗਿਆ ਹੈ | ਇਸ ਮੌਕੇ ਬਲਵਿੰਦਰ ਸਿੰਘ ਮੁਕਾਮ ਨੇ ਦੱਸਿਆ ਕਿ ਉਕਤ ਮਾਮਲੇ ਦੀ ਨਿਰਪੱਖ ਜਾਂਚ ਕਰਾਉਣ ਦਾ ਵਿਸ਼ਵਾਸ ਦਿਵਾਉਣ 'ਤੇ ਧਰਨਾਕਾਰੀਆਂ ਨੇ ਧਰਨਾ ਖਤਮ ਕਰ ਦਿੱਤਾ | ਇਸ ਧਰਨੇ ਵਿਚ ਵੱਡੀ ਗਿਣਤੀ 'ਚ ਅਕਾਲੀ ਦਲ ਦੇ ਵਰਕਰਾਂ ਤੇ ਕਿਸਾਨਾਂ ਨੇ ਵੀ ਭਾਗ ਲਿਆ |